ਅੰਮਿ੍ਤਸਰ (ਜਸਬੀਰ ਸਿੰਘ ਪੱਟੀ)-ਬਦਕਾਰੀ ਦੇ ਦੋਸ਼ ਵਿੱਚ ਪੰਥ ਵਿੱਚੋਂ ਛੇਕੇ ਗਏ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੂੰ ਸ਼ਨੀਵਾਰ ਸ੍ਰੀ ਅਕਾਲ ਤਖਤ ਤੋਂ ਤਨਖਾਹੀਆ ਕਰਾਰ ਦੇ ਕੇ ਪੰਜ ਸਿੰਘ ਸਾਹਿਬਾਨ ਨੇ 21 ਦਿਨ ਦੀ ਤਨਖਾਹ ਲਗਾਈ | ਹਰ ਰੋਜ਼ ਸੰਗਤਾਂ ਦੇ ਭਾਂਡੇ ਮਾਂਜਣੇ, ਕੀਰਤਨ ਸੁਣਨਾ ਤੇ ਕਿਸੇ ਇੱਕ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੁਰੂ ਦੀਆਂ ਵਾਰਾਂ ਗਾ ਕੇ ਗੁਰੂ ਦੀ ਮਹਿਮਾ ਕਰਨ ਵਾਲਿਆਂ ਢਾਡੀ ਜਥਿਆਂ ਲਈ ਘਰੋਂ ਲੰਗਰ ਤਿਆਰ ਕਰਕੇ ਲਿਆ ਕੇ ਛਕਾਉਣਾ ਤੇ ਜਿੰਨੇ ਵੀ ਢਾਡੀ ਜਥੇ ਲੱਗਣ, ਸਾਰਿਆਂ ਨੂੰ 5100-5100 ਰੁਪਏ ਦੀ ਭੇਟਾ ਦੇਣ ਦਾ ਫੁਰਮਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੁਣਾਇਆ, ਜਿਸ ਨੂੰ ਸੁੱਚਾ ਸਿੰਘ ਲੰਗਾਹ ਨੇ ਗਲ ਵਿੱਚ ਪੱਲਾ ਪਾ ਕੇ ਕਬੂਲ ਕਰਦਿਆ ਕਿਹਾ ਕਿ ਉਸ ਕੋਲੋਂ ਬੱਜਰ ਗਲਤੀ ਹੋਈ ਹੈ ਤੇ ਉਹ ਅਕਾਲ ਤਖਤ ਸਾਹਿਬ ਤੋਂ ਜਾਰੀ ਫੁਰਮਾਨ ਦੀ ਇਨ-ਬਿਨ ਪਾਲਣਾ ਕਰਨ ਦਾ ਪਾਬੰਦ ਹੈ |
ਸ਼੍ਰੋਮਣੀ ਅਕਾਲੀ ਦਲ ਦੀਆਂ ਸਫਾਂ ਵਿੱਚ ਆਪਣੀ ਵਿਸ਼ੇਸ਼ ਪੈਂਠ ਰੱਖਣ ਵਾਲੇ ਸੁੱਚਾ ਸਿੰਘ ਲੰਗਾਹ ‘ਤੇ 2017 ਵਿੱਚ ਉਸ ਵੇਲੇ ਗਾਜ਼ ਡਿੱਗੀ, ਜਦੋਂ ਉਸ ਦੀ ਇੱਕ ਅਸ਼ਲੀਲ਼ ਵੀਡੀਓ ਜੰਗਲ ਦੀ ਅੱਗ ਵਾਂਗ ਸੋਸ਼ਲ ਮੀਡੀਏ ‘ਤੇ ਵਾਇਰਲ ਹੋ ਗਈ ਤੇ ਚਾਰੇ ਪਾਸੇ ਲੰਗਾਹ ਨੂੰ ਲੈ ਕੇ ਕਾਫੀ ਤੱਤੇ-ਤੱਤੇ ਬਿਆਨ ਵੱਖ-ਵੱਖ ਪਾਰਟੀਆਂ ਦੇ ਆਉਣੇ ਸ਼ੁਰੂ ਹੋ ਗਏ ਸਨ | ਅਕਾਲੀ ਦਲ ਨੇ ਤੁਰੰਤ ਉਸ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਤੇ ਅਕਾਲ਼ ਤਖਤ ‘ਤੇ ਵੀ ਪੰਜ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਤੱਤਕਾਲ ਬੁਲਾ ਕੇ ਲੰਗਾਹ ਨੂੰ ਪੰਥ ਵਿੱਚੋ ਛੇਕ ਦਿੱਤਾ | ਪੁਲਸ ਨੇ ਵੀ ਧਾਰਾ 376 ਤਹਿਤ ਕੇਸ ਦਰਜ ਕਰਕੇ ਗਿ੍ਫਤਾਰ ਕਰ ਲਿਆ ਸੀ | ਕਈ ਦਿਨ ਪੁਲਸ ਰਿਮਾਂਡ ‘ਤੇ ਰਹਿਣ ਦੇ ਬਾਵਜੂਦ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਸੀ ਤਾਂ ਲੰਗਾਹ ਭਗਤਾਂ ਨੇ ਜਿਹੜੀ ਕਿਰਕਰੀ ਕਰਵਾਈ, ਉਸ ਦੀ ਵੀ ਕੋਈ ਮਿਸਾਲ ਨਹੀਂ ਮਿਲਦੀ | ਲੰਗਾਹ ਭਗਤਾਂ ਅਦਾਲਤ ਕੰਪਲੈਕਸ ਵਿੱਚ ਇਹ ਨਾਅਰਾ ਲਗਾਇਆ ਸੀ, ‘ਲੰਗਾਹ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ’ ਤਾਂ ਲੰਗਾਹ ਦੀ ਟਰੋਲਿੰਗ ਦੀ ਕਸਰ ਉਸ ਦੇ ਪੈਰੋਕਾਰਾਂ ਨੇ ਕੱਢ ਦਿੱਤੀ ਸੀ | ਅਗਲੇ ਦਿਨ ਕਈ ਅਖਬਾਰਾਂ ਨੇ ਵਿਅੰਗਮਈ ਤਰੀਕੇ ਨਾਲ ਖਬਰਾਂ ਪ੍ਰਕਾਸ਼ਤ ਕਰਕੇ ਜਿਹੜੀ ਖਿੱਲੀ ਲੰਗਾਰ ਦੀ ਉਡਾਈ ਸੀ ਉਹ ਵੀ ਇੰਤਹਾ ਕਰਨ ਵਾਲੀ ਹੀ ਸੀ | ਲੰਮਾ ਸਮਾਂ ਲੰਗਾਹ ਨੂੰ ਜੇਲ੍ਹ ਵਿੱਚ ਰਹਿਣਾ ਪਿਆ ਤੇ ਫਿਰ ਜ਼ਮਾਨਤ ‘ਤੇ ਬਾਹਰ ਆਉਣ ਉਪਰੰਤ ਲੰਗਾਹ ਨੂੰ ਅਦਾਲਤ ਨੇ ਬਰੀ ਵੀ ਕਰ ਦਿੱਤਾ ਤਾਂ ਉਸ ਨੇ ਸ੍ਰੀ ਅਕਾਲ ਤਖਤ ਨੂੰ ਪੱਤਰ ਲਿਖ ਦਿੱਤਾ ਕਿ ਉਸ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ ਤੇ ਉਸ ਦੀ ਪੰਥ ਵਿੱਚੋਂ ਛੇਕਣ ਦੀ ਕਾਰਵਾਈ ਨੂੰ ਵਾਪਸ ਲੈ ਕੇ ਮੁੜ ਪੰਥ ਵਿੱਚ ਸ਼ਾਮਲ ਕੀਤਾ ਜਾਵੇ | ਪੱਤਰਕਾਰਾਂ ਦੁਅਰਾ ਪੁੱਛੇ ਗਏ ਸੁਆਲ ਦੇ ਜਵਾਬ ਵਿੱਚ ਤੱਤਕਾਲੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਕਿ ਲੰਗਾਹ ਨੇ ਬੱਜਰ ਗੁਨਾਹ ਕੀਤਾ ਹੈ, ਜਿਸ ਦੀ ਉਸ ਨੂੰ ਮੁਆਫੀ ਨਹੀ ਦਿੱਤੀ ਜਾ ਸਕਦੀ | ਅਦਾਲਤ ਦੇ ਫੈਸਲੇ ਨਾਲ ਅਕਾਲ ਤਖਤ ਸਾਹਿਬ ਦਾ ਕੋਈ ਲੈਣਾ-ਦੇਣਾ ਨਹੀਂ ਹੈ ਤੇ ਅਕਾਲ ਤਖਤ ਵੱਲੋਂ ਕੀਤੀ ਕਾਰਵਾਈ ਬਰਕਰਾਰ ਰਹੇਗੀ | ਉਸ ਨੇ ਜਥੇਦਾਰ ਨਾਲ ਮੁਲਾਕਾਤ ਕਰਕੇ ਵੀ ਮੁਆਫੀ ਨੂੰ ਆਪਣਾ ਹੱਕ ਦੱਸਿਆ, ਪਰ ਅਕਾਲ ਤਖਤ ਨੇ ਫਿਰ ਵੀ ਲੰਗਾਹ ਦੀ ਫਰਿਆਦ ਵੱਲ ਕੋਈ ਧਿਆਨ ਨਾ ਦਿੱਤਾ | ਲੰਗਾਹ ਦੇ ਬਜ਼ੁਰਗ ਮਾਤਾ-ਪਿਤਾ ਨੇ ਵੀ ਅਕਾਲ ਤਖਤ ‘ਤੇ ਪੇਸ਼ ਹੋ ਕੇ ਆਪਣੇ ਪੁੱਤਰ ਨੂੰ ਮੁਆਫ ਕਰਨ ਦੀ ਗੁੁਹਾਰ ਲਗਾੳਾੁਦਿਆਂ ਕਿਹਾ ਕਿ ਉਹ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਹਨ ਤੇ ਪੁਸ਼ਤਾਂ ਤੋ ਗੁਰੂ ਘਰ ਤੇ ਅਕਾਲ ਤਖਤ ਨੂੰ ਸਮਰਪਿੱਤ ਹਨ, ਉਹ ਆਪਣੇ ਦਿਮਾਗ ‘ਤੇ ਕੋਈ ਬੋਝ ਲੈ ਕੇ ਇਸ ਫਾਨੀ ਸੰਸਾਰ ਤੋਂ ਜਾਣਾ ਨਹੀ ਚਾਹੁੰਦੇ, ਪਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਜ਼ੁਰਗਾਂ ਦੀ ਫਰਿਆਦ ਵੱਲ ਵੀ ਕੋਈ ਧਿਆਨ ਨਾ ਦਿੱਤਾ | ਲੰਗਾਹ ਨੇ ਆਪਣੇ ਪਿੰਡ ਤੋਂ ਨੰਗੇ ਪੈਰੀਂ ਆ ਕੇ ਦਰਬਾਰ ਸਾਹਿਬ ਵਿਖੇ ਸੇਵਾ ਵੀ ਕੀਤੀ, ਪਰ ਅਕਾਲ ਤਖਤ ਨੇ ਫਿਰ ਵੀ ਕੋਈ ਵੀ ਧਿਆਨ ਨਾ ਦਿਤਾ |
ਇੱਕ ਭਾਜਪਾਈ ਆਗੂ ਸਰਚਾਂਦ ਸਿੰਘ ਨੇ ਅਕਾਲ ਤਖਤ ਦੇ ਆਦੇਸ਼ਾਂ ਨੂੰ ਚੁਨੌਤੀ ਦਿੰਦਿਆਂ ਗੁਰਦਾਸਪੁਰ ਦੇ ਇਕ ਇਤਿਹਾਸਕ ਗੁਰਦੁਆਰੇ ਵਿਖੇ ਲੰਗਾਹ ਨੂੰ ਤਨਖਾਹ ਲਗਵਾ ਕੇ ਮੁਆਫੀ ਦਿਵਾਉਣ ਦੀ ਕੋਸ਼ਿਸ਼ ਕੀਤੀ, ਪਰ ਅਕਾਲ ਤਖਤ ਸਾਹਿਬ ਨੇ ਉਸ ਨੂੰ ਦਰਕਿਨਾਰ ਕਰਦਿਆਂ ਕਿਹਾ ਕਿ ਅਕਾਲ ਤਖਤ ਦਾ ਮਾਮਲਾ ਅਕਾਲ ਤਖਤ ‘ਤੇ ਹੀ ਵਿਚਾਰਿਆ ਜਾ ਸਕਦਾ ਹੈ ਤੇ ਲੰਗਾਹ ਨੂੰ ਮੁਆਫੀ ਦੇਣ ਵਾਲੇ ਗ੍ਰੰਥੀਆਂ ਨੂੰ ਤਲਬ ਕਰਕੇ ਉਹਨਾਂ ਵਿਰੁੱਧ ਵੀ ਕਾਰਵਾਈ ਕੀਤੀ ਗਈ ਸੀ | ਅੱਜ ਅਚਾਨਕ ਲੰਗਾਹ ਨੂੰ ਮੁਆਫੀ ਦੇ ਕੇ ਜਥੇਦਾਰ ਨੇ ਸਭ ਨੂੰ ਹੈਰਾਨ ਕਰ ਦਿੱਤਾ | ਅਕਾਲ਼ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਅਕਾਲ ਤਖਤ ਨੇ ਫੁਰਮਾਨ ਸੁਣਾਉਂਦਿਆਂ ਕਿਹਾ ਕਿ ਜੇਕਰ ਅਕਾਲ ਤਖਤ ਤੋਂ ਲਗਾਈ ਤਨਖਾਹ ਮਨਜ਼ੂਰ ਹੈ ਤਾਂ ਸੁੱਚਾ ਸਿੰਘ ਲੰਗਾਹ ਗਲ ਵਿੱਚ ਪੱਲਾ ਪਾ ਕੇ ਇਕੱਲਾ ਖੜਾ ਹੋ ਜਾਵੇ | ਲੰਗਾਹ ਜਥੇਦਾਰ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਖੜਾ ਹੋ ਗਿਆ | ਗਿਆਨੀ ਹਰਪ੍ਰੀਤ ਸਿੰਘ ਨੇ ਤਨਖਾਹ ਸੁਣਾਉਂਦਿਆਂ ਉਸ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਲੰਗਾਹ ਸੰਗਤ ਕੋਲੋ ਮੁਆਫੀ ਮੰਗੇ ਤਾਂ ਲੰਗਾਹ ਨੇ ਉੱਚੀ-ਉੱਚੀ ਪੰਜ ਵਾਰੀ ਦੁਹਰਾਇਆ, ‘ਮੈਂ ਬੱਜਰ ਗਲਤੀ ਕੀਤੀ ਹੈ, ਮੈਂ ਸੰਗਤ ਕੋਲੋਂ ਮੁਆਫੀ ਮੰਗਦਾ ਹਾਂ |’ ਜਥੇਦਾਰ ਨੇ ਤਨਖਾਹ ਸੁਣਾਉਂਦਿਆਂ ਕਿਹਾ ਕਿ ਉਸ ਨੂੰ 21 ਦਿਨ ਦੀ ਤਨਖਾਹ ਲਗਾਈ ਜਾਂਦੀ ਹੈ | ਉਹ 21 ਦਿਨ ਲਗਾਤਰ ਹਰ ਰੋਜ਼ ਦਰਬਾਰ ਸਾਹਿਬ ਵਿਖੇ ਇੱਕ ਘੰਟਾ ਸੰਗਤਾਂ ਦੇ ਜੂਠੇ ਭਾਂਡੇ ਮਾਂਜਣ, ਇੱਕ ਘੰਟਾ ਸੰਗਤਾਂ ਦੇ ਜੋੜੇ ਝਾੜਨ ਤੇ ਇਕ ਘੰਟਾ ਕੀਰਤਨ ਸੁਣਨ | ਉਹ ਪੰਜ ਸਾਲਾਂ ਲਈ ਕਿਸੇ ਵੀ ਧਾਰਮਕ ਸਭਾ/ ਸੁਸਾਇਟੀ ਦਾ ਮੈਂਬਰ ਜਾਂ ਅਹੁਦੇਦਾਰ ਨਹੀਂ ਬਣੇਗਾ | ਅਕਾਲੀ ਦਲ ਵਿੱਚ ਘਰ ਵਾਪਸੀ ਦਾ ਰਾਹ ਸਾਫ ਕਰਦਿਆਂ ਜਥੇਦਾਰ ਨੇ ਕਿਹਾ ਕਿ ਰਾਜਨੀਤਕ ਤੌਰ ‘ਤੇ ਵਿਚਰਨ ਦੀ ਕੋਈ ਰੋਕ ਨਹੀਂ ਹੋਵੇਗੀ | ਇਸ ਤਰ੍ਹਾਂ 21 ਦਿਨ ਦੀ ਤਨਖਾਹ ਭੁਗਤਣ ਤੋਂ ਬਾਅਦ ਲੰਗਾਹ ਦੀ ਅਕਾਲੀ ਦਲ ਵਿੱਚ ਘਰ ਵਾਪਸੀ ਦਾ ਰਸਤਾ ਸਾਫ ਹੋ ਗਿਆ ਹੈ |
ਲੰਗਾਹ ਨੂੰ ਇੱਕ ਹੋਰ ਵਿਸ਼ੇਸ਼ ਤਨਖਾਹ ਢਾਡੀਆਂ ਵਾਲੀ ਸੇਵਾ ਇਸ ਕਰਕੇ ਲਗਾਈ ਗਈ ਹੈ, ਕਿਉਂਕਿ ਉਸ ਨੇ ਇੱਕ ਵਾਰੀ ਇੱਕ ਢਾਡੀ ਜਥੇ ਵੱਲੋਂ ਵਾਰਾਂ ਗਾਉਂਦਿਆਂ ਨੂੰ ਰੋਕ ਕੇ ਢਾਡੀ ਜਥੇ ਦੀ ਮਾਈਕ ਫੜ ਕੇ ਬੇਇੱਜ਼ਤੀ ਕੀਤੀ ਸੀ ਕਿ ਉਹ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੇ ਹਨ, ਇਸ ਕਰਕੇ ਢਾਡੀਆਂ ਦੇ ਹਿਰਦਿਆਂ ਨੂੰ ਠੰਢਾ ਕਰਨ ਲਈ ਲੰਗਾਹ ਨੂੰ ਇਹ ਤਨਖਾਹ ਇਤਿਹਾਸ ਵਿੱਚ ਪਹਿਲੀ ਵਾਰ ਲਗਾਈ ਹੈ |
ਅੱਜ ਦੀ ਇਕੱਤਰਤਾ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਅਕਾਲ਼ ਤਖਤ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਗਿਆਨੀ ਗੁਰਮਿੰਦਰ ਸਿੰਘ ਤੇ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਸੁਖਦੇਵ ਸਿੰਘ ਸ਼ਾਮਲ ਸਨ |




