22.2 C
Jalandhar
Friday, April 19, 2024
spot_img

ਹਰਿਆਣਵੀਆਂ ਨੇ ਭਾਜਪਾ ਨੂੰ ਨਕਾਰਿਆ

ਭਾਜਪਾ ਨੇ ਸਭ ਤੋਂ ਪਹਿਲਾਂ ਹਿੰਦੀ ਬੈਲਟ ਵਿੱਚ ਆਪਣੀਆਂ ਜੜ੍ਹਾਂ ਜਮਾਈਆਂ ਸਨ | ਜਾਪਦਾ ਹੈ ਕਿ ਹੁਣ ਹਿੰਦੀ ਬੈਲਟ ਦੇ ਲੋਕ ਹੀ ਭਾਜਪਾ ਦੀਆਂ ਜੜ੍ਹਾਂ ਪੁੱਟਣ ਦੀ ਤਿਆਰੀ ਵਿੱਚ ਹਨ | ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕਿਹੋ ਜਿਹੇ ਆਉਂਦੇ ਹਨ, ਇਸ ਦਾ ਪਤਾ ਤਾਂ 8 ਦਸੰਬਰ ਨੂੰ ਲੱਗੇਗਾ, ਪਰ ਹਰਿਆਣੇ ਵਾਲਿਆਂ ਨੇ ਭਾਜਪਾ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ | ਹਰਿਆਣਾ ਵਿੱਚ ਪਿਛਲੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਨੇ ਦੱਸ ਦਿੱਤਾ ਹੈ ਕਿ ਉੱਥੋਂ ਦੀ 65 ਫ਼ੀਸਦੀ ਪੇਂਡੂ ਵਸੋਂ ਨੇ ਭਾਜਪਾ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ | ਇਨ੍ਹਾਂ ਚੋਣਾਂ ਵਿੱਚ 22 ਜ਼ਿਲ੍ਹਾ ਪ੍ਰੀਸ਼ਦਾਂ ਲਈ 411 ਤੇ 143 ਬਲਾਕ ਸੰਮਤੀਆਂ ਲਈ 2964 ਮੈਂਬਰ ਚੁਣੇ ਜਾਣੇ ਸਨ | ਭਾਜਪਾ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 102 ਸੀਟਾਂ, ਆਮ ਆਦਮੀ ਪਾਰਟੀ ਨੇ 115 ਸੀਟਾਂ, ਇਨੈਲੋ ਨੇ 98 ਸੀਟਾਂ ਤੇ ਜੇ ਜੇ ਪੀ ਨੇ 2 ਸੀਟਾਂ ਆਪਣੇ ਚੋਣ ਨਿਸ਼ਾਨਾਂ ਉੱਤੇ ਲੜੀਆਂ ਸਨ | ਕਾਂਗਰਸ ਨੇ ਆਪਣੇ ਉਮੀਦਵਾਰ ਅਜ਼ਾਦ ਖੜ੍ਹੇ ਕੀਤੇ ਸਨ |
ਆਮ ਤੌਰ ਉੱਤੇ ਇਹ ਧਾਰਨਾ ਬਣੀ ਹੋਈ ਹੈ ਕਿ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਦਾ ਹੀ ਦਬ-ਦਬਾਅ ਰਹਿੰਦਾ ਹੈ, ਪਰ ਹਰਿਆਣੇ ਦੇ ਨਤੀਜੇ ਇਸ ਦੇ ਉਲਟ ਆਏ ਹਨ | ਭਾਜਪਾ ਆਪਣੇ ਚੋਣ ਨਿਸ਼ਾਨ ਉੱਤੇ ਲੜੀਆਂ 102 ਸੀਟਾਂ ਵਿੱਚੋਂ ਸਿਰਫ਼ 22 ਤੇ ਉਸ ਦੀ ਸਹਿਯੋਗੀ ਜੇ ਜੇ ਪੀ ਸਿਰਫ਼ ਦੋ ਸੀਟਾਂ ਹੀ ਜਿੱਤ ਸਕੀ ਹੈ | ਭਾਜਪਾ ਕਿਸ ਹੱਦ ਤੱਕ ਲੋਕਾਂ ਦੇ ਮੂੰਹੋਂ ਲੱਥ ਚੁੱਕੀ ਹੈ, ਉਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਰਾਜਧਾਨੀ ਨਾਲ ਲੱਗਦੇ ਪੰਚਕੂਲਾ ਦੀਆਂ ਸਾਰੀਆਂ 10 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਤੋਂ ਭਾਜਪਾ ਉਮੀਦਵਾਰ ਹਾਰ ਗਏ ਹਨ | ਇਸੇ ਤਰ੍ਹਾਂ ਸਿਰਸਾ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਤੋਂ ਵੀ ਕੋਈ ਭਾਜਪਾ ਉਮੀਦਵਾਰ ਜਿੱਤ ਨਹੀਂ ਸਕਿਆ | ਭਾਜਪਾ ਅੰਬਾਲਾ ਜ਼ਿਲ੍ਹਾ ਪ੍ਰੀਸ਼ਦ ਦੀਆਂ 15 ‘ਚੋਂ 2 ਤੇ ਗੁੜਗਾਓਾ ਦੀਆਂ 10 ‘ਚੋਂ 4 ਸੀਟਾਂ ਹੀ ਜਿੱਤ ਸਕੀ ਹੈ | ਭਾਜਪਾ ਦੇ ਮਹਾਰਥੀ ਉਮੀਦਵਾਰ ਵੀ ਚੋਣ ਜਿੱਤਣ ਵਿੱਚ ਸਫ਼ਲ ਨਹੀਂ ਹੋ ਸਕੇ | ਹਰਿਆਣਾ ਦੇ ਰਾਜ ਮੰਤਰੀ ਅਨੂਪ ਧਾਨਕ ਦੀ ਚਾਚੀ, ਭਾਜਪਾ ਸਾਂਸਦ ਨਾਇਬ ਸੈਨੀ ਦੀ ਪਤਨੀ ਤੇ ਕੈਬਨਿਟ ਮੰਤਰੀ ਰਣਜੀਤ ਸਿੰਘ ਦੇ ਥਾਪੜੇ ਵਾਲੇ ਉਮੀਦਵਾਰ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਹੈ |
ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ ਚੰਗੀ ਹਾਜ਼ਰੀ ਲਵਾਈ ਹੈ | ਉਸ ਨੇ 15 ਸੀਟਾਂ ਆਪਣੇ ਚੋਣ ਨਿਸ਼ਾਨ ਉੱਤੇ ਲੜ ਕੇ ਜਿੱਤੀਆਂ ਹਨ ਤੇ ਉਸ ਦਾ ਜਿੱਤੇ 5 ਅਜ਼ਾਦਾਂ ਦੇ ਆਪਣੇ ਹੋਣ ਦਾ ਦਾਅਵਾ ਹੈ | ਆਮ ਆਦਮੀ ਪਾਰਟੀ ਨੇ ਸਿਰਸਾ, ਅੰਬਾਲਾ, ਯਮੁਨਾ ਨਗਰ, ਝੱਜਰ ਤੇ ਜੀਂਦ ਜ਼ਿਲਿ੍ਹਆਂ ਵਿੱਚ ਸੀਟਾਂ ਜਿੱਤੀਆਂ ਹਨ | ਉਸ ਨੇ ਸਭ ਤੋਂ ਅਹਿਮ ਸੀਟ ਅੰਬਾਲਾ ਛਾਉਣੀ ਦੀ ਜਿੱਤੀ ਹੈ, ਜਿਹੜਾ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਗ੍ਰਹਿ ਖੇਤਰ ਹੈ ਤੇ ਇੱਥੋਂ ਹਮੇਸ਼ਾ ਭਾਜਪਾ ਜਿੱਤਦੀ ਰਹੀ ਹੈ | ਇਨੈਲੋ ਨੇ ਚੋਣ ਨਿਸ਼ਾਨ ਉਤੇ ਲੜ ਕੇ 13 ਸੀਟਾਂ ਜਿੱਤੀਆਂ ਹਨ ਤੇ 10 ਅਜ਼ਾਦਾਂ ਉੱਤੇ ਦਾਅਵਾ ਕਰ ਰਹੀ ਹੈ | ਬਸਪਾ ਨੇ ਵੀ 4 ਸੀਟਾਂ ਜਿੱਤੀਆਂ ਹਨ |
ਭਾਜਪਾ ਇਸ ਸ਼ਰਮਨਾਕ ਹਾਰ ਨੂੰ ਹੁਣ ਆਜ਼ਾਦ ਉਮੀਦਵਾਰਾਂ ਨੂੰ ਹੀ ਆਪਣੇ ਦੱਸ ਕੇ ਲੁਕੋਣ ਦਾ ਯਤਨ ਕਰ ਰਹੀ ਹੈ | ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ 357 ਅਜ਼ਾਦ ਉਮੀਦਵਾਰ ਜਿੱਤੇ ਹਨ | ਕਾਂਗਰਸ ਦਾ ਦਾਅਵਾ ਹੈ ਕਿ ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਉਸ ਦੇ ਹਨ | ਕਾਂਗਰਸ ਆਗੂ ਕੇਵਲ ਢੀਂਗਰਾ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ ਸਭ ਤੋਂ ਵੱਧ ਹੈ | ਉਨ੍ਹਾ ਦਾ ਦਾਅਵਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਕੋਲ ਪੂਰੇ ਉਮੀਦਵਾਰ ਹੀ ਨਹੀਂ ਸਨ, ਇਸੇ ਲਈ ਉਹ ਸਿਰਫ਼ 102 ਸੀਟਾਂ ਹੀ ਲੜ ਸਕੀ |
ਹਰਿਆਣਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜਿਆਂ ਨੇ ਭਾਜਪਾ ਦੀ ਨੀਂਦ ਉਡਾ ਦਿੱਤੀ ਹੈ | ਉਸ ਦੇ ਪੇਂਡੂ ਖੇਤਰ ਦੇ ਕੋਰ ਵੋਟਰਾਂ ਨੇ ਉਸ ਤੋਂ ਮੂੰਹ ਮੋੜ ਲਿਆ ਹੈ | ਕਿਸਾਨ ਅੰਦੋਲਨ ਦੌਰਾਨ ਭਾਜਪਾ ਵਿਰੁੱਧ ਕਿਸਾਨਾਂ ਅੰਦਰ ਪੈਦਾ ਹੋਏ ਗੁੱਸੇ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ | ਅਗਲੇ ਸਾਲ ਲੋਕ ਸਭਾ ਚੋਣਾਂ ਤੋਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ | ਜੇਕਰ ਹਾਲਾਤ ਹੁਣ ਵਾਲੇ ਹੀ ਰਹੇ ਤਾਂ ਭਾਜਪਾ ਦਾ ਹਰਿਆਣੇ ਵਿੱਚ ਮਾਂਜਾ ਫਿਰਨਾ ਤੈਅ ਹੈ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles