ਭੁਬਨੇਸ਼ਵਰ : ਉਡੀਸ਼ਾ ‘ਚ ਲਗਭਗ 60,000 ਆਂਗਣਵਾੜੀ ਕੇਂਦਰਾਂ ਨੂੰ ਬੰਦ ਕਰਦੇ ਹੋਏ ਆਂਗਣਵਾੜੀ ਵਰਕਰਾਂ ਨੂੰ ਸਰਕਾਰੀ ਵਰਕਰਾਂ ਦਾ ਦਰਜਾ ਦੇਣ ਅਤੇ ਉਨ੍ਹਾਂ ਦੇ ਮਿਹਨਤਾਨੇ ‘ਚ ਵਾਧੇ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨੇ ‘ਤੇ ਹਨ | ਸੂਬੇ ਦੇ ਵੱਖ-ਵੱਖ ਹਿੱਸਿਆ ‘ਚ ਆਂਗਣਵਾੜੀ ਵਰਕਰਾਂ ਨੇ ਭੁਬਨੇਸ਼ਵਰ ‘ਚ ਪ੍ਰਦਰਸ਼ਨ ਕੀਤਾ ਅਤੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਵਿਧਾਨ ਸਭਾ ਕੋਲ ਧਰਨਾ ਦਿੱਤਾ | ਆਲ ਉਡੀਸ਼ਾ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਸੁਮਿੱਤਰਾ ਮਹਾਪਾਤਰਾ ਨੇ ਕਿਹਾ ਕਿ ਸਾਡੀ 5000 ਰੁਪਏ ਪੈਨਸ਼ਨ ਦੀ ਮੰਗ ਨੂੰ ਵੀ ਪੂਰਾ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆ ਤਾਂ ਸਾਡੇ ਵੱਲੋਂ ਹੜਤਾਲ ਖ਼ਤਮ ਨਹੀਂ ਕੀਤੀ ਜਾਵੇਗੀ | ਉਨ੍ਹਾਂ ਦੀ ਮੰਗ ‘ਚ ਨੌਕਰੀ ਸਮੇਂ ਮੌਤ ਹੋਣ ‘ਤੇ ਆਂਗਣਵਾੜੀ ਵਰਕਰਾਂ ਦੇ ਪਰਵਾਰ ਵਾਲਿਆਂ ਨੂੰ ਪੰਜ ਲੱਖ ਰੁੁਪਏ ਦਾ ਮੁਆਵਜਾ ਦੇਣਾ ਵੀ ਸ਼ਾਮਲ ਹੈ | ਮਹਾਪਾਤਰਾ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ 24 ਘੰਟੇ ਕੰਮ ਕਰਨ ਤੋਂ ਬਾਅਦ ਵੀ ਮਹੀਨੇ ਦੇ 7500 ਰੁਪਏ ਮਿਲਦੇ ਹਨ |
ਆਂਗਣਵਾੜੀ ਮਹਾਂਸੰਘ ਦੀ ਜਥੇਬੰਦਕ ਸਕੱਤਰ ਅੰਜਲੀ ਪਟੇਲ ਨੇ ਕਿਹਾ ਕਿ ਅਸੀਂ ਆਪਣੀਆ ਮੰਗਾਂ ਦੇ ਸਮਰਥਨ ‘ਚ ਸੂਬਾ ਸਰਕਾਰ ਨੂੰ ਕਰੀਬ 100 ਚਿੱਠੀਆਂ ਲਿਖੀਆਂ, ਪਰ ਸਰਕਾਰ ਨੇ ਇੱਕ ਵੀ ਚਿੱਠੀ ਦਾ ਜਵਾਬ ਨਹੀਂ ਦਿੱਤਾ | ਉਲਟਾ ਸਰਕਾਰ ਨੇ ਸਾਡਾ ਅਪਮਾਨ ਕੀਤਾ ਅਤੇ ਸਾਡੇ ‘ਤੇ ਹੋਰ ਭਾਰ ਪਾ ਦਿੱਤਾ | ਅਸੀਂ ਸਰਕਾਰ ਨੂੰ 15 ਦਿਨ ਦਾ ਨੋਟਿਸ ਦੇ ਕੇ ਆਖਰ ਹੜਤਾਲ ‘ਤੇ ਆ ਗਏ |