ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸੋਮਵਾਰ ਇੱਕ ਹੋਟਲ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ | ਇਸ ਹਮਲੇ ‘ਚ ਖ਼ਬਰ ਲਿਖੇ ਜਾਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਸੀ | ਮਿ੍ਤਕਾਂ ‘ਚ ਦੋ ਪੁਲਸ ਅਧਿਕਾਰੀ ਵੀ ਸ਼ਾਮਲ ਹਨ | ਤਾਲਿਬਾਨ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਹਮਲੇ ‘ਚ ਤਿੰਨ ਹਮਲਾਵਰ ਵੀ ਮਾਰੇ ਗਏ ਹਨ | ਇਸ ਹਮਲੇ ‘ਚ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਨੁਕਸਾਨ ਨਹੀਂ ਪਹੁੰਚਿਆ | ਜਿਸ ਹੋਟਲ ‘ਤੇ ਹਮਲਾ ਹੋਇਆ, ਉਸ ਦਾ ਨਾਂਅ ਸ਼ਹਿਰ-ਏ-ਨਵਾ ਹੈ | ਸ਼ਹਿਰ-ਏ-ਨਵਾ ‘ਚ ਚੀਨ ਅਤੇ ਹੋਰ ਦੇਸ਼ਾਂ ਦੇ ਅੰਤਰਰਾਸ਼ਟਰੀ ਮਹਿਮਾਨ ਰੁਕਦੇ ਹਨ | ਇਹ ਹੋਟਲ ਚੀਨ ਦੇ ਕਾਰੋਬਾਰੀਆਂ ਅਤੇ ਚੀਨੀ ਨਾਗਰਿਕਾਂ ਦਾ ਪਸੰਦੀਦਾ ਹੋਟਲ ਹੈ | ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਇਹ ਹਮਲਾ ਕੀਤਾ ਗਿਆ | ਚਸ਼ਮਦੀਦਾਂ ਅਨੁਸਾਰ ਇੱਕ ਗੈੱਸਟ ਹਾਊਸ ਦੇ ਬਾਹਰ ਵੱਡਾ ਧਮਾਕਾ ਹੋਇਆ ਅਤੇ ਗੋਲੀਆਂ ਦੀ ਆਵਾਜ਼ ਵੀ ਸੁਣਾਈ ਦਿੱਤੀ | ਮੀਡੀਆ ਰਿਪੋਰਟਾਂ ਅਨੁਸਾਰ ਹੋਟਲ ‘ਤੇ ਆਟੋਮੈਟਿਕ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਹਮਲਾ ਕੀਤਾ ਸੀ | ਹਮਲਾਵਰਾਂ ਨੇ ਆਤਮਘਾਤੀ ਜੈਕੇਟ ਵੀ ਪਹਿਨੀ ਹੋਈ ਸੀ | ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਚੀਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਬੁਲ ‘ਚ ਚੀਨ ਦੇ ਰਾਜਦੂਤ ਵਾਂਗ ਯੂ ਨੇ ਅਫਗਾਨਿਸਤਾਨ ਦੇ ਉਪ ਵਿਦੇਸ਼ ਮੰਤਰੀ ਸ਼ੇਰ ਮੁਹੰਮਦ ਸਤਾਨਕਰਜ਼ਈ ਨਾਲ ਮੁਲਾਕਾਤ ਕੀਤੀ ਸੀ |
ਇਸ ਤੋਂ ਪਹਿਲਾਂ ਕਾਬੁਲ ‘ਚ ਪਾਕਿਸਤਾਨ ਦੇ ਦੂਤਾਵਾਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਤਾਲਿਬਾਨ ਸਰਕਾਰ ਦੇ ਬੁਲਾਰੇ ਜਬੀ ਉਲਾ ਮੁਜਾਹਿਦ ਨੇ ਕਿਹਾ ਕਿ ਕਾਬੁਲ ਦੇ ਸ਼ਹਿਰਨੋ ਜ਼ਿਲ੍ਹੇ ‘ਚ ਹੋਟਲ ‘ਤੇ ਹੋਏ ਹਮਲੇ ‘ਚ 3 ਹਮਲਾਵਰਾਂ ਨੂੰ ਵੀ ਮਾਰ ਦਿੱਤਾ ਗਿਆ ਹੈ | ਉਨ੍ਹਾ ਮੁਤਾਬਕ ਹੋਟਲ ਦੇ ਸਾਰੇ ਮਹਿਮਾਨਾਂ ਨੂੰ ਬਚਾਅ ਲਿਆ ਗਿਆ ਹੈ ਅਤੇ ਕੋਈ ਵਿਦੇਸ਼ੀ ਨਹੀਂ ਮਾਰਿਆ ਗਿਆ | ਬੁਲਾਰੇ ਨੇ ਕਿਹਾ ਕਿ ਹੋਟਲ ਤੋਂ ਬਾਹਰ ਨਿਕਲਦੇ ਸਮੇਂ ਦੋ ਵਿਦੇਸ਼ੀ ਨਾਗਰਿਕ ਜ਼ਖ਼ਮੀ ਹੋਏ ਹਨ |