ਕਾਮਰੇਡ ਭਗਵਾਨ ਸਿੰਘ ਅਣਖੀ ਦੀ ਯਾਦ ‘ਚ ਅੱਜ ਵਿਸ਼ਾਲ ਸਮਾਗਮ

0
326

ਪਟਿਆਲਾ : ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਕਾਮਰੇਡ ਭਗਵਾਨ ਸਿੰਘ ਅਣਖੀ ਦੀ 31ਵੀਂ ਬਰਸੀ ਮੰਗਲਵਾਰ ਫੈਕਟਰੀ ਏਰੀਆ ਪਟਿਆਲਾ ਵਿਖੇ ਅਣਖੀ ਯਾਦਗਾਰੀ ਭਵਨ ਵਿੱਚ ਹਰੇਕ ਸਾਲ ਦੀ ਤਰ੍ਹਾਂ ਮਨਾਈ ਜਾ ਰਹੀ ਹੈ, ਜਿਸ ਵਿੱਚ ਸੂਬਾ ਭਰ ਤੋਂ ਕਾਮਰੇਡ ਅਣਖੀ ਦੇ ਵਾਰਸ ਆਪਣੇ ਮਹਿਬੂਬ ਆਗੂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਵਹੀਰਾਂ ਘੱਤ ਕੇ ਪਹੁੰਚਣਗੇ | ਜਥੇਬੰਦੀ ਦੀ ਸੂਬਾ ਲੀਡਰਸ਼ਿਪ ਤੋਂ ਇਲਾਵਾ ਪੰਜਾਬ ਏਟਕ ਦੇ ਪ੍ਰਧਾਨ ਬੰਤ ਬਰਾੜ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਜਗਰੂਪ ਸਿੰਘ, ਸੁਖਦੇਵ ਸ਼ਰਮਾ ਸਮੇਤ ਜਥੇਬੰਦੀ ਦੇ ਸਾਬਕਾ ਸੂਬਾਈ ਆਗੂਆਂ, ਪੈਨਸ਼ਨਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਧੇਸ਼ਿਆਮ ਸਮੇਤ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਾਮਰੇਡ ਅਣਖੀ ਦੇ ਜੁਝਾਰੂ ਜੀਵਨ ਨੂੰ ਚੇਤੇ ਕਰਦਿਆਂ ਸਰਮਾਏਦਾਰ ਪੱਖੀ ਹਾਕਮ ਜਮਾਤਾਂ ਵੱਲੋਂ ਮੁਲਾਜ਼ਮਾਂ-ਮਜਦੂਰਾਂ ਸਮੇਤ ਦੇਸ਼ ਦੀ ਕਿਸਾਨੀ ਖਿਲਾਫ਼ ਵਿੱਢੇ ਚੌਤਰਫੀ ਹਮਲਿਆਂ ਨੂੰ ਠੱਲ੍ਹਣ ਸਮੇਤ ਪਬਲਿਕ ਸੈਕਟਰ ਦੀ ਰਾਖੀ ਲਈ ਵਿਸ਼ਾਲ ਲਾਮਬੰਦੀ ਕਰਨ ਲਈ ਪ੍ਰੇਰਦਿਆਂ ਕਾਮਰੇਡ ਅਣਖੀ, ਕਾਮਰੇਡ ਸਤਨਾਮ ਸਿੰਘ ਛਲੇੜੀ, ਕਾਮਰੇਡ ਐੱਚ ਐੱਸ ਪ੍ਰਮਾਰ ਸਮੇਤ ਵਿਛੜ ਚੁੱਕੇ ਆਗੂਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ |
ਸ਼ਰਧਾਂਜਲੀ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਆਗੂ ਹਰਭਜਨ ਸਿੰਘ ਪਿਲਖਣੀ ਅਤੇ ਜਥੇਬੰਦੀ ਦੇ ਜਨਰਲ ਸਕੱਤਰ ਸੁਰਿੰਦਰ ਪਾਲ ਲਾਹੌਰੀਆ ਨੇ ਦੱਸਿਆ ਕਿ ਸ਼ਰਧਾਂਜਲੀ ਸਮਾਗਮ ਦੇ ਸ਼ੁਰੂ ਹੋਣ ਤੋ ਪਹਿਲਾਂ ਜਥੇਬੰਦੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨਿਭਾਉਣਗੇ, ਉਪਰੰਤ ਵਿਛੋੜਾ ਦੇ ਗਏ ਆਗੂਆਂ ਅਤੇ ਹੋਰ ਨਾਮਵਰ ਸ਼ਖਸੀਅਤਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਹੋਵੇਗੀ | ਇਸ ਮੌਕੇ ਕਾਮਰੇਡ ਅਣਖੀ ਨੂੰ ਸਮਰਪਿਤ ‘ਬਿਜਲੀ ਉਜਾਲਾ’ ਦਾ ਵਿਸੇਸ਼ ਅੰਕ ਰਿਲੀਜ਼ ਕਰਨ ਤੋ ਇਲਾਵਾ ਵਿੱਛੜ ਚੁੱਕੇ ਆਗੂਆਂ ਦੇ ਪਰਵਾਰਾਂ ਨੂੰ ਸਨਮਾਨਤ ਕੀਤਾ ਜਾਵੇਗਾ | ਚਾਹ ਅਤੇ ਲੰਗਰ ਦਾ ਵਧੀਆ ਪ੍ਰਬੰਧ ਪਟਿਆਲਾ ਸਰਕਲ ਦੇ ਪ੍ਰਧਾਨ ਗੁਰਦਿਆਲ ਸਿੰਘ ਬੱਬੂ ਅਤੇ ਸੂਬਾ ਆਗੂ ਬਲਜੀਤ ਕੁਮਾਰ ਦੀ ਅਗਵਾਈ ‘ਚ ਹੋਵੇਗਾ |

LEAVE A REPLY

Please enter your comment!
Please enter your name here