47 C
Jalandhar
Friday, June 14, 2024
spot_img

ਮੁਜ਼ਾਰਾ ਲਹਿਰ ਨੇ 17 ਹਜ਼ਾਰ ਏਕੜ ਦੇ ਹਲਵਾਹਕ ਕਿਸਾਨਾਂ ਨੂੰ ਮਾਲਕ ਬਣਾਇਆ : ਬੰਤ ਬਰਾੜ

ਬਰਨਾਲਾ : ਸੀ ਪੀ ਆਈ ਵੱਲੋਂ ਸਥਾਨਕ ਬਾਬਾ ਅਰਜਨ ਸਿੰਘ ਭਦੌੜ ਯਾਦਗਾਰੀ ਭਵਨ ਵਿਖੇ ਮੁਜ਼ਾਰਾ ਲਹਿਰ ਦੇ ਆਗੂ ਦੁੱਲਾ ਸਿੰਘ ਜਲਾਲਦੀਵਾਲ, ਰਾਮ ਸਿੰਘ ਭਦੌੜ, ਚੰਦ ਸਿੰਘ ਮਾਨ ਅਤੇ ਸਾਬਕਾ ਵਿਧਾਇਕ ਅਰਜਨ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ਏਟਕ ਦੇ ਸੂਬਾ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਵਿਸ਼ੇਸ਼ ਸ਼ਿਰਕਤ ਕੀਤੀ, ਜਦੋਂ ਕਿ ਉਜਾਗਰ ਸਿੰਘ ਬੀਹਲਾ, ਐਡਵੋਕੇਟ ਹਾਕਮ ਸਿੰਘ ਭੁੱਲਰ, ਜੁਗਰਾਜ ਰਾਮਾ, ਸੁਖਜੰਟ ਸਿੰਘ ਤੇ ਸਰਬਜੀਤ ਕੌਰ ਰੂੜੇਕੇ ਪ੍ਰਧਾਨਗੀ ਮੰਡਲ ‘ਚ ਸ਼ਾਮਲ ਸਨ |
ਮੰਚ ਸੰਚਾਲਕ ਤੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਖੁਸ਼ੀਆ ਸਿੰਘ ਬਰਨਾਲਾ ਵੱਲੋਂ ਮੁਜ਼ਾਰਾ ਲਹਿਰ ਦੇ ਆਗੂਆਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਸ਼ੁਰੂ ਹੋਏ ਸਮਾਗਮ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਬੰਤ ਸਿੰਘ ਬਰਾੜ ਨੇ ਆਜ਼ਾਦੀ ਨੇੜਲੇ ਸਮੇਂ ਦੌਰਾਨ ਚੱਲੀ ਮੁਜ਼ਾਰਾ ਲਹਿਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਮੁਜ਼ਾਰਾ ਲਹਿਰ ਦੇ ਆਗੂਆਂ ਪੰਜਾਬ ਕਿਸਾਨ ਸਭਾ ਗਠਿਤ ਕਰਕੇ ਕਿਸਾਨੀ ਲਈ ਤਕੜਾ ਘੋਲ ਲੜਿਆ | ਰਜਵਾੜਿਆਂ ਤੋਂ ਜ਼ਮੀਨਾਂ ਛੁਡਾ ਕੇ ਕਰੀਬ 17000 ਏਕੜ ਹਲਵਾਹਕ ਕਿਸਾਨਾਂ ਨੂੰ ਮਾਲਕ ਬਣਾਇਆ | ਅਜਿਹੇ ਸ਼ਾਨਾਮੱਤੇ ਇਤਿਹਾਸ ਵਾਲੀ ਮੌਜੂਦਾ ਪੰਜਾਬ ਕਿਸਾਨ ਸਭਾ ਦੇ ਅਧਾਰ ਨੂੰ ਲੱਗੇ ਖੋਰੇ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਭਾ ਵੱਲੋਂ ਇਤਿਹਾਸ ‘ਚ ਕੀਤੀਆਂ ਵੱਡੀਆਂ ਪ੍ਰਾਪਤੀਆਂ ਬਾਰੇ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੱਤਾ | ਉਨ੍ਹਾ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਵਿਸ਼ੇਸ਼ ਕਰਕੇ ਕਿਰਤੀਆਂ ਖ਼ਿਲਾਫ਼ ਨੀਤੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਵਧੀ ਮਹਿੰਗਾਈ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਰਹੀ ਹੈ, ਦੂਜੇ ਪਾਸੇ ਚਹੇਤੇ ਕਾਰਪੋਰੇਟਸ ਦਾ ਮੁਨਾਫ਼ਾ ਬੇਤਹਾਸ਼ਾ ਵਧ ਰਿਹਾ ਹੈ |
ਨਿਰਮਲ ਸਿੰਘ ਧਾਲੀਵਾਲ ਨੇ ਸੂਬੇ ਦੀ ‘ਆਪ’ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਆਪਣੇ ਚੁਣਾਵੀ ਦਾਅਵਿਆਂ ਤੇ ਵਾਅਦਿਆਂ ਦੇ ਉਲਟ ਕਿਰਤੀਆਂ ਦੀਆਂ ਮੰਗਾਂ ਤੋਂ ਟਾਲਾ ਵੱਟ ਕੇ ਉਨ੍ਹਾਂ ‘ਤੇ ਰਵਾਇਤੀ ਪਾਰਟੀਆਂ ਵਾਂਗ ਤਸ਼ੱਦਦ ਕਰ ਰਹੀ ਹੈ | ਉਹਨਾ ਮੰਗ ਕੀਤੀ ਕਿ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਕਿਰਤ ਕਾਨੂੰਨਾਂ ਅਨੁਸਾਰ 382 ਰੁਪਏ ਫੌਰੀ ਦਿੱਤੀ ਜਾਵੇ, ਐਕਟ ਮੁਤਾਬਕ ਕਾਮਿਆਂ ਲਈ ਸਾਲ ‘ਚ 100 ਦਿਨ ਕੰਮ ਸਮੇਤ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਜਾਣ, ਬਲਕਿ ਕੰਮ ਦਿਨ ਤੇ ਉਜਰਤਾਂ ‘ਚ ਜਥੇਬੰਦੀਆਂ ਦੀ ਮੰਗ ਅਨੁਸਾਰ ਵਾਧਾ ਕੀਤਾ ਜਾਵੇ | ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਰਾਜ ਸਿੰਘ ਰਾਮਾ ਤੇ ਸੀ ਪੀ ਆਈ ਜ਼ਿਲ੍ਹਾ ਸਕੱਤਰ ਖੁਸ਼ੀਆ ਸਿੰਘ ਨੇ ਸੂਬੇ ਦੇ ਸਮੂਹ ਵਿਭਾਗਾਂ ‘ਚ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕੇ ਕਰਨ, ਫੂਡ ਸਕਿਉਰਿਟੀ ਕਾਨੂੰਨ ਮੁਤਾਬਕ ਜਨਤਕ ਵੰਡ ਪ੍ਰਣਾਲੀ ਤਹਿਤ ਰਾਸ਼ਨ ਦੀ ਵੰਡ ਤੇ ਨਰੇਗਾ ਕਾਮਿਆਂ ਨੂੰ ਸਮੁੱਚੀਆਂ ਸੜਕਾਂ/ ਰਸਤਿਆਂ, ਡਰੇਨਾਂ, ਨਹਿਰਾਂ, ਰਜਵਾਹਿਆਂ ਦੀਆਂ ਪਟੜੀਆਂ ਦਾ ਕੰਮ ਵੀ ਦਿੱਤਾ ਜਾਵੇ, ਦੀ ਮੰਗ ਕੀਤੀ | ਇਸ ਮੌਕੇ ਮੋਹਣ ਸਿੰਘ, ਰਮੇਸ਼ ਕੁਮਾਰ ਤੇ ਧਰਮ ਸਿੰਘ ਆਦਿ ਨੇ ਵੀ ਵਿਚਾਰ ਰੱਖੇ |

Related Articles

LEAVE A REPLY

Please enter your comment!
Please enter your name here

Latest Articles