ਕਮਿਊਨਿਸਟ ਸਿਧਾਂਤ ਵਿਰੁੱਧ ਭੰਡੀ ਪ੍ਰਚਾਰ ‘ਚ ਗਲਤਾਨ ਹੈ ਮੋਦੀ ਲਾਣਾ : ਬੰਤ ਬਰਾੜ

0
320

ਸ਼ਾਹਕੋਟ (ਗਿਆਨ ਸੈਦਪੁਰੀ)-ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਆਰ ਐੱਸ ਐੱਸ ਵੱਲੋਂ ਮੋਦੀ ਨੂੰ ਮੋਹਰੇ ਲਾ ਕੇ 2014 ਵਿੱਚ ਕੇਂਦਰੀ ਸੱਤਾ ਸੰਭਾਲਣ ਦੇ ਵਰਤਾਰੇ ਨੂੰ ਮੁਲਕ ਲਈ ਮੰਦਭਾਗਾ ਦੱਸਦਿਆਂ ਕਾਂਗਰਸ ਸਮੇਤ ਦੂਸਰੀਆਂ ਵਿਰੋਧੀ ਪਾਰਟੀਆਂ ਦੀਆਂ ਘਾਟਾਂ-ਕਮਜ਼ੋਰੀਆਂ ‘ਤੇ ਉਂਗਲ ਧਰਦਿਆਂ ਫਾਸ਼ੀਵਾਦ ਤੇ ਵੰਡ-ਪਾਊ ਲਾਣੇ ਤੋਂ ਖਹਿੜਾ ਛਡਾਉਣ ਲਈ ਸਾਂਝੇ ਸੰਘਰਸ਼ਾਂ ਦਾ ਪਿੜ ਮੱਲਣ ਦਾ ਜ਼ੋਰਦਾਰ ਸੱਦਾ ਦਿੱਤਾ ਹੈ | ਉਨ੍ਹਾ ਇੱਕ ਦਹਾਕੇ ਤੱਕ ਚੱਲੇ ਕਾਲੇ ਦੌਰ ਦੌਰਾਨ ਪੰਜਾਬੀਆਂ ਦੇ ਹੋਏ ਘਾਣ ਨੂੰ ਚੇਤੇ ਕਰਦਿਆਂ ਪੰਜਾਬ ਨੂੰ ਮੁੜ ਤੀਲ੍ਹੀ ਲਾਉਣ ਦੇ ਆਰ ਐੱਸ ਐੱਸ ਦੇ ਮਨਸੂਬਿਆਂ ਨੂੰ ਪਛਾੜਨ ਦਾ ਹੋਕਾ ਵੀ ਦਿੱਤਾ | ਉਹ 1988 ਵਿੱਚ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਕਮਿਊਨਿਸਟ ਪਾਰਟੀ ਅਤੇ ਕਿਸਾਨ ਸਭਾ ਦੇ ਆਗੂ ਰਹੇ ਕਾਮਰੇਡ ਅਜੀਤ ਸਿੰਘ ਗਦਰਾ ਦੀ 33ਵੀਂ ਬਰਸੀ ਮੌਕੇ ਸਵਰਨ ਸਿੰਘ ਅਕਲਪੁਰੀ, ਤਰਸੇਮ ਸਿੰਘ ਜੰਡਿਆਲਾ ਅਤੇ ਰਛਪਾਲ ਸਿੰਘ ਬੜਾ ਪਿੰਡ ਦੀ ਪ੍ਰਧਾਨਗੀ ਹੇਠ ਪਿੰਡ ਗਦਰਾ ਵਿੱਚ ਹੋਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾ ਕਿਹਾ ਕਿ ਅੰਗਰੇਜ਼ਾਂ ਦੇ ਪਿੱਠੂ ਰਹੇ ਲੋਕ ਅੱਜ ਮੁਲਕ ਦੇ ਹਾਕਮ ਬਣੇ ਹੋਏ ਹਨ | ਸ੍ਰੀ ਬਰਾੜ ਨੇ ਕਿਹਾ ਕਿ ਦੇਸ਼ ਵੰਡ ਵੀ ਇਨ੍ਹਾਂ ਲੋਕਾਂ ਨੇ ਹੀ ਕਰਵਾਈ ਸੀ | ਇਨ੍ਹਾਂ ਨੇ ਹੀ ਦੋ ਦੇਸ਼ਾਂ ਦੀ ਥਿਊਰੀ ਨੂੰ ਪ੍ਰਚਾਰਿਆ ਸੀ ਤੇ ਸਾਵਰਕਰ ਵਰਗਿਆਂ ਨੂੰ ਇਸ ਦੇ ਸਿਧਾਂਤਕਾਰ ਵਜੋਂ ਸ਼ਿੰਗਾਰਿਆ ਸੀ | ਦੇਸ਼ ਦੀ ਹਕੂਮਤ ਸਾਂਭਣ ਵਾਲੇ ਇਹ ਲੋਕ ਦੇਸ਼ ਖਾਤਰ ਜਾਨਾਂ ਵਾਰਨ ਵਾਲੇ ਗਦਰੀਆਂ, ਬੱਬਰ ਅਕਾਲੀਆਂ ਅਤੇ ਕਮਿਊਨਿਸਟਾਂ ਦੇ ਦੁਸ਼ਮਣ ਹਨ | ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਡਾ. ਅੰਬੇਡਕਰ ਦੇ ਸਿਧਾਂਤਾਂ ਨੂੰ ਤਿਲਾਂਜਲੀ ਦੇ ਰਿਹਾ ਮੋਦੀ ਲਾਣਾ ਕਮਿਊਨਿਸਟ ਸਿਧਾਂਤ ਦੇ ਵਿਰੁੱਧ ਵੀ ਬੇਹਯਾਈ ਨਾਲ ਭੰਡੀ ਪ੍ਰਚਾਰ ਵਿੱਚ ਗਲਤਾਨ ਹੈ | ਉਨ੍ਹਾ ਕਿਹਾ ਕਿ ਲੋਕਾਂ ਵੱਲੋਂ ਜੋਕਾਂ ਵਿਰੁੱਧ ਜਾਰੀ ਜੰਗ ਨੂੰ ਧਰਮਾਂ ਤੇ ਜਾਤਾਂ-ਪਾਤਾਂ ਦੀ ਲੜਾਈ ਵਿੱਚ ਬਦਲਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ | ਕਮਿਊਨਿਸਟ ਆਗੂ ਨੇ ਇਨ੍ਹਾਂ ਚਾਲਾਂ ਨੂੰ ਅਸਫਲ ਕਰਨ ਲਈ ਅੰਮਿ੍ਤਸਰ ਤੋਂ ਮਦਰਾਸ ਤੱਕ ਸਾਂਝੀ ਲੜਾਈ ਦੇ ਮਹੱਤਵ ‘ਤੇ ਜ਼ੋਰ ਦਿੱਤਾ |
ਪੰਜਾਬ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਬਰਾੜ ਨੇ ਕਿਹਾ ਕਿ ਲੋਕਾਂ ਦੇ ਹੀਰੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਿਰੁੱਧ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਧਾ ਹਮਲਾ ਕਰ ਕੇ ਲੋਕਾਂ ਦੀ ਤੌਹੀਨ ਕੀਤੀ ਜਾ ਰਹੀ ਹੈ | ਇੱਥੇ ਗੈਂਗਸਟਰ ਖੁੰਬਾਂ ਵਾਂਗ ਉੱਗ ਰਹੇ ਹਨ | ਪੰਜਾਬ ਸਰਕਾਰ ਕੋਲੋਂ ਇਹ ਕਾਬੂ ਨਹੀ ਕੀਤੇ ਜਾ ਰਹੇ ਜਾਂ ਫਿਰ ਇਹ ਕਾਬੂ ਕਰਨਾ ਹੀ ਨਹੀਂ ਚਾਹੁੰਦੀ | ਪੰਜਾਬ ਦੇ ਉਜਾੜੇ ਦੀ ਤਸਵੀਰ ਪੇਸ਼ ਕਰਦਿਆਂ ਉਹਨਾ ਕਿਹਾ ਕਿ ਆਪਣੀਆਂ ਜ਼ਮੀਨਾਂ ਵੇਚ ਕੇ ਲੋਕ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਹਨ | ਬੇਰੁਜ਼ਗਾਰੀ ਦਾ ਦੈਂਤ ਹੋਰ ਵੱਡਾ ਹੁੰਦਾ ਜਾ ਰਿਹਾ ਹੈ | ਇਸ ਦੈਂਤ ਤੋਂ ਡਰਦੀ ਹੁਨਰਮੰਦ ਨੌਜਵਾਨੀ ਵੀ ਮੁਲਕ ਛੱੜਣ ਲਈ ਮਜਬੂਰ ਹੈ | ਕੈਨੇਡਾ ਵਰਗੇ ਦੇਸ਼ਾਂ ਵਿੱਚ ਗਏ ਜਵਾਨ ਧੀਆਂ-ਪੁੱਤਰਾਂ ਨੂੰ ਮਿਲਣ ਲਈ ਤਰਸਦੇ ਹੀ ਕਈ ਮਾਪੇ ਜਹਾਨ ਛੱਡ ਰਹੇ ਹਨ |
ਕਮਿਊਨਿਸਟ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦੇ ਫਲਸਫੇ ਨੂੰ ਲੋਕਾਂ ਕੋਲੋਂ ਦੂਰ ਕੀਤਾ ਜਾ ਰਿਹਾ ਹੈ | ਬਾਬੇ ਨਾਨਕ ਦੇ ‘ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ’ ਦੇ ਸਿਧਾਂਤ ਨੂੰ ਪਿੱਠ ਦਿੱਤੀ ਜਾ ਰਹੀ ਹੈ | ਭਾਈ ਲਾਲੋਆ ਦੇ ਪੰਥ ਨੂੰ ਮਲਿਕ ਭਾਗੋਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ | ਸਿੱਖੀ ਦੇ ਨਾਂਅ ‘ਤੇ ਕੀਤੇ ਜਾ ਰਹੇ ਭੜਕਾਊ ਪ੍ਰਚਾਰ ਕਰਨ ਵਾਲਿਆਂ ਨੂੰ ਨਸੀਹਤ ਦਿੰਦਿਆਂ ਸ੍ਰੀ ਬਰਾੜ ਨੇ ਯਾਦ ਕਰਵਾਇਆ ਕਿ ਬਾਬੇ ਨਾਨਕ ਨੇ ਹਰਿਦੁਵਾਰ ਅਤੇ ਮੱਕੇ ਜਾ ਕੇ ਸੰਵਾਦ ਰਾਹੀਂ ਆਪਣੀ ਗੱਲ ਮੰਨਵਾਈ ਸੀ | ਉਹ ਉੱਥੇ ਹਥਿਆਰ ਲੈ ਕੇ ਨਹੀਂ ਗਏ ਸਨ | ਉਨ੍ਹਾ ਪੰਜਾਬ ਦੇ ਹਿੱਤਾਂ ਲਈ ਵੱਖ-ਵੱਖ ਲੜਾਈ ਦੇ ਰਹੀਆਂ ਧਿਰਾਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਸਾਨ ਅੰਦੋਲਨ ਦੀ ਉਦਾਹਰਨ ਦਿੱਤੀ | ਉਨ੍ਹਾ ਕਿਹਾ ਕਿ ਇਸ ਅੰਦੋਲਨ ਨੇ ਮੋਦੀ ਸਰਕਾਰ ਨੂੰ ਕੰਬਣ ਲਾ ਦਿੱਤਾ ਸੀ, ਕਿਉਂਕਿ ਇਹ ਅੰਦੋਲਨ ਸਾਂਝੀ ਸੁਰ ਨਾਲ ਅੱਗੇ ਵਧ ਕੇ ਜਿੱਤ ਤੱਕ ਪਹੁੰਚਿਆ ਸੀ |
ਸ਼ਰਧਾਂਜਲੀ ਸਮਾਗਮ ਨੂੰ ਸੀ ਪੀ ਆਈ ਤਹਿਸੀਲ ਸ਼ਾਹਕੋਟ/ਨਕੋਦਰ ਦੇ ਸਕੱਤਰ ਚਰਨਜੀਤ ਥੰਮੂਵਾਲ, ਤਹਿਸੀਲ ਫਿਲੌਰ ਦੇ ਸਕੱਤਰ ਰਛਪਾਲ ਕੈਲੇ, ਸੀ ਪੀ ਆਈ ਤਹਿਸੀਲ ਜਲੰਧਰ ਦੇ ਸਕੱਤਰ ਹਰਜਿੰਦਰ ਮੌਜੀ, ਸੀ ਪੀ ਆਈ (ਐੱਮ) ਫਿਲੌਰ ਦੇ ਸਕੱਤਰ ਮਾਸਟਰ ਪ੍ਰਸ਼ੋਤਮ ਬਿਲਗਾ, ਪੰਜਾਬ ਰੋਡਵੇਜ਼ ਆਗੂ ਜਸਵਿੰਦਰ ਜੰਡਿਆਲਾ, ਬਾਬਾ ਭਗਤ ਸਿੰਘ ਬਿਲਗਾ ਦੇ ਪੁੱਤਰ ਕੁਲਬੀਰ ਸਿੰਘ ਸੰਘੇੜਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸਿੰਕਦਰ ਸਿੰਘ ਸੰਧੂ ਅਤੇ ਵੀਰ ਸਿੰਘ ਕਰਤਾਰਪੁਰ ਨੇ ਵੀ ਸੰਬੋਧਨ ਕੀਤਾ |
ਸਮਾਗਮ ਵਿੱਚ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਵੱਲੋਂ ਬੀਬਾ ਕੁਲਵੰਤ ਦੀ ਅਗਵਾਈ ਵਿੱਚ ਗਮਨੂੰ ਬਾਂਸਲ ਦੀ ਨਿਰਦੇਸ਼ਨਾ ਹੇਠ ਕੋਰੀਓਗ੍ਰਾਫੀ ‘ਭਗਤ ਸਿੰਘ ਦੀ ਘੋੜੀ’ ਅਤੇ ਨਾਟਕ ‘ਇੱਕ ਸੀ ਕਾਂ ਇੱਕ ਸੀ ਚਿੜੀ’ ਦੀ ਸਫਲ ਪੇਸ਼ਕਾਰੀ ਹੋਈ | ਸਮਾਗਮ ਵਿੱਚ ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ | ਕਾਮਰੇਡ ਅਜੀਤ ਸਿੰਘ ਗਦਰਾ ਦੇ ਪੁੱਤਰ ਹਰਬੰਤ ਸਿੰਘ ਗਦਰਾ ਨੇ ਸਭ ਦਾ ਧੰਨਵਾਦ ਕੀਤਾ | ਸਮਾਗਮ ਦੇ ਸ਼ੁਰੂ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਕਾਮਰੇਡ ਗਦਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸ਼ਹੀਦੀ ਯਾਦਗਾਰ ‘ਤੇ ਝੰਡਾ ਲਹਿਰਾਉਣ ਦੀ ਰਸਮ ਕੁਲਬੀਰ ਸਿੰਘ ਸੰਘੇੜਾ ਨੇ ਨਿਭਾਈ |
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮਹਿੰਦਰ ਪਾਲ ਮੋਹਾਲੀ, ਬਾਬਾ ਭਗਤ ਸਿੰਘ ਬਿਲਗਾ ਦੀ ਨੂੰ ਹ ਸੁਰਿੰਦਰ ਕੌਰ ਬਿਲਗਾ, ਰਣਜੀਤ ਸਿੰਘ ਔਲਖ, ਸੰਤੋਸ਼ ਬਰਾੜ, ਰੂੜਾ ਰਾਮ ਪਰਜੀਆਂ, ਕਰਮਜੀਤ ਜੰਡਿਆਲਾ, ਚਰਨਜੀਤ ਜੰਡਿਆਲਾ, ਸੱਤਪਾਲ ਭਗਤ, ਗੁਰਜੀਤ ਸਿੰਘ ਫਤਿਹਪੁਰ ਅਤੇ ਮਾਸਟਰ ਨਰਿੰਦਰ ਕੁਮਾਰ ਸੈਦਪੁਰ ਵੀ ਸ਼ਾਮਲ ਸਨ |

LEAVE A REPLY

Please enter your comment!
Please enter your name here