ਗੁਜਰਾਤ ‘ਚ ਬਿਨ-ਬਰੇਕਾਂ ਦੌੜਿਆ ਭਾਜਪਾ ਦਾ ਡਬਲ ਇੰਜਣ ਹਿਮਾਚਲ ‘ਚ ਹੰਭਿਆ

0
276

ਨਵੀਂ ਦਿੱਲੀ : ਭਾਜਪਾ ਨੇ ਗੁਜਰਾਤ ਅਸੰਬਲੀ ਚੋਣਾਂ ਵਿਚ 182 ਵਿੱਚੋਂ 156 ਸੀਟਾਂ ਜਿੱਤ ਕੇ ਰਿਕਾਰਡ ਬਣਾ ਦਿੱਤਾ, ਪਰ ਹਿਮਾਚਲ ਵਿਚ ਸੱਤਾ ਗੁਆ ਬੈਠੀ | ਕਾਂਗਰਸ ਨੇ ਮਾਧਵ ਸਿੰਘ ਸੋਲੰਕੀ ਦੀ ਅਗਵਾਈ ਵਿਚ ਗੁਜਰਾਤ ‘ਚ 149 ਸੀਟਾਂ ਜਿੱਤੀਆਂ ਸਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਹੁੰਦਿਆਂ ਭਾਜਪਾ ਨੇ 2002 ਵਿਚ 127 ਸੀਟਾਂ ਜਿੱਤੀਆਂ ਸਨ | ਕਾਂਗਰਸ ਨੇ ਪਿਛਲੀ ਵਾਰ 77 ਸੀਟਾਂ ਜਿੱਤੀਆਂ ਸਨ, ਪਰ ਐਤਕੀਂ 17 ਹੀ ਜਿੱਤ ਸਕੀ | ਆਮ ਆਦਮੀ ਪਾਰਟੀ 5 ਸੀਟਾਂ ਹੀ ਜਿੱਤ ਸਕੀ, ਪਰ ਇਸ ਵੋਟ ਸ਼ੇਅਰ ਦੇ ਆਧਾਰ ‘ਤੇ ਉਸ ਨੂੰ ਕੌਮੀ ਪਾਰਟੀ ਦਾ ਦਰਜਾ ਮਿਲ ਗਿਆ | ਹੁਣ ਉਹ ਪੂਰੇ ਦੇਸ਼ ਵਿਚ ਆਪਣੇ ਚੋਣ ਨਿਸ਼ਾਨ ਝਾੜੂ ‘ਤੇ ਲੜ ਸਕੇਗੀ | ਅਸਦ-ਉਦ-ਦੀਨ ਓਵੈਸੀ ਦੇ ਸਾਰੇ 13 ਉਮੀਦਵਾਰ ਹਾਰ ਗਏ | ਹਿਮਾਚਲ ਵਿਚ ਲੋਕਾਂ ਨੇ ਪੰਜ ਸਾਲ ਬਾਅਦ ਸਰਕਾਰ ਬਦਲਣ ਦੇ ਰਿਵਾਜ ਨੂੰ ਕਾਇਮ ਰੱਖਿਆ | 68 ਮੈਂਬਰੀ ਅਸੰਬਲੀ ਲਈ ਕਾਂਗਰਸ ਨੇ 40 ਸੀਟਾਂ ਜਿੱਤ ਲਈਆਂ | ਭਾਜਪਾ 25 ‘ਤੇ ਸਿਮਟ ਗਈ | ਉਸ ਨੂੰ 2017 ਦੇ ਮੁਕਾਬਲੇ 19 ਸੀਟਾਂ ਦਾ ਨੁਕਸਾਨ ਹੋਇਆ | ਆਮ ਆਦਮੀ ਪਾਰਟੀ ਖਾਤਾ ਨਹੀਂ ਖੋਲ੍ਹ ਸਕੀ | ਭਾਜਪਾ ਸਰਕਾਰ ਦੇ 10 ਵਿੱਚੋਂ 8 ਮੰਤਰੀ ਚੋਣ ਹਾਰ ਗਏ | ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਉਹ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਨ | ਉਨ੍ਹਾ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ |
ਕਾਂਗਰਸ ਹਾਈ ਕਮਾਂਡ ਨੇ ਹਿਮਾਚਲ ਦੇ ਸਾਰੇ ਚੁਣੇ ਵਿਧਾਇਕਾਂ ਨੂੰ ਜਲਦ ਤੋਂ ਜਲਦ ਚੰਡੀਗੜ੍ਹ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ | ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਵਿਧਾਇਕਾਂ ਲਈ ਮੁਹਾਲੀ ‘ਚ ਵੱਡਾ ਹੋਟਲ ਬੁੱਕ ਕੀਤਾ ਗਿਆ ਹੈ | ਹਿਮਾਚਲ ਲਈ ਹਾਈਕਮਾਨ ਦੇ ਅਬਜ਼ਰਵਰ ਭੁਪੇਸ਼ ਬਘੇਲ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਚੰਡੀਗੜ੍ਹ ਵਿੱਚ ਵਿਧਾਇਕਾਂ ਨਾਲ ਮੀਟਿੰਗ ਕਰਨਗੇ ਅਤੇ ਅਗਲੀ ਰਣਨੀਤੀ ਉਲੀਕਣਗੇ | ਸੂਤਰਾਂ ਨੇ ਕਿਹਾ ਕਿ ਪਾਰਟੀ ਕੋਲ ਬਹੁਮਤ ਹੈ ਤੇ ਉਸ ਦੇ ਵਿਧਾਇਕਾਂ ਦੇ ਟੁੱਟਣ ਦਾ ਡਰ ਵੀ ਨਹੀਂ | ਇਸ ਲਈ ਕਾਂਗਰਸ ਸ਼ਾਸਤ ਰਾਜਸਥਾਨ ਜਾਂ ਛੱਤੀਸਗੜ੍ਹ ਵਿੱਚ ਵਿਧਾਇਕਾਂ ਨੂੰ ਤੁਰੰਤ ਤਬਦੀਲ ਕਰਨ ਦੀ ਕੋਈ ਯੋਜਨਾ ਨਹੀਂ ਹੈ |

LEAVE A REPLY

Please enter your comment!
Please enter your name here