ਮੁੜਵਸੇਬੇ ਤੋਂ ਬਾਅਦ ਮੁੜ ਉਜੜਨ ਲਈ ਮਜਬੂਰ
ਸ੍ਰੀਨਗਰ : ਟਾਰਗੇਟ ਕਤਲਾਂ ਤੋਂ ਨਾਰਾਜ਼ ਤੇ ਨਿਰਾਸ਼ ਵੱਡੀ ਗਿਣਤੀ ਪਰਵਾਸੀ ਕਸ਼ਮੀਰੀ ਪੰਡਤਾਂ ਨੇ ਵੀਰਵਾਰ ਰਾਤ ਜੰਮੂ ਵੱਲ ਚਾਲੇ ਪਾ ਲਏ | ਇਸ ਕਾਰਨ ਟਰਾਂਜ਼ਿਟ ਕੈਂਪ ਸ਼ੁੱਕਰਵਾਰ ਉਜਾੜ ਨਜ਼ਰ ਆਏ | ਪੰਡਤਾਂ ਨੇ ਸਰਕਾਰ ‘ਤੇ ਮੁਲਾਜ਼ਮਾਂ ਨੂੰ ਵੱਡੇ ਪੱਧਰ ‘ਤੇ ਹਿਜਰਤ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਾਇਆ | ਬਡਗਾਮ ਦੇ ਸ਼ੇਖਪੋਰਾ ਟਰਾਂਜ਼ਿਟ ਕੈਂਪ ‘ਚ 400 ਕਰਮਚਾਰੀਆਂ ਦੇ ਨਾਲ ਇੰਜੀਨੀਅਰ ਅਸ਼ਵਨੀ ਸਾਧੂ ਨੇ ਕਿਹਾ-ਮੈਂ ਆਪਣੇ ਪਰਵਾਰ ਸਮੇਤ ਵੀਰਵਾਰ ਰਾਤ ਨੂੰ ਉਥੋਂ ਨਿਕਲ ਆਇਆ, ਕਿਉਂਕਿ ਉੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ | ਕੈਂਪ ਦੇ 80 ਪ੍ਰਤੀਸ਼ਤ ਤੋਂ ਵੱਧ ਕਰਮਚਾਰੀ ਜੰਮੂ ਲਈ ਰਵਾਨਾ ਹੋ ਗਏ ਹਨ |
ਪੀ ਡਬਲਿਊ ਡੀ ਦੇ ਇੰਜੀਨੀਅਰ ਅਸ਼ਵਨੀ ਪੰਡਤ ਨੇ ਕਿਹਾ—ਸਿਰਫ ਉਹ ਲੋਕ ਪਿੱਛੇ ਰਹਿ ਗਏ ਹਨ ਜਿਨ੍ਹਾਂ ਨੇ ਆਪਣੇ ਸਕੂਲੀ ਬੱਚਿਆਂ ਦੇ ਮੁੱਦਿਆਂ ਨੂੰ ਸੁਲਝਾਉਣਾ ਸੀ | ਅਸੀਂ ਆਨਲਾਈਨ ਕਲਾਸਾਂ ਜਾਂ ਜੰਮੂ ਦੇ ਸਕੂਲਾਂ ‘ਚ ਬੱਚਿਆਂ ਦੇ ਪਰਵਾਸ ਲਈ ਪ੍ਰਵਾਨਗੀ ਲੈਣ ਲਈ ਸਕੂਲ ਪ੍ਰਸ਼ਾਸਨ ਦੇ ਸੰਪਰਕ ਵਿਚ ਹਾਂ |
ਉਸਨੇ ਕਿਹਾ ਕਿ ਸੀਨੀਅਰ ਪੁਲਸ ਅਫਸਰਾਂ ਮੁਤਾਬਕ ਕਸ਼ਮੀਰ ਵਿਚ ਹਾਲਾਤ ਨਾਰਮਲ ਹੋਣ ਵਿਚ ਦੋ-ਤਿੰਨ ਸਾਲ ਲਗਣਗੇ | ਜਾਪਦਾ ਹੈ ਕਿ ਸਰਕਾਰ ਕਸ਼ਮੀਰੀ ਪੰਡਤਾਂ ਦੀ ਹਿਜਰਤ ਤੋਂ ਖੁਸ਼ ਹੈ ਕਿਉਂਕਿ ਉਹ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਵਿਚ ਨਾਕਾਮ ਰਹੀ ਹੈ | ਉਸਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਵਿਸ਼ੇਸ਼ ਰੁਜ਼ਗਾਰ ਸਕੀਮ ਤਹਿਤ ਨਿਯੁਕਤ ਕਰੀਬ 4500 ਮੁਲਾਜ਼ਮਾਂ ਨੇ ਟਰਾਂਜ਼ਿਟ ਕੈਂਪਾਂ ਵਿਚਲੇ ਟੈਂਟ ਪੁੱਟ ਲਏ ਹਨ, ਜਿਥੇ ਉਹ ਟਾਰਗੇਟ ਕਿਲਿੰਗ ਕਾਰਨ ਉਨ੍ਹਾਂ ਨੂੰ ਕਸ਼ਮੀਰ ਤੋਂ ਬਾਹਰ ਕਰਨ ਦੀ ਮੰਗ ਨੂੰ ਲੈ ਕੇ ਪੋ੍ਰਟੈੱਸਟ ਕਰ ਰਹੇ ਸਨ | (ਦਹਿਸ਼ਤਗਰਦੀ ਦੇ ਦੌਰ ਦੌਰਾਨ ਕਸ਼ਮੀਰ ਤੋਂ ਹਿਜਰਤ ਕਰਨ ਵਾਲੇ ਕਸ਼ਮੀਰੀ ਪੰਡਤਾਂ ਤੇ ਹੋਰਨਾਂ ਦੇ ਕਸ਼ਮੀਰ ਵਿਚ ਮੁੜਵਸੇਬੇ ਲਈ ਵਿਸ਼ੇਸ਼ ਰੁਜ਼ਗਾਰ ਸਕੀਮ ਚਲਾਈ ਗਈ ਸੀ, ਜਿਸ ਤਹਿਤ ਇਨ੍ਹਾਂ ਨੂੰ ਸੁਰੱਖਿਆ ਘੇਰੇ ਵਾਲੇ ਟਰਾਂਜ਼ਿਟ ਕੈਂਪਾਂ ਵਿਚ ਰੱਖਿਆ ਗਿਆ ਸੀ |)