ਆਜ਼ਮ ਖਾਨ ਖ਼ਿਲਾਫ਼ ਇਕ ਹੋਰ ਮਾਮਲਾ ਦਰਜ

0
301

ਰਾਮਪੁਰ : ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਆਜ਼ਮ ਖਾਨ ਖ਼ਿਲਾਫ਼ ਰਾਮਪੁਰ ਉਪ ਚੋਣ ਪ੍ਰਚਾਰ ਦੌਰਾਨ ਭੜਕਾਊ ਭਾਸ਼ਣ ਦੇਣ ਲਈ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ | ਦੋ ਦਿਨਾਂ ਵਿੱਚ ਉਸ ਖ਼ਿਲਾਫ਼ ਇਹ ਦੂਜਾ ਕੇਸ ਦਰਜ ਕੀਤਾ ਗਿਆ ਹੈ | ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ 1 ਦਸੰਬਰ ਨੂੰ ਰਾਮਪੁਰ ਆਏ ਸਨ | ਯਾਦਵ ਨੇ ਵਿਧਾਨ ਸਭਾ ਉਪ ਚੋਣ ‘ਚ ਸਪਾ ਉਮੀਦਵਾਰ ਅਸੀਮ ਰਾਜਾ ਦੇ ਸਮਰਥਨ ‘ਚ ਕਿਲ੍ਹਾ ਮੈਦਾਨ ‘ਚ ਜਨ ਸਭਾ ਨੂੰ ਸੰਬੋਧਨ ਕੀਤਾ ਸੀ | ਇਸ ਦੌਰਾਨ ਆਜ਼ਮ ਖਾਨ ਨੇ ਇਕ ਭਾਸ਼ਣ ਵੀ ਦਿੱਤਾ, ਜਿਸ ‘ਚ ਉਨ੍ਹਾ ਪੁਲਸ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਚੋਣ ਕਮਿਸ਼ਨ ‘ਤੇ ਨਿਸ਼ਾਨਾ ਸਾਧਿਆ | ਆਜ਼ਮ ਖਾਨ ਨੇ ਕਿਹਾ ਸੀ— ਮੁੱਖ ਚੋਣ ਕਮਿਸ਼ਨਰ ਸਾਹਿਬ, ਤੁਸੀਂ ਇੱਥੇ ਆ ਕੇ ਵਿਧਾਇਕ ਦਾ ਸਰਟੀਫਿਕੇਟ ਦਿਓ | ਅਸੀਂ ਵੀ ਮੂਰਖਾਂ ਵਾਂਗ ਤਾੜੀਆਂ ਵਜਾਵਾਂਗੇ | ਇਹ ਜ਼ਰੂਰੀ ਹੈ ਕਿ ਤੁਸੀਂ ਖੁਦ ਕੁਝ ਸ਼ਰਾਰਤ ਕਰੋ, ਸਾਨੂੰ ਵੀ ਮੂਰਖ ਬਣਾਓ | ਆਜ਼ਮ ਖਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ‘ਓਏ, ਭੰਡਗਿਰੀ ਨਾਲ ਸਿਆਸਤ ਨਹੀਂ ਹੁੰਦੀ, ਭੰਡਗਿਰੀ ਨਾਲ ਦੇਸ਼ ਨਹੀਂ ਚੱਲਦਾ |’ ਉਨ੍ਹਾ ਦੇ ਬਿਆਨ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ | ਇਸ ਸੰਬੰਧੀ ਕੇਸ ਵੀ ਦਰਜ ਕਰ ਲਿਆ ਗਿਆ ਹੈ | ਨਹਿਰੀ ਸੈਕਸ਼ਨ ਦੇ ਜੂਨੀਅਰ ਇੰਜੀਨੀਅਰ ਅਤੇ ਵੀਡੀਓ ਸਰਵੀਲੈਂਸ ਟੀਮ ਦੇ ਇੰਚਾਰਜ ਸੁਰੇਸ਼ ਕੁਮਾਰ ਸਾਗਰ ਨੇ ਇਸ ਮਾਮਲੇ ਵਿੱਚ ਥਾਣਾ ਸਿਟੀ ਵਿੱਚ ਰਿਪੋਰਟ ਦਰਜ ਕਰਵਾਈ ਹੈ | ਰਿਪੋਰਟ ਆਈ ਪੀ ਸੀ ਦੀ ਧਾਰਾ 153 (ਏ), 505 (1) (ਬੀ) ਅਤੇ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 125 ਤਹਿਤ ਲਿਖੀ ਗਈ ਹੈ | ਪੁਲਸ ਸੁਪਰਡੈਂਟ ਅਸ਼ੋਕ ਕੁਮਾਰ ਸ਼ੁਕਲਾ ਨੇ ਕਿਹਾ ਕਿ ਆਜ਼ਮ ਖਾਨ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਤੋਂ ਇਲਾਵਾ ਸੰਵਿਧਾਨਕ ਸੰਸਥਾਵਾਂ ਵਿਰੁੱਧ ਝੂਠੀ ਬਿਆਨਬਾਜ਼ੀ ਕਰਨ ਦਾ ਦੋਸ਼ ਹੈ, ਇਸ ਲਈ ਉਹਨਾ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਗਈ ਹੈ | ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਔਰਤਾਂ ਬਾਰੇ ਅਸ਼ਲੀਲ ਟਿੱਪਣੀਆਂ ਕਰਨ ਅਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ ਹੇਠ ਗੰਜ ਥਾਣੇ ਵਿੱਚ ਉਹਨਾ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਗਈ ਸੀ | ਹੁਣ ਆਜ਼ਮ ਖਾਨ ਖਿਲਾਫ ਬਕਾਇਆ ਮਾਮਲਿਆਂ ਦੀ ਗਿਣਤੀ 95 ਹੋ ਗਈ ਹੈ |

LEAVE A REPLY

Please enter your comment!
Please enter your name here