ਚੰਡੀਗੜ੍ਹ (ਗੁਰਜੀਤ ਬਿੱਲਾ)
ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ‘ਤੇ ਪੰਜਾਬ ਦੀਆਂ 33 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸ਼ਨੀਵਾਰ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਰਾਜ ਭਵਨ ਵੱਲ ਮਾਰਚ ਕਰਕੇ ਸੀ 2+50 ਫੀਸਦੀ ਫਾਰਮੂਲੇ ਤਹਿਤ ਐੱਮ ਐੱਸ ਪੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਦੂਜੇ ਪੜਾਅ ਦੇ ਸੰਘਰਸ਼ ਦੀ ਸ਼ੁਰੂਆਤ ਦੀ ਜ਼ੋਰਦਾਰ ਧਮਕ ਪਾਈ ਹੈ | ਰੈਲੀ ਵਿੱਚ ਵੱਡੀ ਗਿਣਤੀ ‘ਚ ਔਰਤਾਂ ਵੀ ਸ਼ਾਮਲ ਹੋਈਆਂ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਆਪਣੇ ਵਾਅਦੇ ਪੂਰੇ ਕਰਨ ਦਾ ਕੋਈ ਇਰਾਦਾ ਨਹੀਂ ਅਤੇ ਵੱਡੇ ਅੰਦੋਲਨ ਦੀ ਲੋੜ ਹੈ |
ਕਿਸਾਨ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਡਾਕਟਰ ਦਰਸ਼ਨ ਪਾਲ ਅਤੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਜੇ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ | ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ 26 ਨਵੰਬਰ 2020 ਨੂੰ ਸ਼ੁਰੂ ਹੋਇਆ ਸੀ, ਭਾਵੇਂ ਇਹ ਖੇਤੀ ਕਾਨੂੰਨ ਬਾਅਦ ‘ਚ ਰੱਦ ਕਰ ਦਿੱਤੇ ਗਏ ਸਨ, ਪਰ ਸਰਕਾਰ ਕਿਸਾਨਾਂ ਦੀਆਂ ਕਈ ਮੰਗਾਂ ਵੱਲ ਅਜੇ ਵੀ ਧਿਆਨ ਨਹੀਂ ਦੇ ਰਹੀ | ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਖਿਲਾਫ ਅੰਦੋਲਨ ਦੌਰਾਨ ਦਰਜ ਕੀਤੇ ਕੇਸ ਅਜੇ ਵੀ ਰੱਦ ਨਹੀਂ ਕੀਤੇ ਗਏ | ਇਸ ਤੋਂ ਇਲਾਵਾ ਸਰਕਾਰ ਨੇ ਐੱਮ ਐੱਸ ਪੀ ਦੀ ਗਾਰੰਟੀ ਵੀ ਨਹੀਂ ਦਿੱਤੀ |
ਵਰਣਨਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨਵੰਬਰ ਨੂੰ ਦੇਸ਼ ਭਰ ‘ਚ ਰਾਜ-ਭਵਨਾਂ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ | ਦੋ ਦਰਜਨ ਤੋਂ ਵੱਧ ਸੂਬਿਆਂ ਵਿਚ ਮਾਰਚ ਕੀਤੇ ਗਏ | ਅੱਜ ਦਾ ਮਾਰਚ ਉਸ ਕੜੀ ਦਾ ਅਹਿਮ ਹਿੱਸਾ ਸਾਬਤ ਹੋਇਆ ਹੈ |
ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਸੂਬਿਆਂ ਦੇ ਰਾਜਪਾਲਾਂ ਰਾਹੀਂ ਭੇਜੇ ਗਏ ਮੰਗ ਪੱਤਰ ਵਿੱਚ ਸੀ 2+50 ਫੀਸਦੀ ਫਾਰਮੂਲੇ ਨਾਲ ਐੱਮ ਐੱਸ ਪੀ ਗਾਰੰਟੀ ਦਾ ਕਾਨੂੰਨ ਬਣਾਉਣ, ਕਿਸਾਨੀ ਕਰਜ਼ਿਆਂ ‘ਤੇ ਲੀਕ ਮਾਰਨ, ਬਿਜਲੀ ਸੋਧ ਬਿੱਲ 2022 ਨੂੰ ਵਾਪਸ ਲੈਣ, ਲਖੀਮਪੁਰ ਖੀਰੀ ਕਾਂਡ ਦੇ ਮੁੱਖ ਸਾਜਿਸ਼ਕਰਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਮੰਤਰੀ ਮੰਡਲ ‘ਚੋਂ ਬਰਖਾਸਤ ਕਰਕੇ ਗਿ੍ਫਤਾਰ ਕਰਨ ਅਤੇ ਲਖੀਮਪੁਰ ਜੇਲ੍ਹ ਵਿੱਚ ਝੂਠਾ ਕੇਸ ਦਰਜ ਕਰਕੇ ਬੰਦ ਕੀਤੇ ਚਾਰ ਨੌਜਵਾਨ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ, ਸ਼ਹੀਦ ਅਤੇ ਜ਼ਖ਼ਮੀ ਕਿਸਾਨ ਪਰਵਾਰਾਂ ਨੂੰ ਮੁਆਵਜ਼ਾ ਦੇਣ ਦੇ ਨਾਲ-ਨਾਲ ਸਾਰੀਆਂ ਫ਼ਸਲਾਂ ਲਈ ਵਿਆਪਕ ਅਤੇ ਪ੍ਰਭਾਵੀ ਫ਼ਸਲੀ ਬੀਮਾ ਯੋਜਨਾ, ਕਿਸਾਨ ਅਤੇ ਖੇਤ ਮਜ਼ਦੂਰਾਂ ਲਈ ਮਹੀਨਾਵਾਰ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਕਿਸਾਨ ਅੰਦੋਲਨ ਦੌਰਾਨ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦਰਜ ਹੋਏ ਪੁਲਸ ਕੇਸ ਵਾਪਸ ਲੈਣ ਦੀਆਂ ਮੰਗਾਂ ਉਠਾਈਆਂ ਗਈਆਂ ਹਨ |
ਮਾਰਚ ਕਰਨ ਤੋਂ ਪਹਿਲਾਂ ਕਿਸਾਨ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿੱਚ ਬਣਾਏ ਪੰਡਾਲ ‘ਚ ਇਕੱਠੇ ਹੋਏ | ਕਿਸਾਨਾਂ ਨੂੰ 33 ਕਿਸਾਨ ਜੱਥੇਬੰਦੀਆਂ ਦੇ ਸੂਬਾਈ ਆਗੂਆਂ ਨੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਦੇ ਦੂਜੇ ਪੜਾਅ ਦੀ ਸ਼ੁਰੂਆਤ ਦੀ ਮਹੱਤਤਾ ਬਾਰੇ ਪ੍ਰੇਰਿਤ ਕਰਦਿਆਂ ਇੱਕ ਦੇਸ਼-ਵਿਆਪੀ ਕਿਸਾਨ ਲਹਿਰ ਉਸਾਰਨ ਦੀ ਲੋੜ ਨੂੰ ਜ਼ੋਰ-ਸ਼ੋਰ ਨਾਲ ਉਭਾਰਿਆ | ਉਨ੍ਹਾਂ ਪੰਜਾਬ ਦੇ ਲੋਕਾਂ ਵੱਲੋਂ ਦਿੱਲੀ ਮੋਰਚਾ ਫਤਿਹ ਕਰਨ ਵਿੱਚ ਨਿਭਾਏ ਇਤਿਹਾਸਕ ਆਗੂ ਰੋਲ ਤੋਂ ਸਿੱਖਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਦੂਜੇ ਪੜਾਅ ਵਿੱਚ ਵੀ ਪੰਜਾਬ ਦੇ ਲੋਕਾਂ ਨੂੰ ਆਗੂ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਪਵੇਗਾ |
ਪਿਛਲੇ ਕੁਝ ਦਿਨਾਂ ਤੋਂ ਲੋਕਾਂ ਦੇ ਸੰਘਰਸ਼ ਕਰਨ ਦੇ ਅਧਿਕਾਰ ਅਤੇ ਸੰਘਰਸ਼ ਦੇ ਵੱਖ-ਵੱਖ ਰੂਪਾਂ ਉੱਪਰ ਹੁਕਮਰਾਨਾਂ ਵੱਲੋਂ ਗਿਣ-ਮਿੱਥ ਕੇ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਨੋਟਿਸ ਲੈਂਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਦੇਸ਼ ਵਿੱਚ ਤਾਕਤਾਂ ਦੇ ਕੇਂਦਰੀਕਰਨ ਦੀ ਭਾਜਪਾ ਦੀ ਮੋਦੀ ਸਰਕਾਰ ਦੀ ਹਿਟਲਰਸ਼ਾਹੀ ਦੇ ਨਾਲ-ਨਾਲ ਦੇਸੀ-ਵਿਦੇਸ਼ੀ ਕਾਰਪੋਰੇਟ ਨੂੰ ਖੁਸ਼ ਕਰਨ ਵਾਲੀਆਂ ਨੀਤੀਆਂ ਅਤੇ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਅਤੇ ਹੋਰ ਤਬਕਿਆਂ ਦੀ ਸੰਘੀ ਨੱਪਣ ਵਾਲੇ ਢੰਗ-ਤਰੀਕੇ ਜਾਰੀ ਰਹਿਣਗੇ, ਓਨੀ ਦੇਰ ਤੱਕ ਸੰਘਰਸ਼ ਦੀ ਲੋਅ ਮਘਦੀ ਰਹੇਗੀ | ਹੁਕਮਰਾਨਾਂ ਵੱਲੋਂ ਕਿਸਾਨ ਲਹਿਰ ਖਿਲਾਫ਼ ਛੇੜੇ ਗਏ ਇਸ ਭੰਡੀ-ਪ੍ਰਚਾਰ ਦੀ ਉਮਰ ਬਹੁਤ ਥੋੜ੍ਹੀ ਸਾਬਤ ਹੋਵੇਗੀ, ਛੇਤੀ ਹੀ ਲੋਕ ਇਸ ਗੁੰਮਰਾਹਕੁੰਨ ਪ੍ਰਾਪੇਗੰਡੇ ਦੀ ਅਸਲੀਅਤ ਸਮਝ ਜਾਣਗੇ | ਉਨ੍ਹਾਂ ਕਿਸਾਨਾਂ ਨੂੰ ਇਸ ਗੁੰਮਰਾਹਕਰੂ ਪ੍ਰਾਪੇਗੰਡੇ ਤੋਂ ਸਮਾਜ ਨੂੰ ਸੁਚੇਤ ਕਰਨ ਦੀ ਅਪੀਲ ਵੀ ਕੀਤੀ |
ਇਕੱਠ ਨੂੰ ਬੂਟਾ ਸਿੰਘ ਬੁਰਜਗਿੱਲ, ਹਰਮੀਤ ਸਿੰਘ ਕਾਦੀਆਂ, ਨਿਰਭੈ ਸਿੰਘ ਢੁੱਡੀਕੇ, ਬਲਦੇਵ ਸਿੰਘ ਨਿਹਾਲਗੜ੍ਹ, ਰੁਲਦੂ ਸਿੰਘ ਮਾਨਸਾ, ਮਨਜੀਤ ਸਿੰਘ ਰਾਏ, ਬਲਜੀਤ ਸਿੰਘ ਗਰੇਵਾਲ, ਡਾ. ਸਤਨਾਮ ਅਜਨਾਲਾ, ਸਤਨਾਮ ਸਿੰਘ ਬਹਿਰੂ, ਜੰਗਵੀਰ ਸਿੰਘ ਚੌਹਾਨ, ਮੁਕੇਸ਼ ਚੰਦਰ, ਫੁਰਮਾਨ ਸਿੰਘ ਸੰਧੂ, ਸੁਰਜੀਤ ਸਿੰਘ ਫੂਲ, ਬਲਵਿੰਦਰ ਸਿੰਘ ਰਾਜੂ ਔਲਖ, ਬੂਟਾ ਸਿੰਘ ਸ਼ਾਦੀਪੁਰ, ਵੀਰ ਸਿੰਘ ਬੜਵਾ, ਕਿਰਨਜੀਤ ਸਿੰਘ ਸੇਖੋਂ, ਕੁਲਦੀਪ ਸਿੰਘ ਵਜੀਦਪੁਰ, ਬਿੰਦਰ ਸਿੰਘ ਗੋਲੇਵਾਲਾ, ਮਲੂਕ ਸਿੰਘ ਹੀਰਕੇ, ਹਰਦੇਵ ਸਿੰਘ ਸੰਧੂ, ਹਰਜੀਤ ਸਿੰਘ ਰਵੀ, ਨਿਰਵੈਲ ਸਿੰਘ ਡਾਲੇਕੇ, ਰਾਜਵਿੰਦਰ ਕੌਰ, ਗੁਰਬਖਸ਼ ਸਿੰਘ ਬਰਨਾਲਾ, ਕਿਰਪਾ ਸਿੰਘ ਨੱਥੂਵਾਲਾ, ਭੁਪਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਘੁੰਮਣ ਆਦਿ ਨੇ ਵੀ ਸੰਬੋਧਨ ਕੀਤਾ |