ਨਵੀਂ ਦਿੱਲੀ : ਅਗਨੀਪਥ ਯੋਜਨਾ ਤਹਿਤ ਜਲ ਸੈਨਾ ਵਿੱਚ 3000 ਲੋਕਾਂ ਦਾ ਪਹਿਲਾ ਜਥਾ ਤਿਆਰ ਹੈ, ਜਿਸ ਵਿੱਚ 341 ਮਹਿਲਾ ਮਲਾਹ ਹਨ | ਕਿਸ਼ਤੀ ਵਿੱਚ ਪਹਿਲੀ ਵਾਰ ਮਹਿਲਾ ਮਲਾਹ ਹੋਣਗੀਆਂ ਅਤੇ ਫਿਰ ਅਗਲੇ ਸਾਲ ਤੋਂ ਮਹਿਲਾ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ | ਨੇਵੀ ਚੀਫ ਐਡਮਿਰਲ ਆਰ ਹਰੀ ਕੁਮਾਰ ਨੇ ਇਹ ਜਾਣਕਾਰੀ ਦਿੱਤੀ | ਉਨ੍ਹਾ ਦੱਸਿਆ ਕਿ ਸਾਰੀਆਂ ਸ਼ਾਖਾਵਾਂ ਸਾਰਿਆਂ ਲਈ ਖੁੱਲ੍ਹੀਆਂ ਰਹਿਣਗੀਆਂ | ਅਗਨੀਵੀਰਾਂ ਦੇ ਪਹਿਲੇ ਬੈਚ ਦੀਆਂ ਰਿਪੋਰਟਾਂ ਅਨੁਸਾਰ ਲਗਭਗ 3,000 ਅਗਨੀਵੀਰ ਸ਼ਾਮਲ ਹੋਏ ਹਨ, ਜਿਨ੍ਹਾਂ ਵਿੱਚੋਂ 341 ਦੇ ਕਰੀਬ ਔਰਤਾਂ ਹਨ | ਅਗਲੇ ਸਾਲ ਅਸੀਂ ਸਾਰੀਆਂ ਸ਼ਾਖਾਵਾਂ ਵਿੱਚ ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕਰਨ ਬਾਰੇ ਸੋਚ ਰਹੇ ਹਾਂ, ਨਾ ਕਿ ਸਿਰਫ 7-8 ਸ਼ਾਖਾਵਾਂ ਜੋ ਅੱਜ ਤੱਕ ਸੀਮਤ ਹਨ | ਇਸ ਤੋਂ ਪਹਿਲਾਂ ਜਲ ਸੈਨਾ ਮੁਖੀ ਨੇ ਕਿਹਾ ਸੀ ਕਿ ‘ਅਗਨੀਪਥ’ ਇਕ ਸ਼ਾਨਦਾਰ ਯੋਜਨਾ ਹੈ, ਜਿਸ ਨੂੰ ਵਿਸਤਿ੍ਤ ਵਿਚਾਰ-ਵਟਾਂਦਰੇ ਅਤੇ ਵਿਆਪਕ ਅਧਿਐਨ ਤੋਂ ਬਾਅਦ ਪੇਸ਼ ਕੀਤਾ ਗਿਆ ਹੈ ਕਿ ਕਿਵੇਂ ਹੋਰ ਹਥਿਆਰਬੰਦ ਬਲਾਂ ਨੇ ਆਪਣੀ ਮਨੁੱਖੀ ਸ਼ਕਤੀ ਨੂੰ ਸੰਗਠਿਤ ਕੀਤਾ ਹੈ | ਉਨ੍ਹਾ ਇਹ ਗੱਲ ਇਥੇ ‘ਭਾਰਤ ਦੀ ਜਲ ਕ੍ਰਾਂਤੀ : ਉਭਰਦੀ ਸਮੁੰਦਰੀ ਸ਼ਕਤੀ’ ਵਿਸ਼ੇ ‘ਤੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਮੌਕੇ ਕਹੀ | ਜਲ ਸੈਨਾ ਮੁਖੀ ਨੇ ਕਿਹਾ ਕਿ ਇਹ ਵਿਚਾਰ 2020 ਦੇ ਅੱਧ ਦੇ ਆਸ-ਪਾਸ ਸਾਹਮਣੇ ਆਇਆ ਸੀ ਅਤੇ ਇਸ ਨੂੰ ਅਮਲ ਵਿੱਚ ਲਿਆਉਣ ਵਿੱਚ ਲਗਭਗ ਦੋ ਸਾਲ ਲੱਗ ਗਏ ਸਨ | ਸੰਵਾਦ ਦੌਰਾਨ ਸੰਚਾਲਕ ਨੇ ‘ਅਗਨੀਪਥ’ ਸਕੀਮ ਨਾਲ ਸੰਬੰਧਤ ਇੱਕ ਸਵਾਲ ਪੁੱਛਿਆ, ਜਿਸ ਦੇ ਜਵਾਬ ਵਿੱਚ ਐਡਮਿਰਲ ਕੁਮਾਰ ਨੇ ਕਿਹਾ, ਇਹ ਇੱਕ ਸ਼ਾਨਦਾਰ ਯੋਜਨਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਅਤੇ ਕਈ ਸਾਲ ਪਹਿਲਾਂ ਆ ਜਾਣੀ ਚਾਹੀਦੀ ਸੀ | ਉਨ੍ਹਾ ਕਿਹਾ ਹਥਿਆਰਬੰਦ ਬਲਾਂ ਵਿੱਚ ਉਮਰ ਸੀਮਾ ਨੂੰ ਹੇਠਾਂ ਲਿਆਉਣ ਦੀ ਲੋੜ ਹੈ | ਜਲ ਸੈਨਾ ਮੁਖੀ ਨੇ ਕਿਹਾ ਕਿ ਉਸ ਸਮੇਂ ਔਸਤ ਉਮਰ 32 ਸਾਲ ਸੀ ਅਤੇ ਇਸ ਨੂੰ ਘਟਾ ਕੇ 25-26 ਸਾਲ ਕਰਨ ਦੀ ਸਿਫਾਰਸ਼ ਕੀਤੀ ਗਈ |





