ਨਵੀਂ ਦਿੱਲੀ : ਲੋਕ ਸਭਾ ‘ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਸ਼ੁੱਕਰਵਾਰ ਨੋਟਬੰਦੀ ‘ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਦਮ ਪਿੱਛੇ ਜਿਨ੍ਹਾਂ ਉਦੇਸ਼ਾਂ ਦਾ ਜ਼ਿਕਰ ਕੀਤਾ ਸੀ, ਉਨ੍ਹਾਂ ‘ਚੋਂ ਕੋਈ ਵੀ ਪੂਰਾ ਨਹੀਂ ਹੋਇਆ | ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਜਵਾਬ ‘ਚ ਕਿਹਾ ਕਿ ਕਾਂਗਰਸ ਕਾਰਨ ਕਾਲਾ ਧਨ ਵਧਿਆ ਹੈ ਅਤੇ ਇਹ ਕਾਲਾ ਧਨ ਜਮ੍ਹਾਂ ਕਰਨ ਵਾਲਿਆਂ ਦਾ ਸਮਰਥਨ ਕਰਦੀ ਹੈ | ਸਦਨ ‘ਚ ਸਿਫਰ ਕਾਲ ਦੌਰਾਨ ਇਹ ਮੁੱਦਾ ਉਠਾਉਂਦੇ ਹੋਏ ਚੌਧਰੀ ਨੇ ਦਾਅਵਾ ਕੀਤਾ-ਦੇਸ਼ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ ਹੈ | ਇਸ ਦਾ ਮੁੱਖ ਕਾਰਨ ਨੋਟਬੰਦੀ ਨੂੰ ਬਿਨਾਂ ਸੋਚੇ-ਸਮਝੇ ਲਾਗੂ ਕਰਨਾ ਹੈ | ਅੱਜ ਇਹ ਸਾਬਤ ਹੋ ਗਿਆ ਹੈ ਕਿ ਨੋਟਬੰਦੀ ਦਾ ਇੱਕ ਵੀ ਉਦੇਸ਼ ਪੂਰਾ ਨਹੀਂ ਹੋਇਆ ਹੈ | ]
ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਾਲਾ ਧਨ ਵਾਪਸ ਆਵੇਗਾ, ਨਕਲੀ ਨੋਟ ਨਹੀਂ ਬਚਣਗੇ, ਅੱਤਵਾਦ ਖਤਮ ਹੋ ਜਾਵੇਗਾ | ਇਨ੍ਹਾਂ ‘ਚੋਂ ਇਕ ਵੀ ਉਦੇਸ਼ ਪੂਰਾ ਨਹੀਂ ਹੋਇਆ, ਸਗੋਂ ਨੋਟਬੰਦੀ ਦੇ ਸਮੇਂ ਦੇਸ਼ ‘ਚ 18 ਲੱਖ ਕਰੋੜ ਰੁਪਏ ਦੀ ਨਕਦੀ ਸੀ, ਜੋ ਹੁਣ 30 ਲੱਖ ਕਰੋੜ ਰੁਪਏ ਹੋ ਗਈ ਹੈ |


