ਭਾਜਪਾ ਗੁਜਰਾਤ ਜਿੱਤੀ, ਬਾਕੀ ਥਾਈ ਚਿੱਤ

0
314

ਪਿਛਲੇ ਦਿਨੀਂ ਹੋਈਆਂ ਦੋ ਵਿਧਾਨ ਸਭਾਵਾਂ, ਦਿੱਲੀ ਨਗਰ ਨਿਗਮ ਚੋਣਾਂ ਅਤੇ ਵੱਖ-ਵੱਖ ਰਾਜਾਂ ਦੀਆਂ 6 ਵਿਧਾਨ ਸਭਾ ਤੇ ਇੱਕ ਲੋਕ ਸਭਾ ਹਲਕੇ ਦੀਆਂ ਉੱਪ ਚੋਣਾਂ ਦੇ ਨਤੀਜੇ ਆ ਗਏ ਹਨ | ਭਾਜਪਾ ਨੇ ਗੁਜਰਾਤ ਵਿੱਚ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ, ਪਰ ਬਾਕੀ ਸਭ ਥਾਵਾਂ ਉੱਤੇ ਉਸ ਨੂੰ ਵੱਡੇ ਝਟਕੇ ਲੱਗੇ ਹਨ |
ਗੁਜਰਾਤ ਵਿੱਚ ਭਾਜਪਾ ਨੇ ਡੇਢ ਸੌ ਤੋਂ ਵੱਧ ਸੀਟਾਂ ਜਿੱਤ ਕੇ ਇੱਕ ਰਿਕਾਰਡ ਬਣਾ ਲਿਆ ਹੈ | ਕਾਂਗਰਸ ਪਾਰਟੀ 17 ਉਤੇ ਖਿਸਕ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਪੱਲੇ ਵੀ ਸਿਰਫ਼ 5 ਸੀਟਾਂ ਪਈਆਂ ਹਨ | ਗੁਜਰਾਤ ਵਿੱਚ ਅਸਲ ਲੜਾਈ ਕੇਂਦਰ ਦੀ ਸਰਕਾਰ ਤੇ ਕਾਂਗਰਸ ਦੇ ਸੂਬਾਈ ਯੂਨਿਟ ਵਿਚਕਾਰ ਸੀ | ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਚੋਣ ਪ੍ਰਚਾਰ ਤੋਂ ਪਾਸਾ ਵੱਟੀ ਰੱਖਿਆ | ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਵੱਡੀ ਗਿਣਤੀ ਕੇਂਦਰੀ ਮੰਤਰੀਆਂ ਨੇ ਤਾਬੜਤੋੜ ਰੈਲੀਆਂ ਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਪ੍ਰਧਾਨ ਮੰਤਰੀ ਦੇ ਨੱਕ ਦਾ ਸਵਾਲ ਬਣਾ ਕੇ ਚੋਣ ਜੰਗ ਲੜੀ ਸੀ | ਆਮ ਆਦਮੀ ਪਾਰਟੀ ਨੇ ਵੀ ਪੂਰੇ ਜਾਹੋ-ਜਲਾਲ ਨਾਲ ਗੁਜਰਾਤ ਚੋਣਾਂ ਵਿੱਚ ਹਿੱਸਾ ਲਿਆ | ਉਸ ਨੂੰ ਦਾਅਵਿਆਂ ਮੁਤਾਬਕ ਤਾਂ ਸਫ਼ਲਤਾ ਨਹੀਂ ਮਿਲੀ, ਪਰ ਉਹ ਵਿਧਾਨ ਸਭਾ ਵਿੱਚ ਹਾਜ਼ਰੀ ਲਵਾਉਣ ਵਿੱਚ ਜ਼ਰੂਰ ਕਾਮਯਾਬ ਹੋ ਗਈ ਹੈ | ਇਨ੍ਹਾਂ ਚੋਣਾਂ ਵਿੱਚ ਕਾਂਗਰਸ ਤੇ ਆਪ ਵਿੱਚ ਵੋਟਾਂ ਵੰਡੇ ਜਾਣ ਦਾ ਭਾਜਪਾ ਨੂੰ ਵੱਡਾ ਲਾਭ ਮਿਲਿਆ ਹੈ |
ਗੁਜਰਾਤ ਦੀ ਜਿੱਤ ਤੋਂ ਬਾਅਦ ਭਾਜਪਾ ਲੀਡਰਸ਼ਿਪ ਜਸ਼ਨ ਤਾਂ ਮਨਾ ਸਕਦੀ ਹੈ, ਪਰ ਹਿਮਾਚਲ ਤੇ ਦਿੱਲੀ ਸਮੇਤ ਪੰਜ ਵਿੱਚੋਂ 4 ਰਾਜਾਂ ਦੀਆਂ ਉਪ ਚੋਣਾਂ ਵਿੱਚ ਹੋਈ ਹਾਰ ਨੇ ਉਸ ਦੀ ਖੁਸ਼ੀ ਨੂੰ ਗ੍ਰਹਿਣ ਲਾ ਦਿੱਤਾ ਹੈ |
ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਨੇ ਪੂਰੀ ਤਾਕਤ ਝੋਕ ਦਿੱਤੀ ਸੀ | ਦੂਜੇ ਪਾਸੇ ਕਾਂਗਰਸ ਸਿਰਫ਼ ਪਿ੍ਅੰਕਾ ਗਾਂਧੀ ਦੇ ਸਹਾਰੇ ਸੀ | ਉੱਥੇ ਸਥਾਨਕ ਕਾਂਗਰਸੀਆਂ ਨੇ ਗਹਿਗੱਚ ਲੜਾਈ ਵਿੱਚ ਲੋੜੀਂਦੀਆਂ ਸੀਟਾਂ ਜਿੱਤ ਕੇ ਬਹੁਗਿਣਤੀ ਹਾਸਲ ਕਰ ਲਈ ਹੈ | ਭਾਜਪਾ ਸੱਤਾ ਵਿੱਚੋਂ ਬਾਹਰ ਹੋ ਗਈ ਹੈ | ਭਾਜਪਾ ਦੇ 10 ਮੰਤਰੀਆਂ ਵਿੱਚੋਂ 8 ਹਾਰ ਗਏ ਹਨ |
ਦਿੱਲੀ ਨਗਰ ਨਿਗਮ ਕੋਲ ਅਸੀਮਤ ਅਧਿਕਾਰ ਹਨ | ਇਸ ਦੇ ਆਪਣੇ ਹਸਪਤਾਲ ਤੇ ਸਕੂਲ ਹਨ | ਇਸੇ ਕਾਰਨ ਭਾਜਪਾ ਕਿਸੇ ਹਾਲਤ ਵਿੱਚ ਦਿੱਲੀ ਨਗਰ ਨਿਗਮ ਨੂੰ ਆਪਣੇ ਹੱਥਾਂ ਵਿੱਚੋਂ ਨਿਕਲ ਜਾਣ ਦੇਣਾ ਨਹੀਂ ਚਾਹੁੰਦੀ ਸੀ | ਉਸ ਨੇ ਐਨ ਚੋਣਾਂ ਮੌਕੇ ਪਹਿਲੀਆਂ ਤਿੰਨ ਨਗਰ ਨਿਗਮਾਂ ਨੂੰ ਭੰਗ ਕਰਕੇ ਇੱਕ ਕਰ ਦਿੱਤਾ ਸੀ | ਪਹਿਲਾਂ ਤਿੰਨ ਨਗਰ ਨਿਗਮਾਂ ਵਿੱਚ 272 ਵਾਰਡ ਹੁੰਦੇ ਸਨ, ਉਨ੍ਹਾਂ ਨੂੰ ਘਟਾ ਕੇ 250 ਕਰ ਦਿੱਤਾ ਗਿਆ | ਭਾਜਪਾ ਨੂੰ ਲੱਗਦਾ ਸੀ ਕਿ ਇਕ ਨਿਗਮ ਕਰਨ ਨਾਲ ਉਸ ਦੇ 15 ਸਾਲਾ ਮਾੜੇ ਸ਼ਾਸਨ ਨੂੰ ਭੁੱਲ ਕੇ ਲੋਕ ਉਸ ਨੂੰ ਵੋਟਾਂ ਪਾ ਦੇਣਗੇ | ਭਾਜਪਾ ਨੂੰ ਇਹ ਵੀ ਲਗਦਾ ਸੀ ਕਿ ਜਿਸ ਤਰ੍ਹਾਂ ਅਸੰਬਲੀ ਚੋਣਾਂ ਦੀ ਥਾਂ ਲੋਕ ਸਭਾ ਚੋਣਾਂ ਵਿੱਚ ਵੱਡੇ ਹਲਕੇ ਹੋਣ ਕਾਰਨ ਉਸ ਨੂੰ ਫਾਇਦਾ ਮਿਲਦਾ ਹੈ, ਇਸੇ ਤਰ੍ਹਾਂ ਵੱਡੇ ਵਾਰਡ ਬਣਾਉਣ ਨਾਲ ਨਿਗਮ ਚੋਣਾਂ ਵਿੱਚ ਵੀ ਉਸ ਨੂੰ ਲਾਭ ਮਿਲੇਗਾ | ਇਨ੍ਹਾਂ ਚੋਣਾਂ ਵਿੱਚ ਵੀ ਕੇਂਦਰੀ ਮੰਤਰੀ ਇੱਕ-ਇੱਕ ਵਾਰਡ ਵਿੱਚ ਘੁੰਮੇ, ਹਰ ਗਲੀ ਤੇ ਮੋੜ ਉੱਤੇ ਪ੍ਰਧਾਨ ਮੰਤਰੀ ਦੀਆਂ ਫੋਟੋਆਂ ਵਾਲੇ ਪੋਸਟਰ ਚਪਕਾਏ ਗਏ, ਪਰ ਜਿੱਤ ਨਸੀਬ ਨਾ ਹੋ ਸਕੀ | ਆਮ ਆਦਮੀ ਪਾਰਟੀ ਨੇ 134 ਸੀਟਾਂ ਜਿੱਤ ਕੇ ਬਹੁਗਿਣਤੀ ਹਾਸਲ ਕਰ ਲਈ ਹੈ | ਭਾਜਪਾ ਨੂੰ 104 ਤੇ ਕਾਂਗਰਸ ਨੂੰ ਸਿਰਫ਼ 9 ਸੀਟਾਂ ਮਿਲੀਆਂ ਹਨ |
ਪੰਜ ਰਾਜਾਂ ਦੀਆਂ 6 ਵਿਧਾਨ ਸਭਾ ਤੇ ਇੱਕ ਲੋਕ ਸਭਾ ਸੀਟ ਉੱਤੇ ਭਾਜਪਾ ਨੂੰ ਵੱਡੀ ਮਾਰ ਪਈ ਹੈ | ਬਿਹਾਰ ਦੀ ਕੁਡਨੀ ਤੇ ਯੂ ਪੀ ਦੀ ਰਾਮਪੁਰ ਸੀਟ ਭਾਵੇਂ ਉਸ ਨੇ ਜਿੱਤ ਲਈ, ਪਰ ਬਾਕੀ ਥਾਵਾਂ ਉੱਤੇ ਉਸ ਨੂੰ ਵੱਡੇ ਅੰਤਰ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਛੱਤੀਸਗੜ੍ਹ ਦੀ ਭਾਨੂੰਪ੍ਰਤਾਪ ਸੀਟ ਕਾਂਗਰਸ ਨੇ 21 ਹਜ਼ਾਰ ਤੋਂ ਵੱਧ ਦੇ ਫਰਕ, ਓਡੀਸ਼ਾ ਦੀ ਪਦਮਪੁਰ ਸੀਟ ਬੀਜੂ ਜਨਤਾ ਦਲ ਨੇ 38 ਹਜ਼ਾਰ ਤੋਂ ਵੱਧ ਦੇ ਫ਼ਰਕ, ਰਾਜਸਥਾਨ ਦੀ ਸਰਦਾਰ ਸ਼ਹਿਰ ਸੀਟ ਕਾਂਗਰਸ ਨੇ 26 ਹਜ਼ਾਰ ਤੋਂ ਵੱਧ ਦੇ ਫ਼ਰਕ ਤੇ ਯੂ ਪੀ ਦੀ ਖਤੌਲੀ ਸੀਟ ਰਾਸ਼ਟਰੀ ਲੋਕ ਦਲ ਨੇ 18 ਹਜ਼ਾਰ ਤੋਂ ਵੱਧ ਦੇ ਅੰਤਰ ਨਾਲ ਭਾਜਪਾ ਨੂੰ ਹਰਾ ਕੇ ਜਿੱਤੀ ਹੈ | ਮੈਨਪੁਰੀ ਲੋਕ ਸਭਾ ਸੀਟ ਤਾਂ ਸਮਾਜਵਾਦੀ ਪਾਰਟੀ ਨੇ ਭਾਜਪਾ ਉਮੀਦਵਾਰ ਨੂੰ ਢਾਈ ਲੱਖ ਤੋਂ ਵੱਧ ਵੋਟਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਜਿੱਤੀ ਹੈ | ਇਨ੍ਹਾਂ ਚੋਣਾਂ ਵਿੱਚ ਵੋਟਰਾਂ ਨੇ ਇਹੋ ਸੁਨੇਹਾ ਦਿੱਤਾ ਹੈ ਕਿ ਭਾਜਪਾ ਅਜਿੱਤ ਨਹੀਂ, ਜੇਕਰ ਵਿਰੋਧੀ ਪਾਰਟੀਆਂ ਇੱਕਮੁੱਠ ਹੋ ਜਾਣ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਨੂੰ ਹਰਾਇਆ ਜਾ ਸਕਦਾ ਹੈ |

LEAVE A REPLY

Please enter your comment!
Please enter your name here