ਮਾਨਸਾ (ਆਤਮਾ ਸਿੰਘ ਪਮਾਰ)
ਕਾਰਪੋਰੇਟ ਪੱਖੀ ਮੋਦੀ ਸਰਕਾਰ ਤੋਂ ਲੋਕ-ਪੱਖੀ ਨੀਤੀਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਅਤੇ ਮੋਦੀ ਜੁੰਡਲੀ ਨੂੰ ਚਲਦਾ ਕਰਨ ਲਈ ਦੇਸ਼ ਦੀਆਂ ਧਰਮ-ਨਿਰਪੱਖ ਤਾਕਤਾਂ ਅਤੇ ਜਮਹੂਰੀ ਸ਼ਕਤੀਆਂ ਦੀ ਏਕਤਾ ਜ਼ਰੂਰੀ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਮੁਜ਼ਾਰਾ ਲਹਿਰ ਦੇ ਬਾਨੀ ਉੱਘੇ ਸੁਤੰਤਰਤਾ ਸੰਗਰਾਮੀ ਸਾਬਕਾ ਵਿਧਾਇਕ ਕਾਮਰੇਡ ਧਰਮ ਸਿੰਘ ਫੱਕਰ ਅਤੇ ਸਾਬਕਾ ਵਿਧਾਇਕ ਕਾਮਰੇਡ ਬੂਟਾ ਸਿੰਘ ਦੀ ਬਰਸੀ ਮੌਕੇ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ | ਉਹਨਾ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟਾਂ ਦੇ ਇਸ਼ਾਰੇ ‘ਤੇ ਕੰਮ ਕਰਦਿਆਂ ਧਰਮ, ਜਾਤੀ, ਰੰਗ, ਨਸਲ, ਖੇਤਰ ਅਤੇ ਭਾਸ਼ਾਵਾਦ ਦਾ ਸਹਾਰਾ ਲੈ ਕੇ ਮਨੁੱਖੀ ਕਦਰਾਂ-ਕੀਮਤਾਂ ਨੂੰ ਸਿਰਫ ਅਣਗੌਲਿਆ ਹੀ ਨਹੀਂ ਕੀਤਾ, ਸਗੋਂ ਮੁੱਢ ਤੋਂ ਨਕਾਰਿਆ ਹੈ, ਜਦੋਂਕਿ ਸੰਵਿਧਾਨਿਕ ਸੰਸਥਾਵਾਂ ਵਿੱਚ ਬੇਲੋੜਾ ਦਖਲ ਦੇ ਕੇ ਸੰਵਿਧਾਨ ਦੀਆਂ ਮੂਲ ਧਾਰਨਾਵਾਂ ਨੂੰ ਵਧੇਰੇ ਖਤਰੇ ਵੱਲ ਧੱਕਿਆ ਹੈ | ਉਹਨਾ ਦੇਸ਼ ਦੇ ਸੰਵਿਧਾਨ ਨੂੰ ਖਤਰਾ ਦੱਸਦਿਆਂ ਕਿਹਾ ਕਿ ਉਕਤ ਜੁੰਡਲੀ ਖਿਲਾਫ ਆਵਾਮ ਦੀ ਏਕਤਾ ਅਤਿ ਜ਼ਰੂਰੀ ਬਣ ਚੁੱਕੀ ਹੈ |
ਸਾਥੀ ਅਰਸ਼ੀ ਨੇ ਕਾਮਰੇਡ ਧਰਮ ਸਿੰਘ ਫੱਕਰ ਅਤੇ ਕਾਮਰੇਡ ਬੂਟਾ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਕਾਮਰੇਡ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਛੱਜੂ ਮੱਲ ਵੈਦ ਵਰਗੇ ਅਨੇਕਾਂ ਦਲੇਰ ਤੇ ਸੂਝਵਾਨ ਆਗੂਆਂ ਦੀ ਸੁਚੱਜੀ ਅਗਵਾਈ ਵਿੱਚ ਮੁਜ਼ਾਰਾ ਲਹਿਰ ਤਹਿਤ ਸੰਘਰਸ਼ ਲੜਿਆ ਗਿਆ ਸੀ, ਜੋ ਅੱਜ ਤੱਕ ਦਾ ਕਿਸਾਨੀ ਘੋਲਾਂ ਵਿੱਚੋਂ ਵਿਲੱਖਣ ਰਿਹਾ, ਜਿਸ ਨੇ ਘੱਟ ਜਾਨੀ ਨੁਕਸਾਨ ਸਹਿ ਕੇ 784 ਪਿੰਡਾਂ ਦੇ ਮੁਜ਼ਾਰਿਆਂ ਨੂੰ 16 ਲੱਖ ਤੋਂ ਵੱਧ ਏਕੜ ਜ਼ਮੀਨਾਂ ਦੇ ਮਾਲਕ ਬਣਾਇਆ ਸੀ | ਸੰਘਰਸ਼ ਅਜੇ ਰੁਕਿਆ ਨਹੀਂ, ਅਗਲੇ ਸੰਘਰਸ਼ਾਂ ਲਈ ਤਿਆਰ ਹੋਣਾ ਸਮੇਂ ਦੀ ਮੁੱਖ ਲੋੜ ਹੈ |
ਕਾਨਫਰੰਸ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਬੀ ਕੇ ਯੂ ਡਕੌਂਦਾ ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਸਰਕਾਰ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਮੋਦੀ ਸਰਕਾਰ ਖਿਲਾਫ ਖੇਤੀ ਕਾਨੂੰਨਾਂ ਵਿਰੁੱਧ ਲੜੇ ਅਤੇ ਜਿੱਤੇ ਸੰਘਰਸ਼ ਨੂੰ ਅਮਨ ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਦੇ ਸਹਾਰੇ ਸਰਕਾਰ ਤੇ ਏਜੰਸੀਆਂ ਬਦਨਾਮ ਕਰਨ ਵਿੱਚ ਜੁਟੀਆਂ ਹੋਈਆਂ ਹਨ | ਆਗੂਆਂ ਨੇ ਕਿਹਾ ਕਿ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ਾਂ ਦਾ ਦੌਰ ਫਿਰ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ, ਜੋ ਜਿੱਤ ਪ੍ਰਾਪਤ ਕਰਨ ਤੱਕ ਜਾਰੀ ਰਹੇਗਾ |
ਇਸ ਮੌਕੇ ਛੱਜੂ ਰਾਮ ਰਿਸ਼ੀ, ਮਲਕੀਤ ਸਿੰਘ ਮੰਦਰਾਂ, ਭਜਨ ਸਿੰਘ ਘੁੰਮਣ, ਮਹਿੰਦਰ ਸਿੰਘ, ਨਿਰਮਲ ਸਿੰਘ ਝੰਡੂਕੇ, ਕੁਲਵਿੰਦਰ ਉੱਡਤ, ਧੰਨਾ ਮੱਲ ਗੋਇਲ ਨੇ ਕਿਹਾ ਕਿ ਕਿਸਾਨ-ਮਜ਼ਦੂਰ ਏਕਤਾ ਨੂੰ ਬਰਕਰਾਰ ਰੱਖਣ ਲਈ ਸਾਂਝੇ ਘੋਲ ਸਮੇਂ ਦੀ ਮੁੱਖ ਲੋੜ ਹੈ | ਕਾਨਫਰੰਸ ਰੂਪ ਸਿੰਘ ਢਿੱਲੋਂ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ ਅਤੇ ਉਜਾਗਰ ਸਿੰਘ ਦੇ ਪ੍ਰਧਾਨਗੀ ਮੰਡਲ ਅਤੇ ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਦੀ ਅਗਵਾਈ ਹੇਠ ਹੋਈ |
ਇਨਕਲਾਬੀ ਗਾਇਕ ਸੁਖਬੀਰ ਖਾਰਾ ਤੇ ਅਜਮੇਰ ਕੋਮਲ ਵੱਲੋਂ ਗੀਤ-ਸੰਗੀਤ ਤੋਂ ਇਲਾਵਾ ਲੋਕ-ਪੱਖੀ ਨਾਟਕ ਪੇਸ਼ ਕੀਤੇ ਗਏ | ਕਾਮਰੇਡ ਧਰਮ ਸਿੰਘ ਫੱਕਰ ਤੇ ਕਾਮਰੇਡ ਬੂਟਾ ਸਿੰਘ ਦੇ ਪਰਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਸੀਤਾ ਰਾਮ ਗੋਬਿੰਦਪੁਰਾ, ਮਨਜੀਤ ਗਾਮੀਵਾਲਾ, ਰਤਨ ਭੋਲਾ, ਮਹਿੰਦਰ ਭੈਣੀ ਬਾਘਾ, ਹਰਮੀਤ ਬੋੜਾਵਾਲ, ਜਗਰਾਜ ਹੀਰਕੇ, ਅਮਰੀਕ ਫਫੜੇ, ਪ੍ਰਸ਼ੋਤਮ ਗਿੱਲ, ਮਨਜੀਤ ਕੌਰ ਦਲੇਲ ਸਿੰਘ ਵਾਲਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਬੰਬੂ ਸਿੰਘ, ਕਪੂਰ ਸਿੰਘ ਕੋਟ ਲੱਲੂ, ਹਰਪਾਲ ਬੱਪੀਆਣਾ, ਮੰਗਤ ਭੀਖੀ ਤੇ ਕੇਵਲ ਸਮਾਓ ਆਦਿ ਆਗੂਆਂ ਨੇ ਸੰਬੋਧਨ ਕੀਤਾ |





