37.6 C
Jalandhar
Friday, March 29, 2024
spot_img

ਬੀ ਐੱਸ ਐੱਫ : ਕੌਮ ਦੀ ਭਰੋਸੇਮੰਦ ਫੋਰਸ

ਜਲੰਧਰ : ਸੀਮਾ ਸੁਰੱਖਿਆ ਬਲ ਵੀਰਵਾਰ ਆਪਣੀ ਸਥਾਪਨਾ ਦਾ 57ਵਾਂ ਸਾਲ ਮਨਾ ਰਿਹਾ ਹੈ | ਇਹ ਫੋਰਸ ਪਾਕਿਸਤਾਨ ਅਤੇ ਬੰਗਲਾਦੇਸ ਨਾਲ ਲੱਗਦੀ ਭਾਰਤੀ ਸਰਹੱਦਾਂ ਦੇ ਨਾਲ ਸੁਰੱਖਿਆ ਦੀ ਪਹਿਲੀ ਲਾਈਨ ਹੈ | 1 ਦਸੰਬਰ, 1965 ਨੂੰ ਆਪਣੀ ਸਥਾਪਨਾ ਤੋਂ ਲੈ ਕੇ ਇਸ ਸ਼ਾਨਦਾਰ ਬਲ ਨੇ ਬਹਾਦਰੀ, ਕੁਰਬਾਨੀ ਅਤੇ ਸਮਰਪਣ ਦੀ ਅਦੁੱਤੀ ਗਾਥਾ ਨੂੰ ਲਿਖਿਆ ਹੈ | ਫੋਰਸ ‘ਚ ਸੌਂਪੇ ਗਏ ਕੰਮਾਂ ਨੂੰ ਤਨਦੇਹੀ ਨਾਲ ਕਰਨ ਦੀ ਸਮਰੱਥਾ ਇਸ ਬਲ ਨੂੰ ਕੌਮ ਦੀ ਭਰੋਸੇਮੰਦ ਫੋਰਸ ਹੋਣ ਦਾ ਦਰਜਾ ਦਿੰਦੀ ਹੈ | ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸੀਮਾ ਸੁਰੱਖਿਆ ਬਲ ਪੰਜਾਬ ‘ਚ ਆਪਣਾ ਰਾਸ਼ਟਰੀ ਪੱਧਰ ਦਾ ਸਥਾਪਨਾ ਦਿਵਸ ਮਨਾ ਰਿਹਾ ਹੈ | ਇਹ ਪ੍ਰੋਗਰਾਮ 4 ਦਸੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਸ਼ਿਰਕਤ ਕਰਨਗੇ | ਉਨ੍ਹਾ ਨਾਲ ਬੀ ਐੱਸ ਐੱਫ ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣਗੇ | ਦੁਨੀਆ ਦੀ ਇਸ ਸਭ ਤੋਂ ਵੱਡੀ ਸਰਹੱਦੀ ਸੁਰੱਖਿਆ ਬਲ ਦੀ ਸਥਾਪਨਾ ਦੇ ਸਮੇਂ ਤੱਕ ਸਰਹੱਦਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਹੱਦੀ ਰਾਜਾਂ ਦੀਆਂ ਪੁਲਸ ਯੂਨਿਟਾਂ ਦੇ ਮੋਢਿਆਂ ‘ਤੇ ਸੀ | ਗੁਜਰਾਤ ਵਿੱਚ ਸਰਦਾਰ ਪੋਸਟ ‘ਤੇ ਪਾਕਿਸਤਾਨੀ ਬਿ੍ਗੇਡ ਦੇ ਹਮਲੇ ਤੋਂ ਬਾਅਦ ਸੁਰੱਖਿਅਤ ਸਰਹੱਦਾਂ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਨ ਵਾਲੀ ਇੱਕ ਹਥਿਆਰਬੰਦ ਫੋਰਸ ਦੀ ਲੋੜ ਮਹਿਸੂਸ ਕੀਤੀ ਗਈ ਸੀ | ਸਮੇਂ ਦੀ ਲੋੜ ਹੈ ਕਿ ਸਰਹੱਦਾਂ ਦੀ ਰਾਖੀ ਲਈ ਫੌਜ ਦੀ ਤਰਜ਼ ‘ਤੇ ਸਿਖਲਾਈ ਪ੍ਰਾਪਤ ਹਥਿਆਰਬੰਦ ਫੋਰਸ ਤਿਆਰ ਕੀਤੀ ਜਾਵੇ ਅਤੇ ਸ਼ਾਂਤੀ ਦੇ ਸਮੇਂ ਦੌਰਾਨ ਸਰਹੱਦ ਪਾਰ ਅਪਰਾਧਾਂ ਦੀ ਜਾਂਚ ਕਰਨ ਲਈ ਪੁਲਸ ਫੋਰਸ ਵਾਂਗ ਕੰਮ ਕੀਤਾ ਜਾਵੇ ਤਾਂ ਜੋ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾਵੇ | ਸਕੱਤਰਾਂ ਦੀ ਇੱਕ ਕਮੇਟੀ ਦੀਆਂ ਸਿਫਾਰਸਾਂ ‘ਤੇ ਬੀ ਐੱਸ ਐੱਫ ਬਲ ਦੇ ਪਹਿਲੇ ਡਾਇਰੈਕਟਰ ਜਨਰਲ ਕੇ ਐੱਫ ਰੁਸਤਮਜੀ ਦੀ ਅਗਵਾਈ ਵਿੱਚ ਇਹ ਫੋਰਸ ਹੋਂਦ ਵਿੱਚ ਆਈ |
ਆਪਣੀ ਸਥਾਪਨਾ ਦੇ ਸ਼ੁਰੂਆਤੀ ਸਾਲਾਂ ਦੌਰਾਨ ਬਲ ਨੂੰ 1971 ਦੇ ਬੰਗਲਾਦੇਸ ਮੁਕਤੀ ਯੁੱਧ ਦੌਰਾਨ ਮੁਕਤੀ ਵਾਹਿਨੀ ਦੀ ਸਹਾਇਤਾ ਕਰਨ ਦਾ ਮਹੱਤਵਪੂਰਨ ਕੰਮ ਸੌਂਪਿਆ ਗਿਆ ਸੀ | ਇਹ ਰਿਕਾਰਡ ਵਿੱਚ ਦਰਜ ਹੈ ਕਿ ਅਸਲ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਬੀ ਐੱਸ ਐੱਫ ਲਾਮਬੰਦੀ ਕਰਨ ਵਿੱਚ ਸਫਲ ਰਹੀ | ਹੁਣ ਤੱਕ ਬੀ ਐੱਸ ਐਫ ਦੇ ਜਵਾਨਾਂ ਨੂੰ 1 ਮਹਾਂਵੀਰ ਚੱਕਰ, 13 ਵੀਰ ਚੱਕਰ, 6 ਕੀਰਤੀ ਚੱਕਰ, 13 ਸੌਰਿਆ ਚੱਕਰ, 56 ਸੈਨਾ ਮੈਡਲ, 232 ਰਾਸ਼ਟਰਪਤੀ ਪੁਲਸ ਮੈਡਲ ਫਾਰ ਗੈਲੈਂਟਰੀ (ਪੀ ਪੀ ਐੱਮ ਜੀ) ਅਤੇ 990 ਪੁਲਸ ਮੈਡਲ ਫਾਰ ਗੈਲੈਂਟਰੀ (ਪੀ ਪੀ ਜੀ ਜੀ) ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ | ਇਸ ਸਾਲ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਦੇ ਮੌਕੇ ਬਲ ਨੂੰ 2 ਕੀਰਤੀ ਚੱਕਰ, 21 ਪੁਲਸ ਮੈਡਲ, ਵਿਸ਼ੇਸ਼ ਸੇਵਾ ਲਈ 10 ਰਾਸ਼ਟਰਪਤੀ ਪੁਲਸ ਮੈਡਲ ਅਤੇ ਸ਼ਲਾਘਾਯੋਗ ਸੇਵਾ ਲਈ 92 ਪੁਲਸ ਮੈਡਲਾਂ ਸਮੇਤ ਕੁੱਲ 125 ਮੈਡਲ ਪ੍ਰਦਾਨ ਕੀਤੇ ਗਏ ਹਨ | ਹਾਲਾਂਕਿ, ਇਹ ਸਾਰੇ ਸਨਮਾਨ ਅਤੇ ਤਗਮੇ ਹਾਸਲ ਕਰਨ ਲਈ 1954 ਸੀਮਾ ਸੁਰੱਖਿਆ ਬਲ ਦੇ ਬਹਾਦਰਾਂ ਨੇ ਫਰਜ਼ ਦੀ ਕਤਾਰ ਵਿੱਚ ਸਰਵਉੱਚ ਕੁਰਬਾਨੀ (ਸ਼ਹਾਦਤ) ਦਿੱਤੀ ਹੈ | ਸਾਲ 2022 ਵਿੱਚ ਕੁੱਲ 20 ਬੀ ਐੱਸ ਐੱਫ ਜਵਾਨਾਂ ਨੇ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਦਿੱਤੀਆਂ ਹਨ |
ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ, ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ ਅਤੇ ਭਾਰਤੀ ਫੌਜ ਨਾਲ ਕੰਟਰੋਲ ਰੇਖਾ ‘ਤੇ ਤਾਇਨਾਤ ਹੋਣ ਤੋਂ ਇਲਾਵਾ ਬੀ ਐੱਸ ਐੱਫ ਨੇ ਦੇਸ਼ ਦੀ ਅੰਦਰੂਨੀ ਸੁਰੱਖਿਆ ਆਪਣੀ ਸਮਰਪਣ ਅਤੇ ਨਿਡਰਤਾ ਦਾ ਪ੍ਰਦਰਸ਼ਨ ਕੀਤਾ | ਇੱਕ ਸਰਹੱਦੀ ਫੋਰਸ ਹੋਣ ਦੇ ਬਾਵਜੂਦ ਅੱਜ ਇਸ ਵਿੱਚ ਪੂਰਬੀ ਅਤੇ ਪੱਛਮੀ ਸੈਕਟਰਾਂ ਵਿੱਚ ਸਾਰੇ ਰੈਂਕਾਂ ਵਿੱਚ 7000 ਤੋਂ ਵੱਧ ਮਹਿਲਾਵਾਂ ਸੇਵਾਵਾਂ ਨਿਭਾਅ ਰਹੀਆਂ ਹਨ |
4 ਦਸੰਬਰ ਨੂੰ ਅੰਮਿ੍ਤਸਰ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਪਰੇਡ ‘ਚ ਮਹਿਲਾ ਪ੍ਰਹਾਰੀ ਦਲ, ਪ੍ਰਸਿੱਧ ਕੈਮਲ ਕੋਰ, ਕੈਮਲ ਬੈਂਡ ਅਤੇ ਕੈਵਲਰੀ ਕੋਰ ਸਮੇਤ 12 ਫੁੱਟ ਪੈਦਲ ਮਾਰਚ ਟੁਕੜੀ ਸ਼ਾਮਲ ਹੋਣਗੇ | ਸੈਂਟਰਲ ਸਕੂਲ ਆਫ ਮੋਟਰ ਟਰੇਨਿੰਗ (ਸੀ ਐੱਸ ਐੱਮ ਟੀ) ਬੀ ਐੱਸ ਐੱਫ ਟੀਮ ਵੱਲੋਂ ਗਜਰਾਜ ਅਤੇ ਚੇਤਕ ਡਰਿੱਲਜ਼ ਸਮੇਤ ਵੱਖ-ਵੱਖ ਸ਼ੋਅ, ਜਿਸ ਵਿੱਚ ਮੋਟਰ ਵਾਹਨਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਦੇ ਨਾਲ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤੇ ਜਾਣਗੇ | ਇਸ ਤੋਂ ਇਲਾਵਾ ਪਰੇਡ ਦੌਰਾਨ ਬੀ ਐੱਸ ਐੱਫ ਦੇ ਵਾਟਰ ਵਿੰਗ, ਏਅਰ ਵਿੰਗ, ਸੈਂਟਰਲ ਵਰਕਸ਼ਾਪ ਐਂਡ ਸਟੋਰ ਅਤੇ ਫੋਰਸ ਦੇ ਕੁਝ ਹੋਰ ਮਹੱਤਵਪੂਰਨ ਵਿਭਾਗਾਂ ਦੀਆਂ ਝਾਕੀਆਂ ਵੀ ਪ੍ਰਦਰਸ਼ਤ ਕੀਤੀਆਂ ਜਾਣਗੀਆਂ |
—ਰਾਜੇਸ਼ ਬਾਲੀ, ਫੀਲਡ ਪਬਲੀਸਿਟੀ ਅਫਸਰ ਸੂਚਨਾ ਤੇ ਪ੍ਰਸਾਰਨ ਮੰਤਰਾਲਾ, ਜਲੰਧਰ

Related Articles

LEAVE A REPLY

Please enter your comment!
Please enter your name here

Latest Articles