ਮਾਨਸਾ (ਰੀਤਵਾਲ/ਆਤਮਾ ਸਿੰਘ)-ਸਬ-ਡਵੀਜ਼ਨ ਬੁਢਲਾਡਾ ਦੇ ਪਿੰਡ ਖੁਡਾਲ ਕਲਾਂ ਦੀ ਦਲਿਤ ਆਬਾਦੀ ‘ਤੇ ਕੈਂਸਰ ਨੇ ਤਬਾਹੀ ਮਚਾਅ ਰੱਖੀ ਹੈ | ਅੱਠ ਵਿਅਕਤੀਆਂ ਨੂੰ ਕੈਂਸਰ ਨਿਗਲ ਚੁੱਕਾ ਹੈ ਤੇ ਸੱਤ ਹੋਰ ਵਿਅਕਤੀ ਕੈਂਸਰ ਨਾਲ ਜ਼ਿੰਦਗੀ ਦੀ ਆਖਰੀ ਲੜਾਈ ਲੜ ਰਹੇ ਹਨ | ਉਪਰੋਕਤ ਜਾਣਕਾਰੀ ਸੀ ਪੀ ਆਈ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੀਤਾ ਰਾਮ ਨਾਲ ਆਬਾਦੀ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ | ਉਨ੍ਹਾ ਦੱਸਿਆ ਕਿ ਸੱਤਪਾਲ ਸਿੰਘ ਪੁੱਤਰ ਅਜਮੇਰ ਸਿੰਘ, ਬਲਵਿੰਦਰ ਸਿੰਘ ਪੁੱਤਰ ਸ਼ੇਰ ਸਿੰਘ, ਕਰਨੈਲ ਕੌਰ ਪਤਨੀ ਲਾਲ ਸਿੰਘ, ਲੀਲਾ ਸਿੰਘ ਪੁੱਤਰ ਅੰਤਾ ਸਿੰਘ, ਪਪਲੀ ਸਿੰਘ ਪੁੱਤਰ ਛੋਟੂ ਸਿੰਘ, ਬਲਵੰਤ ਸਿੰਘ ਪੁੱਤਰ ਜੰਗ ਸਿੰਘ, ਕੇਵਲ ਸਿੰਘ ਪੁੱਤਰ ਸੁਖਦੇਵ ਸਿੰਘ ਤੇ ਰਿਖੀ ਸਿੰਘ ਪੁੱਤਰ ਦਾਰਾ ਸਿੰਘ ਨੂੰ ਕੈਂਸਰ ਰੂਪੀ ਦੈਂਤ ਨਿਗਲ ਚੁੱਕਾ ਹੈ | ਇਸ ਤੋਂ ਇਲਾਵਾ ਸੱਤ ਵਿਅਕਤੀ ਧੰਨਾ ਸਿੰਘ ਪੁੱਤਰ ਬਚਨ ਸਿੰਘ, ਕਰਨੈਲ ਕੌਰ ਪਤਨੀ ਸੰਤੂ ਸਿੰਘ, ਜਰਨੈਲ ਕੌਰ ਪਤਨੀ ਲਾਲ ਸਿੰਘ, ਤੇਜ ਕੌਰ ਪਤਨੀ ਤੁਲਸੀ ਸਿੰਘ, ਬਲਵਿੰਦਰ ਸਿੰਘ ਪੁੱਤਰ ਤਿ੍ਲੋਕ ਸਿੰਘ, ਕਾਕਾ ਸਿੰਘ ਪੁੱਤਰ ਸੁੱਚਾ ਸਿੰਘ ਤੇ ਅਵਤਾਰ ਸਿੰਘ ਪੁੱਤਰ ਆਤਮਾ ਸਿੰਘ ਕੈਂਸਰ ਨਾਲ ਪੀੜਤ ਹੋ ਕੇ ਜੀਵਨ ਦੀਆਂ ਆਖਰੀ ਘੜੀਆਂ ਗਿਣ ਰਹੇ ਹਨ | ਇਹਨਾਂ ਵਿੱਚੋਂ ਤਿੰਨ ਵਿਅਕਤੀ ਜਨਰਲ ਤੇ ਬਾਕੀ ਸਾਰੇ ਐੱਸ ਸੀ ਵਰਗ ਨਾਲ ਸੰਬੰਧਤ ਹਨ |
ਅਰਸ਼ੀ ਨੇ ਦੱਸਿਆ ਕਿ ਦਲਿਤ ਆਬਾਦੀ ਦੇ ਗੰਦੇ ਪਾਣੀ ਦਾ ਕੋਈ ਨਿਕਾਸ ਨਹੀਂ ਹੈ, ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਵੜ ਰਿਹਾ ਹੈ ਅਤੇ ਘਰਾਂ ਦਾ ਪਾਣੀ ਬਾਹਰ ਨਹੀਂ ਜਾ ਰਿਹਾ | ਕੈਂਸਰ ਰੂਪੀ ਕਹਿਰ ਦਾ ਮੁੱਖ ਕਾਰਨ ਹੈ ਕਿ ਵਾਟਰ ਵਰਕਸ ਦੇ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਲੋਕ ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ ਹਨ | ਵਾਟਰ ਵਰਕਸ 6 ਕਿਲੋਮੀਟਰ ਦੀ ਦੂਰੀ ‘ਤੇ ਦੂਜੇ ਪਿੰਡ ਵਿਖੇ ਸਥਿਤ ਹੋਣ ਕਰਕੇ ਸਮੁੱਚੇ ਪਿੰਡ ਵਿੱਚ ਕੇਵਲ ਇੱਕ ਅੱਧੇ ਨੀਵੇਂ ਮੁਹੱਲੇ ਵਿੱਚ ਨਾ-ਮਾਤਰ ਪਾਣੀ ਹੀ ਪੁੱਜਦਾ ਹੈ | ਪਿੰਡ ਦੇ ਲੋਕ ਲੰਮੇ ਸਮੇਂ ਤੋਂ ਪਿੰਡ ਵਿੱਚ ਨਵਾਂ ਵਾਟਰ ਵਰਕਸ ਸਥਾਪਤ ਕਰਨ ਦੀ ਮੰਗ ਕਰ ਰਹੇ ਹਨ ਤੇ ਆਪਣੇ ਹਿੱਸੇ ਦੀ ਰਾਸ਼ੀ ਵੀ ਜਮ੍ਹਾਂ ਕਰਵਾ ਚੁੱਕੇ ਹਨ | ਕਮਿਊਨਿਸਟ ਆਗੂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਹਿਲ ਦੇ ਅਧਾਰ ‘ਤੇ ਦਲਿਤ ਅਬਾਦੀ ਵਿੱਚ ਖੜੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰੇ, ਸਮੁੱਚੀ ਐੱਸ ਸੀ ਵਸੋਂ ਦੀ ਡਾਕਟਰੀ ਟੀਮਾਂ ਭੇਜ ਕੇ ਮੈਡੀਕਲ ਜਾਂਚ ਕਰਵਾਏ | ਉਨ੍ਹਾ ਮੁੱਖ ਮੰਤਰੀ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਕੈਂਸਰ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਵਾਰਾਂ ਤੇ ਪੀੜਤਾਂ ਨੂੰ ਦੋ-ਦੋ ਲੱਖ ਰੁਪਏ ਤੁਰੰਤ ਸਹਾਇਤਾ ਰਾਸ਼ੀ ਦਿੱਤੀ ਜਾਵੇ |