ਬਠਿੰਡਾ (ਬਖਤੌਰ ਢਿੱਲੋਂ)-ਰਵਾਇਤੀ ਪਾਰਟੀਆਂ ਨੂੰ ਚਿੱਤ ਕਰਕੇ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਨਾਲ ਹੋਰਾਂ ਲਈ ਤਾਂ ਭਾਵੇਂ ਬਦਲਾਅ ਹੋ ਗਿਆ ਹੋਵੇ, ਪਰ ਇੱਕ ਐੱਨ ਆਰ ਆਈ ਲੜਕੀ ਲਈ ਸਭ ਕੁੱਝ ਪਹਿਲਾਂ ਵਰਗਾ ਹੀ ਹੈ, ਕਿਉਂਕਿ ਬੁੱਢੇ ਮਾਂ-ਬਾਪ ਤੇ ਨਾਬਾਲਗ ਭਾਣਜੇ ਸਮੇਤ ਕਥਿਤ ਤੌਰ ‘ਤੇ ਉਸ ਨੂੰ ਕਈ ਘੰਟੇ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ |
ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਇਸ ਸ਼ਹਿਰ ਤੋਂ 5 ਕੁ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਜੋਗਾਨੰਦ ਪਿੰਡ ਦੇ ਇੱਕ ਕਿਸਾਨ ਗੁਰਦੇਵ ਸਿੰਘ ਨੇ ਕਰੀਬ 50 ਕੁ ਸਾਲ ਪਹਿਲਾਂ ਆਪਣੀ ਜੱਦੀ ਜ਼ਮੀਨ ਵਿੱਚ ਮਕਾਨ ਬਣਾਇਆ ਹੋਇਆ ਸੀ, ਜਿਸ ਦੀ ਹਾਲਤ ਖਸਤਾ ਹੋਣ ਦੀ ਵਜ੍ਹਾ ਕਾਰਨ ਉਸ ਨੂੰ ਮੁੜ ਉਸਾਰੀ ਦੀ ਮਜਬੂਰੀ ਦਾ ਸਾਹਮਣਾ ਕਰਨਾ ਪਿਆ | ਇਹ ਮਕਾਨ ਉਸ ਪੰਚਾਇਤੀ ਜ਼ਮੀਨ ਦੇ ਬਿਲਕੁਲ ਨੇੜੇ ਵਾਕਿਆ ਹੈ, ਜਿਸ ਵਿੱਚ ਇੱਕ ਸਕੂਲ, 2 ਡਿਸਪੈਂਸਰੀਆਂ, ਸ਼ਮਸ਼ਾਨਘਾਟ ਅਤੇ ਹੱਡਾ-ਰੋੜੀ ਵੀ ਬਣੀ ਹੋਈ ਹੈ | ਜ਼ਿਕਰਯੋਗ ਹੈ ਕਿ ਤਿੰਨ ਧੀਆਂ ਦੇ ਬਾਪ ਇਸ ਕਿਸਾਨ ਦੇ ਘਰ ਕੋਈ ਪੁੱਤਰ ਤਾਂ ਨਹੀਂ, ਆਪਣੇ ਵਾਰਸ ਵਜੋਂ ਉਸ ਨੇ 12 ਕੁ ਸਾਲ ਦੇ ਆਪਣੇ ਦੋਹਤੇ ਨੂੰ ਰੱਖਿਆ ਹੋਇਆ ਹੈ | ਸਥਾਨਕ ਪ੍ਰੈੱਸ ਕਲੱਬ ਵਿਖੇ ਸ਼ੁੱਕਰਵਾਰ ਮੀਡੀਆ ਪ੍ਰਤੀਨਿਧਾਂ ਨਾਲ ਦਸਤਾਵੇਜ਼ ਸਾਂਝੇ ਕਰਦਿਆਂ ਇਸ ਕਿਸਾਨ ਦੀ ਐੱਨ.ਆਰ.ਆਈ ਧੀ ਕਰਮਜੀਤ ਕੌਰ, ਜੋ 1 ਮਈ ਨੂੰ ਹੀ ਕੈਨੇਡਾ ਤੋਂ ਆਪਣੇ ਘਰ ਪਰਤੀ ਸੀ, ਨੇ ਦੱਸਿਆ ਕਿ ਕਿਸੇ ਕਿਸਮ ਦੇ ਝਮੇਲੇ ਤੋਂ ਬਚਣ ਲਈ ਉਸ ਦੇ ਬਾਪ ਨੇ ਪਿੰਡ ਦੀ ਪੰਚਾਇਤ ਕੋਲ ਪਹੁੰਚ ਕਰਕੇ ਨਿਸ਼ਾਨਦੇਹੀ ਕਰਵਾਉਣ ਦੀ ਪੇਸ਼ਕਸ਼ ਕੀਤੀ ਤਾਂ ਕਿ ਪੰਚਾਇਤੀ ਜਗ੍ਹਾ ਪੂਰੀ ਹੋ ਸਕੇ | ਪੰਚਾਇਤ ਨੇ ਇਹ ਜ਼ਿੰਮੇਵਾਰੀ ਵੀ ਗੁਰਦੇਵ ਸਿੰਘ ‘ਤੇ ਹੀ ਪਾ ਦਿੱਤੀ ਕਿ ਉਹ ਖੁਦ ਦਰਖਾਸਤ ਦੇ ਕੇ ਨਿਸ਼ਾਨਦੇਹੀ ਕਰਵਾ ਲਵੇ | ਦਸੰਬਰ 2020 ‘ਚ ਹੋਈ ਨਿਸ਼ਾਨਦੇਹੀ, ਜਿਸ ਉਪਰ ਸਹਿਮਤੀ ਵਜੋਂ ਪੰਚਾਇਤ ਦੇ ਵੀ ਦਸਤਖਤ ਹਨ, ਰਾਹੀਂ ਇਹ ਸਪੱਸ਼ਟ ਹੋ ਗਿਆ ਕਿ ਗੁਰਦੇਵ ਸਿੰਘ ਦੇ ਕਬਜ਼ੇ ਹੇਠ ਆਪਣੀ ਜ਼ਮੀਨ ਤੋਂ ਇੱਕ ਵੀ ਇੰਚ ਵੱਧ ਨਹੀਂ ਹੈ | ਐੱਨ ਆਰ ਆਈ ਕੁੜੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਮਕਾਨ ਦੀ ਉਸਾਰੀ ਲੈਂਟਰ ਪਾਉਣ ਤੱਕ ਪਹੁੰਚ ਗਈ ਤਾਂ ਪੰਚਾਇਤ ਨੇ ਇਤਰਾਜ਼ ਕਰ ਦਿੱਤਾ | ਹਾਲਾਂਕਿ ਇਸਤੋਂ ਪਹਿਲਾਂ ਖੁਦ ਪੰਚਾਇਤ ਨੇ 2021 ਵਿੱਚ ਆਪਣੇ ਵੱਲੋਂ ਨਿਸ਼ਾਨਦੇਹੀ ਕਰਵਾਈ ਸੀ ਤੇ ਪਹਿਲਾਂ ਹੋਈ ਨਿਸ਼ਾਨਦੇਹੀ ‘ਤੇ ਹੀ ਮੋਹਰ ਲਾਈ ਸੀ, ਪਰ ਹੁਣ ਇਤਰਾਜ਼ ਉਠਾ ਦਿੱਤਾ |
ਪੰਚਾਇਤ ਦੇ ਇਤਰਾਜ਼ ਤੋਂ ਬਾਅਦ ਕਿਸਾਨ ਗੁਰਦੇਵ ਸਿੰਘ ਵੱਲੋਂ ਦਾਇਰ ਕੀਤੇ ਕੇਸ ਦੀ ਵਜ੍ਹਾ ਕਾਰਨ ਇੱਕ ਸਥਾਨਕ ਅਦਾਲਤ ਨੇ ਦੂਜੀ ਧਿਰ ਖਿਲਾਫ਼ ਸਟੇਅ ਜਾਰੀ ਕਰ ਦਿੱਤਾ ਹੈ | ਬਦਲੇ ਹਾਲਾਤ ਵਿੱਚ ਪੰਚਾਇਤ ਨੇ ਵੀ ਆਪਣਾ ਰੰਗ ਤਬਦੀਲ ਕਰਦਿਆਂ ਹੱਥ ਪੰਜੇ ਨੂੰ ਛੱਡ ਕੇ ਝਾੜੂ ਫੜ ਲਿਆ ਸੀ, ਇਸ ਲਈ ਸਰਕਾਰੇ-ਦਰਬਾਰੇ ਪਹੁੰਚ ਪਹਿਲਾਂ ਵਰਗੀ ਹੀ ਰਹੀ | ਐੱਨ ਆਰ ਆਈ ਕੁੜੀ ਕਰਮਜੀਤ ਕੌਰ ਮੁਤਾਬਕ 10 ਮਈ ਨੂੰ ਥਾਣਾ ਥਰਮਲ ਪਲਾਂਟ ਤੋਂ ਆਈ ਇੱਕ ਪੁਲਸ ਪਾਰਟੀ ਨੇ ਉਨ੍ਹਾਂ ਦੇ ਮਕਾਨ ਦੀ ਉਸਾਰੀ ਰੁਕਵਾਉਣ ਤੋਂ ਇਲਾਵਾ ਨਾਬਾਲਗ ਭਾਣਜੇ ਤੇ ਮਾਂ-ਬਾਪ ਸਮੇਤ ਉਸ ਨੂੰ ਵੀ ਹਿਰਾਸਤ ਵਿੱਚ ਲੈ ਕੇ ਕਈ ਘੰਟੇ ਤੱਕ ਗ਼ੈਰ-ਕਾਨੂੰਨੀ ਤੌਰ ‘ਤੇ ਥਾਣੇ ਬਿਠਾਈ ਰੱਖਿਆ | ਬਦਲੀਆਂ ਹੋਈਆਂ ਪ੍ਰਸਥਿਤੀਆਂ ‘ਚ ਅਜਿਹੀ ਧੱਕੇਸ਼ਾਹੀ ਕਿਉਂ ਹੋ ਰਹੀ ਹੈ, ਜਦ ਵਾਰ-ਵਾਰ ਐੱਨ.ਆਰ.ਆਈ. ਕੁੜੀ ਨੇ ਇਹ ਸਵਾਲ ਪੁੱਛਣੇ ਜਾਰੀ ਰੱਖੇ ਤਾਂ ਐੱਸ.ਐੱਚ.ਓ. ਥਰਮਲ ਦਾ ਬੇਚਾਰਗੀ ਨਾਲ ਲਬਰੇਜ਼ ਇਹ ਉੱਤਰ ਸੀ ਕਿ ਉਪਰਲੇ ਹੁਕਮ ਹਨ | ਕਰਮਜੀਤ ਮੁਤਾਬਕ ਜਦ ਉਸ ਨੇ ਉਪਰਲੇ ਅਫ਼ਸਰ ਦਾ ਨਾਂਅ ਪੁੱਛਿਆ ਤਾਂ ਐੱਸ ਐੱਚ ਓ ਨੇ ਆਪਣੇ ਫੋਨ ਜ਼ਰੀਏ ਉਸ ਦੀ ਕਿਸੇ ਸ਼ਖਸ ਨਾਲ ਗੱਲ ਕਰਵਾਈ, ਜੋ ਆਪਣੇ-ਆਪ ਨੂੰ ਇਲਾਕਾ ਡੀ ਐੱਸ ਪੀ ਵਜੋਂ ਪਛਾਣ ਕਰਵਾ ਕੇ ਇਹ ਪੁਸ਼ਟੀ ਕਰਦਾ ਹੈ ਕਿ ਇਹ ਸਭ ਕੁੱਝ ਉਸ ਦੇ ਕਹਿਣ ਮੁਤਾਬਕ ਹੀ ਹੋਇਆ ਹੈ | ਦਿਲਚਸਪ ਗੱਲ ਇਹ ਹੈ ਕਿ ਹਿਰਾਸਤ ਤੋਂ ਲੈ ਕੇ ਥਾਣੇ ਵਿੱਚ ਰੱਖਣ ਤੱਕ ਦੀ ਵੀਡੀਓਗ੍ਰਾਫੀ ਵੀ ਐੱਨ.ਆਰ.ਆਈ. ਕੁੜੀ ਦੇ ਕੋਲ ਹੈ | ਨਿਰਾਸ਼ਾ ਦੇ ਆਲਮ ਵਿੱਚ ਬੁਰੀ ਤਰ੍ਹਾਂ ਡੁੱਬ ਚੁੱਕੀ ਐੱਨ ਆਰ ਆਈ ਕੁੜੀ ਨੇ ਲੰਬਾ ਹਉਕਾ ਭਰਦਿਆਂ ਕਿਹਾ ਕਿ ਉਹ ਤਾਂ ਇਹ ਸੋਚ ਕੇ ਆਪਣੇ ਪੰਜਾਬ ਨੂੰ ਆਈ ਸੀ ਕਿ ਆਪ ਦੇ ਸੱਤਾ ਵਿੱਚ ਆਉਣ ਨਾਲ ਜੇ ਇਨਕਲਾਬ ਨਹੀਂ ਤਾਂ ਬਦਲਾਅ ਤਾਂ ਘੱਟੋ-ਘੱਟ ਆਇਆ ਹੀ ਹੋਵੇਗਾ, ਪਰ ਇਥੇ ਤਾਂ ਬਾਬਾ ਆਦਮ ਇਸ ਕਦਰ ਨਿਰਾਲਾ ਹੈ ਕਿ ਪਹਿਲਾਂ ਦੀ ਤਰ੍ਹਾਂ ਹੀ ਅੰਨ੍ਹੀ ਪੀਸੀ ਜਾ ਰਹੀ ਹੈ ਅਤੇ ਕੁੱਤੀ ਚੱਟੀ ਜਾ ਰਹੀ ਹੈ | ਦੂਜੇ ਪਾਸੇ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਇਨਕਾਰ ਕਰਦਿਆਂ ਐੱਸ ਐੱਚ ਓ ਥਰਮਲ ਸੁਖਬੀਰ ਕੌਰ ਨੇ ਕਿਹਾ ਕਿ ਬੀ ਡੀ ਪੀ ਓ ਤੋਂ ਮਿਲੀ ਇਤਲਾਹ ਦੀ ਵਜ੍ਹਾ ਕਾਰਨ ਉਹ ਮੌਕੇ ‘ਤੇ ਜ਼ਰੂਰ ਗਏ ਸਨ | ਮਾਮਲੇ ਨੂੰ ਸ਼ਾਂਤ ਕਰਨ ਵਾਸਤੇ ਐੱਨ ਆਰ ਆਈ ਕੁੜੀ ਦੇ ਪਰਵਾਰ ਨੂੰ ਸਮਝਾ-ਬੁਝਾ ਕੇ ਫਾਰਗ ਕਰ ਦਿੱਤਾ ਸੀ |