ਗੋਲਡੀ ਅਮਰੀਕਾ ‘ਚ ਫੜਿਆ ਗਿਆ

0
337

ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਾਡ ਦੱਸੇ ਜਾਂਦੇ ਗੋਲਡੀ ਬਰਾੜ ਅਮਰੀਕਾ ਦੇ ਕੈਲੀਫੋਰਨੀਆ ਵਿਚ ਹੱਥੇ ਚੜ੍ਹ ਚੁੱਕਾ ਹੈ | ਦੱਸਿਆ ਜਾਂਦਾ ਹੈ ਕਿ ਉਹ 20 ਨਵੰਬਰ ਨੂੰ ਫੜਿਆ ਗਿਆ, ਪਰ ਕੈਲੇਫੋਰਨੀਆ ਪੁਲਸ ਨੇ ਇਸ ਦੀ ਅਜੇ ਤੱਕ ਸਰਕਾਰੀ ਅਤੇ ਵਿਭਾਗੀ ਤੌਰ ‘ਤੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਕੋਈ ਜਾਣਕਾਰੀ ਨਹੀਂ ਸੀ ਦਿੱਤੀ | ਤਾਂ ਵੀ ਇਹ ਜਾਣਕਾਰੀ ਭਾਰਤੀ ਖੁਫੀਆ ਵਿਭਾਗ ਤੱਕ ਪਹੁੰਚ ਗਈ ਹੈ |
ਮਾਨਸਾ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਉਸ ਨੂੰ ਬਿਨਾਂ ਪਾਸਪੋਰਟ ਤੋਂ ਫੜਿਆ ਗਿਆ ਹੈ ਅਤੇ ਉਸ ਵਿਰੁੱਧ ਪਹਿਲਾਂ ਹੀ ਦੋ ਪੁਰਾਣੇ ਕੇਸਾਂ ‘ਚ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕੇ ਹਨ | ਉਹ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਰਾਜਸੀ ਸ਼ਰਨ ਲੈਣ ਲਈ ਕੈਲੀਫੋਰਨੀਆ ਚਲਾ ਗਿਆ ਸੀ | ਹੁਣ ਭਾਰਤ ਸਰਕਾਰ ਰੈੱਡ ਕਾਰਨਰ ਨੋਟਿਸ ਦੇ ਸਬੂਤ ਅਮਰੀਕਾ ਸਰਕਾਰ ਨੂੰ ਦੇ ਕੇ ਉਸ ਨੂੰ ਭਾਰਤ ਵਿਚ ਲਿਆਉਣ ਲਈ ਚਾਰਾਜੋਈ ਕਰੇਗੀ |
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਵਜੋਂ ਗੋਲਡੀ ਬਰਾੜ ਨੂੰ ਹਿਰਾਸਤ ‘ਚ ਲੈਣ ਦੀ ਤਸਦੀਕ ਕਰਦੇ ਹਨ | ਉਨ੍ਹਾ ਕਿਹਾ ਕਿ ਕੈਲੀਫੋਰਨੀਆ ਪੁਲਸ ਨੇ ਸਾਡੇ ਨਾਲ ਸੰਪਰਕ ਕੀਤਾ ਹੈ | ਗੋਲਡੀ ਬਰਾੜ ਨੂੰ ਜਲਦ ਭਾਰਤ ਲਿਆਂਦਾ ਜਾਵੇਗਾ ਤੇ ਉਹ ਛੇਤੀ ਪੰਜਾਬ ਪੁਲਸ ਦੀ ਗਿ੍ਫਤ ‘ਚ ਹੋਵੇਗਾ |
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਹਾਲੇ ਤੱਕ ਕਿਸੇ ਸਰਕਾਰੀ ਜਾਂ ਪੰਜਾਬ ਪੁਲਸ ਦੇ ਅਧਿਕਾਰੀ ਨੇ ਉਨ੍ਹਾ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਹੈ | ਉਨ੍ਹਾ ਨੂੰ ਗੋਲਡੀ ਦੇ ਫੜੇ ਜਾਣ ਸੰਬੰਧੀ ਮੀਡੀਆ ਰਾਹੀਂ ਪਤਾ ਲੱਗਿਆ ਹੈ | ਉਨ੍ਹਾ ਮੂਸਾ ਵਿਖੇ ਆਪਣੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਂਝ ਉਸ ਦੇ ਫੜੇ ਦੀ ਉਨ੍ਹਾ ਨੂੰ ਬਹੁਤ ਖੁਸ਼ੀ ਹੈ ਅਤੇ ਹੁਣ ਇਨਸਾਫ ਮਿਲਣ ਦੀ ਉਮੀਦ ਹੈ | ਉਨ੍ਹਾ ਕਿਹਾ ਕਿ ਉਸ ਨੂੰ ਭਾਰਤ ਲਿਆਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਉਸ ਤੋਂ ਨਾਰਕੋ ਟੈੱਸਟ ਦੇ ਆਧਾਰ ਉੱਤੇ ਪੁੱਛ-ਪੜਤਾਲ ਕਰਨੀ ਚਾਹੀਦੀ ਹੈ | ਉਨ੍ਹਾ ਇਹ ਵੀ ਕਿਹਾ ਕਿ ਲਾਰੈਂਸ ਬਿਸ਼ਨੋਈ ਅਤੇ ਸੰਗੀਤ ਜਗਤ ਦੇ ਬੰਦਿਆਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੜਤਾਲ ਕਰਵਾਈ ਜਾਵੇ ਤਾਂ ਅਸਲੀਅਤ ਸਾਹਮਣੇ ਲਿਆਂਦੀ ਜਾ ਸਕਦੀ ਹੈ |

LEAVE A REPLY

Please enter your comment!
Please enter your name here