ਕਾਨੂੰਨੀ ਅੜਚਨਾਂ ਤੋਂ ਸੁਚੇਤ ਕਰਦੀ ‘ਪੇਂਡੂ ਅਬਾਦੀ ਲਈ ਕਾਨੂੰਨੀ ਰਾਹ’ ਸਲਾਹੁਣਯੋਗ ਕਾਰਜ : ਚਾਨਾ

0
272

ਜਲੰਧਰ (ਰਾਜੇਸ਼ ਥਾਪਾ) -”ਸ਼ਬਦ ਜਦੋਂ ਅਨੁਭਵ ਤੇ ਵਿਚਾਰ ਨਾਲ ਜੁੜ ਕੇ ਰੂਪ ਧਾਰਨ ਕਰਦੇ ਨੇ, ਤਾਂ ਸਮਾਜਕ ਸਰੋਕਾਰਾਂ ਵਾਲਾ ਸਾਹਿਤ ਪੈਦਾ ਹੁੰਦਾ ਹੈ | ਕੁਝ ਅਜਿਹਾ ਵੀ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਹੁਰਾਂ ਦੀ ਕਿਤਾਬ ‘ਪੇਂਡੂ ਅਬਾਦੀ ਲਈ ਕਨੂੰਨੀ ਰਾਹ’ ਨਾਲ ਘਟਿਆ ਹੈ | ਇਹ ਕਿਤਾਬ ਇਸੇ ਕਰਕੇ ਲੋਕ ਸਰੋਕਾਰਾਂ ਦੀ ਕਿਤਾਬ ਹੋ ਗਈ ਹੈ |” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਚਿੰਤਕ ਸਤਨਾਮ ਚਾਨਾ ਨੇ ਸਥਾਨਕ ਵਿਰਸਾ ਵਿਹਾਰ ‘ਚ ਕਿਤਾਬ ਉਪਰ ਚਰਚਾ ਦੌਰਾਨ ਕੀਤਾ | ਉਹਨਾ ਕਿਹਾ ਕਿ ਲੋਕਾਂ ਨੂੰ ਕਨੂੰਨੀ ਅੜਚਨਾਂ ਤੋਂ ਸੁਚੇਤ ਕਰਨਾ ਤੇ ਉਹ ਵੀ ਸਾਹਿਤਕ ਭਾਸ਼ਾ ‘ਚ, ਇੱਕ ਸਲਾਹੁਣਯੋਗ ਕਾਰਜ ਹੈ | ਸਾਹਿਤਕ ਤੇ ਸੱਭਿਆਚਾਰਕ ਸੰਸਥਾ ਫੁਲਕਾਰੀ ਵੱਲੋਂ ਸੰਬੰਧਤ ਕਿਤਾਬ ਉਪਰ ਗੋਸ਼ਟੀ ਕਰਵਾਈ ਗਈ | ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਜਗਤਾਰ ਸਿੰਘ ਸੰਘੇੜਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਨੂੰਨ ਬਾਰੇ ਮਾਂ ਬੋਲੀ ਪੰਜਾਬੀ ਵਿੱਚ ਇੰਝ ਸਾਦਾ ਭਾਸ਼ਾ ਵਿੱਚ ਜਾਣਕਾਰੀ ਦੇਣਾ ਆਪਣੇ ਆਪ ‘ਚ ਵੱਡਾ ਕਾਰਜ ਹੈ | ਉਹਨਾ ਕਿਹਾ ਕਿ ਲੋਕਾਂ ਨੂੰ ਕਨੂੰਨੀ ਪੇਚੀਦਗੀ ਕਾਰਨ ਹੀ ਲੁੱਟਿਆ ਜਾ ਰਿਹਾ ਹੈ | ਜਦੋਂ ਇਹ ਕਨੂੰਨ ਸਾਦਾ ਤਰੀਕੇ ਨਾਲ ਲੋਕਾਂ ਦੀ ਸਮਝ ਦਾ ਹਿੱਸਾ ਬਣਨਗੇ ਤਾਂ ਹੀ ਲੁੱਟ ਘੱਟ ਕੀਤੀ ਜਾ ਸਕੇਗੀ |
ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਸਾਡੇ ਸਰੋਕਾਰ ਗਲੋਬਲੀ ਵੀ ਨੇ, ਦੇਸ਼ ਪੱਧਰ ਦੇ ਵੀ ਹਨ, ਜਿਸ ਕਰਕੇ ਸਾਨੂੰ ਇਹਨਾਂ ਉਪਰਾਲਿਆਂ ਦੇ ਸਮਾਜਕ ਮਹੱਤਵ ਨੂੰ ਸਮਝਣ ਦੀ ਜ਼ਰੂਰਤ ਹੈ | ਅੱਜ ਜਦੋਂ ਸਾਡੀਆਂ ਪਛਾਣਾਂ ਖਤਰੇ ‘ਚ ਹਨ, ਤਾਂ ਭਾਸ਼ਾ ਦੀ ਪੱਧਰ ਉਪਰ ਕਨੂੰਨੀ ਗੱਲਬਾਤ ਦਾ ਪੰਜਾਬੀ ਵਿੱਚ ਆਉਣਾ ਧੰਨਭਾਗ ਹੈ | ਪੱਤਰਕਾਰ ਸ਼ਾਂਤੀ ਦੂਤ ਨੇ ਕਿਹਾ ਕਿ ਇਸ ਕਿਤਾਬ ਦਾ ਪ੍ਰਸਾਰ ਪੰਜਾਬ ਭਰ ਵਿੱਚ ਹੋਣਾ ਚਾਹੀਦਾ ਹੈ ਤੇ ਇਹ ਹਰ ਤਰੀਕੇ ਪੇਂਡੂ ਪੰਜਾਬੀ ਤੱਕ ਪਹੁੰਚਣੀ ਚਾਹੀਦੀ ਹੈ | ਚਰਚਾ ‘ਚ ਹਿੱਸਾ ਲੈਂਦਿਆਂ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਪੇਂਡੂ ਲੋਕਾਂ ‘ਚ ਇਵੇਂ ਕਨੂੰਨ ਦਾ ਪ੍ਰਸਾਰ ਗਦਰੀ ਦੇਸ਼ ਭਗਤਾਂ ਦੀ ਵਿਰਾਸਤ ਦਾ ਹਿੱਸਾ ਹੈ | ਮੱਖਣ ਮਾਨ ਹੁਰਾਂ ਨੇ ਕਿਤਾਬ ਦੇ ਪ੍ਰਸੰਗਿਕ ਪਸਾਰਾਂ ਦੀ ਗੱਲ ਤੋਰਦਿਆਂ ਕਿਹਾ ਕਿ ਖਾਸ ਕਰਕੇ ਖੇਤੀ ਵਾਲੀ ਜ਼ਮੀਨ ‘ਤੇ ਸਰਕਾਰੀ ਨਿਸ਼ਾਨਦੇਹੀਆਂ ਵੇਲੇ ਇਹਨਾਂ ਨਿੱਕੇ-ਨਿੱਕੇ ਨੁਕਤਿਆਂ ਕਾਰਨ ਹੀ ਲੋਕ ਪਰੇਸ਼ਾਨ ਹੁੰਦੇ ਨੇ ਤੇ ਇਹ ਕਿਤਾਬ ਇਹਨਾਂ ਨੁਕਤਿਆਂ ਨੂੰ ਸਮਝਣ ਲਈ ਕਾਰਗਰ ਰਹੇਗੀ | ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਮੈਂ ਇਹ ਕਿਤਾਬ ਆਪਣੀ ਮਾਂ ਬੋਲੀ ਦੀ ਸੇਵਾ ਤੇ ਵਿਰਾਸਤ ‘ਚ ਮਿਲੀ ਲੋਕ ਸੇਵਾ ਕਰਕੇ ਹੀ ਸੰਪੂਰਨ ਕਰ ਸਕਿਆ ਹਾਂ | ਇਸ ਸਮਾਗਮ ‘ਚ ਵਿਚਾਰ ਪੇਸ਼ ਕਰਨ ਵਾਲਿਆਂ ‘ਚ ਪ੍ਰੋ. ਗੋਪਾਲ ਬੁੱਟਰ, ਮੋਹਨ ਲਾਲ ਫਿਲੌਰੀਆ, ਪਰਮਿੰਦਰ ਸਿੰਘ ਢੀਂਗਰਾ, ਨਵਜੋਤ ਸਿੰਘ ਤੇ ਐਡਵੋਕੇਟ ਰਜਿੰਦਰ ਮੰਡ ਵੀ ਸ਼ਾਮਲ ਸਨ | ਸਮਾਗਮ ਦਾ ਸੰਚਾਲਨ ਦੇਸ ਰਾਜ ਕਾਲੀ ਨੇ ਕੀਤਾ | ਹਾਜ਼ਰ ਲੋਕਾਂ ‘ਚ ਸੱਤਪਾਲ ਭਗਤ, ਸੀਤਲ ਸਿੰਘ ਸੰਘਾ, ਵਿਜੇ ਬੰਬੇਲੀ, ਰਣਜੀਤ ਸਿੰਘ, ਕਰਮਪਾਲ ਸਿੰਘ ਗਿੱਲ, ਜੋਗਿੰਦਰ ਸੰਧੂ, ਗੁਰਨਾਮ ਸਿੰਘ, ਮਾਨਵ, ਸੁਨੀਲ ਬੋਪਾਰਾਏ, ਮਾਸਟਰ ਗੁਣਦੇਵ ਸਿੰਘ, ਪਰਮਜੀਤ ਕੁਮਾਰ, ਸਰਪੰਚ ਮਹਿੰਦਰ ਕੌਰ, ਹਰਦੀਪ ਕੌਰ ਮੰਡ, ਸੈਲੇਸ਼, ਪਰਮਜੀਤ ਕਲਸੀ, ਸਵਰਨ ਸਿੰਘ ਟਹਿਣਾ ਤੇ ਪਰਮਜੀਤ ਪੰਮੀ ਆਦਿ ਸ਼ਾਮਲ ਸਨ |

LEAVE A REPLY

Please enter your comment!
Please enter your name here