ਬੇਰੁਜ਼ਗਾਰੀ ਦਰ ‘ਚ ਵਾਧਾ ਜਾਰੀ

0
264

ਮੋਦੀ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ ਲਗਾਤਾਰ ਵਧ ਰਹੀ ਹੈ | ਨਵੰਬਰ ਮਹੀਨੇ ਵਿਚ ਇਹ 8 ਫੀਸਦੀ ਹੋ ਗਈ, ਯਾਨੀ ਕਿ ਇਕ ਹਜ਼ਾਰ ਬੰਦੇ ਕੰਮ ਕਰਨ ਲਈ ਤਿਆਰ ਸਨ ਪਰ ਉਨ੍ਹਾਂ ਵਿੱਚੋਂ 80 ਨੂੰ ਕੰਮ ਨਹੀਂ ਮਿਲਿਆ | ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨੌਮੀ (ਸੀ ਐੱਮ ਆਈ ਈ) ਵੱਲੋਂ ਪਹਿਲੀ ਦਸੰਬਰ ਨੂੰ ਜਾਰੀ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਦੀ ਇਹ ਦਰ ਪਿਛਲੇ ਤਿੰਨ ਮਹੀਨਿਆਂ ਵਿਚ ਸਭ ਤੋਂ ਵੱਧ ਹੈ | ਅਕਤੂਬਰ ਵਿਚ 7.77 ਫੀਸਦੀ ਸੀ | ਨਵੰਬਰ ਵਿਚ ਸ਼ਹਿਰੀ ਬੇਰੁਜ਼ਗਾਰੀ ਦੀ ਦਰ ਪਿਛਲੇ ਮਹੀਨੇ ਦੀ 7.21 ਫੀਸਦੀ ਤੋਂ ਵਧ ਕੇ 8.96 ਫੀਸਦੀ ਹੋ ਗਈ | ਪੇਂਡੂ ਬੇਰੁਜ਼ਗਾਰੀ ਦੀ ਦਰ 8.04 ਫੀਸਦੀ ਤੋਂ ਕੁਝ ਘਟ ਕੇ 7.55 ਫੀਸਦੀ ‘ਤੇ ਆ ਗਈ |
ਸਰਕਾਰ ਬੇਰੁਜ਼ਗਾਰੀ ਦੇ ਮਾਸਕ ਅੰਕੜੇ ਜਾਰੀ ਨਹੀਂ ਕਰਦੀ, ਪਰ ਮੁੰਬਈ ਅਧਾਰਤ ਸੀ ਐੱਮ ਆਈ ਈ ਹਰ ਮਹੀਨੇ 15 ਸਾਲ ਦੀ ਉਮਰ ਤੋਂ ਉੱਪਰ ਦੇ ਲੋਕਾਂ ਦਾ ਘਰ-ਘਰ ਸਰਵੇ ਕਰਕੇ ਮਾਸਕ ਰਿਪੋਰਟ ਤਿਆਰ ਕਰਦਾ ਹੈ | ਇਸ ਦੇ ਨਵੰਬਰ ਦੇ ਅੰਕੜਿਆਂ ਵਿਚ ਹੈਰਾਨਕੁੰਨ ਅੰਕੜਾ ਕਾਂਗਰਸ ਸ਼ਾਸਤ ਪ੍ਰਦੇਸ਼ ਛੱਤੀਸਗੜ੍ਹ ਦਾ ਹੈ, ਜਿਥੇ ਬੇਰੁਜ਼ਗਾਰੀ ਦੀ ਦਰ 0.1 ਫੀਸਦੀ ਰਹੀ | ਇਸੇ ਮਹੀਨੇ ਭਾਜਪਾ ਦੀ ਅਗਵਾਈ ਵਾਲੇ ਹਰਿਆਣਾ ਵਿਚ ਦਰ 30.6 ਫੀਸਦੀ ਰਹੀ | ਪੰਜਾਬ ਵਿਚ ਕੌਮੀ ਔਸਤ ਦੇੇ ਲੱਗਪੱਗ ਬਰਾਬਰ 7.8 ਫੀਸਦੀ ਰਹੀ | ਕੋਰੋਨਾ ਮਹਾਂਮਾਰੀ ਨੇ ਤਾਂ ਇਕ ਤਰ੍ਹਾਂ ਸਭ ਨੂੰ ਬੇਰੁਜ਼ਗਾਰ ਕਰ ਦਿੱਤਾ ਸੀ, ਪਰ ਉਸ ਤੋਂ ਬਾਅਦ ਵੀ ਸਥਿਤੀ ਸੰਭਲ ਨਹੀਂ ਰਹੀ | 2022 ਦੇ ਜਨਵਰੀ ਤੋਂ ਲੈ ਕੇ ਹੁਣ ਤੱਕ ਦੇ ਅੰਕੜੇ ਦੱਸਦੇ ਹਨ ਕਿ ਇਹ ਸਾਢੇ 6 ਫੀਸਦੀ ਤੋਂ ਥੱਲੇ ਕਦੇ ਨਹੀਂ ਆਈ | ਜਨਵਰੀ ਵਿਚ 6.56 ਫੀਸਦੀ, ਫਰਵਰੀ ਵਿਚ 8.11 ਫੀਸਦੀ, ਮਾਰਚ ਵਿਚ 7.57 ਫੀਸਦੀ, ਅਪ੍ਰੈਲ ਵਿਚ 7.83 ਫੀਸਦੀ, ਮਈ ਵਿਚ 7.14 ਫੀਸਦੀ, ਜੂਨ ਵਿਚ 7.83 ਫੀਸਦੀ, ਜੁਲਾਈ ਵਿਚ 6.83 ਫੀਸਦੀ, ਅਗਸਤ ਵਿਚ 8.28 ਫੀਸਦੀ, ਸਤੰਬਰ ਵਿਚ 6.43 ਫੀਸਦੀ, ਅਕਤੂਬਰ ਵਿਚ 7.77 ਫੀਸਦੀ ਸੀ |

LEAVE A REPLY

Please enter your comment!
Please enter your name here