ਸਾਡੇ ਦੇਸ਼ ਦੇ ਲੋਕਤੰਤਰ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਹੈ ਕਿ ਇਸ ਵਿੱਚ ਚਿਹਰਿਆਂ ਉੱਤੇ ਚੋਣਾਂ ਲੜੀਆਂ ਜਾਂਦੀਆਂ ਹਨ | ਚਿਹਰਿਆਂ ਦੀ ਰਾਜਨੀਤੀ ਲੋਕਤੰਤਰੀ ਲੱਛਣ ਨਹੀਂ ਹੈ | ਇਹ ਲੋਕਾਂ ਦੇ ਮਨ-ਮਸਤਿਕ ਵਿੱਚ ਰਾਜਾ ਤੇ ਪਰਜਾ ਦੇ ਸੰਕਲਪ ਦੀ ਡੂੰਘੀ ਛੁਪੀ ਹੋਈ ਮਾਨਸਿਕਤਾ ਦਾ ਪ੍ਰਗਟਾਵਾ ਹੈ | ਅਸਲ ਵਿੱਚ ਇਸੇ ਮਾਨਸਿਕਤਾ ਕਾਰਨ ਹੀ ਫਾਸ਼ੀਵਾਦ ਦੇ ਉਭਾਰ ਲਈ ਜ਼ਮੀਨ ਮੁਹੱਈਆ ਹੁੰਦੀ ਹੈ |
ਭਾਜਪਾ ਨੇ 2014 ਦੀਆਂ ਚੋਣਾਂ ਮੋਦੀ ਦਾ ਚਿਹਰਾ ਅੱਗੇ ਕਰਕੇ ਲੜੀਆਂ ਸਨ | ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ ਜਿੱਤ ਪ੍ਰਾਪਤ ਕਰ ਲਈ ਸੀ, ਪਰ ਉਸ ਨੂੰ ਬਹੁਸੰਮਤੀ ਬਣਾਉਣ ਲਈ ਹੋਰ ਛੋਟੀਆਂ ਪਾਰਟੀਆਂ ਦਾ ਸਹਾਰਾ ਲੈਣਾ ਪਿਆ ਸੀ | ਉਸ ਤੋਂ ਬਾਅਦ ਤਾਂ ਭਾਜਪਾ ਦੇ ਰਣਨੀਤੀਕਾਰਾਂ ਨੇ ਨਰਿੰਦਰ ਮੋਦੀ ਦੇ ਅਕਸ ਨੂੰ ਹੋਰ ਚਮਕਾਉਣ ਲਈ ਇੱਕ ਸ਼ਕਤੀਸ਼ਾਲੀ ਆਗੂ, ਸਰਬ-ਗਿਆਤਾ ਵਿਗਿਆਨਕ ਤੇ ਇੱਥੋਂ ਤੱਕ ਕਿ ਇੱਕ ਪੈਗੰਬਰ ਵਜੋਂ ਸਥਾਪਤ ਕਰਨ ਲਈ ਪੂਰਾ ਟਿੱਲ ਲਾਇਆ | ਸਿੱਟੇ ਵਜੋਂ 2019 ਵਿੱਚ ਭਾਜਪਾ ਨੇ ਹੂੰਝਾ ਫੇਰੂ ਜਿੱਤ ਹਾਸਲ ਕਰ ਲਈ ਸੀ |
ਪਰ ਸਾਡਾ ਦੇਸ਼ ਬਹੁਤ ਵੱਡਾ ਹੈ | ਰਾਜਾਂ ਦੇ ਸੱਭਿਆਚਾਰਕ ਵਖਰੇਵਿਆਂ ਕਾਰਨ ਮੋਦੀ ਦਾ ਜਾਦੂ ਹਰ ਥਾਂ ਨਹੀਂ ਚਲਦਾ ਰਿਹਾ | ਰਾਜਾਂ ਦੀ ਜਨਤਾ ਦੇ ਆਪਣੇ ਚਿਹਰੇ ਵੀ ਹੁੰਦੇ ਹਨ | ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਹ ਚਿਹਰੇ ਮੋਦੀ ਉੱਤੇ ਭਾਰੂ ਪੈਂਦੇ ਰਹੇ ਹਨ | ਮਮਤਾ ਬੈਨਰਜੀ, ਨਿਤਿਸ਼ ਕੁਮਾਰ, ਨਵੀਨ ਪਟਨਾਇਕ, ਜਗਨ ਮੋਹਨ ਰੈਡੀ, ਸਟਾਲਿਨ, ਕੇ ਚੰਦਰਸ਼ੇਖਰ ਰਾਓ ਤੇ ਕੇਜਰੀਵਾਲ ਦੇ ਸਾਹਮਣੇ ਨਰਿੰਦਰ ਮੋਦੀ ਦਾ ਚਿਹਰਾ ਫਿੱਕਾ ਪੈ ਚੁੱਕਿਆ ਹੈ | ਯੂ ਪੀ ਵਿੱਚ ਯੋਗੀ ਆਦਿੱਤਿਆਨਾਥ ਦਾ ਚਿਹਰਾ ਅਖਿਲੇਸ਼ ਦੇ ਚਿਹਰੇ ਉੱਤੇ ਹਾਵੀ ਰਿਹਾ ਹੈ | ਪੰਜਾਬ ਦੀ ਹੀ ਗੱਲ ਕਰੀਏ, ਇੱਥੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਚਿਹਰੇ ਨੇ ਕਾਂਗਰਸ ਦੇ ਸਭ ਵਾਅਦਿਆਂ, ਦਾਅਵਿਆਂ ਨੂੰ ਰੋਲ ਕੇ ਰੱਖ ਦਿੱਤਾ ਸੀ |
ਹੁਣੇ-ਹੁਣੇ ਹੋਈਆਂ ਗੁਜਰਾਤ ਦੀਆਂ ਚੋਣਾਂ ਨੇ ਵੀ ਇਹ ਦੱਸ ਦਿੱਤਾ ਹੈ ਕਿ ਉੱਥੇ ਕੋਈ ਵੀ ਚਿਹਰਾ ਹਾਲ ਦੀ ਘੜੀ ਮੋਦੀ ਦਾ ਮੁਕਾਬਲਾ ਨਹੀਂ ਕਰ ਸਕਦਾ | ਕਾਂਗਰਸ ਕੋਲ ਤਾਂ ਕੋਈ ਚਿਹਰਾ ਹੀ ਨਹੀਂ ਸੀ ਤੇ ਕੇਜਰੀਵਾਲ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਵੀ ਬਣ ਨਾ ਸਕਿਆ | ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੂੰ ਚਿਹਰਾ ਬਣਾਉਣ ਲਈ ‘ਗੁਜਰਾਤ ਮਾਡਲ ਬਨਾਮ ਦਿੱਲੀ ਵਿਕਾਸ ਮਾਡਲ, ਤੇ ‘ਗੁਜਰਾਤ ਦੇ ਸਕੂਲ ਬਨਾਮ ਦਿੱਲੀ ਦੇ ਸਕੂਲ’ ਨੂੰ ਜਨਤਕ ਮੁੱਦਿਆਂ ਤੋਂ ਉਪਰ ਕਰ ਲਿਆ, ਜਿਸ ਕਾਰਨ ਉਹ ਮਾਰ ਖਾ ਗਈ |
ਕਾਂਗਰਸ ਪਾਰਟੀ ਨੇ ਹਿਮਾਚਲ ਦੀ ਚੋਣ ਨਵੀਂ ਰਣਨੀਤੀ ਅਪਣਾ ਕੇ ਲੜੀ ਸੀ | ਉਸ ਨੂੰ ਸਮਝ ਆ ਗਈ ਕਿ ਮੋਦੀ ਦਾ ਮੁਕਾਬਲਾ ਚਿਹਰਾ ਅੱਗੇ ਕਰਕੇ ਨਹੀਂ ਕੀਤਾ ਜਾ ਸਕਦਾ | ਇਸ ਕਾਰਨ ਹਿਮਾਚਲ ਵਿੱਚ ਕਾਂਗਰਸ ਨੇ ਮੁੱਦਿਆਂ ਨੂੰ ਉਭਾਰ ਕੇ ਚੋਣ ਲੜੀ | ਕਾਂਗਰਸ ਦੀ ਸਾਰੀ ਚੋਣ ਮੁਹਿੰਮ ਪੁਰਾਣੀ ਪੈਨਸ਼ਨ ਬਹਾਲੀ, ਅਗਨੀਵੀਰ ਯੋਜਨਾ ਦਾ ਵਿਰੋਧ, ਸੇਬ ਕਿਸਾਨਾਂ ਦੀ ਦੁਰਦਸ਼ਾ, ਰਸੋਈ ਗੈਸ ਤੇ ਹੋਰ ਵਸਤਾਂ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਉੱਤੇ ਕੇਂਦਰਤ ਰਹੀ | ਪਿ੍ਅੰਕਾ ਗਾਂਧੀ ਸਾਰੀ ਚੋਣ ਦੌਰਾਨ ਹਿਮਾਚਲ ਵਿੱਚ ਰਹੀ, ਪਰ ਕਾਂਗਰਸ ਵੱਲੋਂ ਆਪਣੀ ਚੋਣ ਉਸ ਦੇ ਚਿਹਰੇ ਨੂੰ ਅੱਗੇ ਰੱਖ ਕੇ ਨਹੀਂ ਲੜ ਗਈ | ਇਸ ਦੇ ਉਲਟ ਭਾਜਪਾ ਵੱਲੋਂ ਆਪਣੀ ਚੋਣ ਨਰਿੰਦਰ ਮੋਦੀ, ਜੇ ਪੀ ਨੱਢਾ ਤੇ ਜੈ ਰਾਮ ਠਾਕੁਰ ਦੇ ਚਿਹਰਿਆਂ ਨੂੰ ਅੱਗੇ ਰੱਖ ਕੇ ਲੜੀ ਗਈ ਸੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਵਿੱਚ 6 ਰੈਲੀਆਂ ਕੀਤੀਆਂ, ਪਰ ਚਿਹਰਿਆਂ ਉੱਤੇ ਮੁੱਦਿਆਂ ਦੀ ਲੜਾਈ ਭਾਰੂ ਰਹੀ | ਹਿਮਾਚਲ ਪ੍ਰਦੇਸ਼ ਨੇ ਦੱਸ ਦਿੱਤਾ ਹੈ ਕਿ ਭਾਜਪਾ ਦਾ ਮੁਕਾਬਲਾ ਮੁੱਦਿਆਂ ਦੀ ਰਾਜਨੀਤੀ ਕਰਕੇ ਹੀ ਕੀਤਾ ਜਾ ਸਕਦਾ ਹੈ |
ਇਸ ਸੰਦਰਭ ਵਿੱਚ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਮੋਦੀ ਦੇ ਮੁਕਾਬਲੇ ਵਿਰੋਧੀ ਧਿਰ ਕੋਲ ਮੁਕਾਬਲਾ ਕਰਨ ਵਾਲਾ ਕੋਈ ਇੱਕ ਚਿਹਰਾ ਨਹੀਂ ਹੈ | ਆਪਣੇ-ਆਪਣੇ ਰਾਜਾਂ ਵਿੱਚ ਤਾਂ ਕਈ ਚਿਹਰੇ ਹੋ ਸਕਦੇ ਹਨ, ਪਰ ਕੌਮੀ ਪੱਧਰ ਉੱਤੇ ਮੋਦੀ ਦੇ ਮੁਕਾਬਲੇ ਦਾ ਕੋਈ ਚਿਹਰਾ ਨਹੀਂ ਹੈ | ਇਹੋ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਹੈ | ਕਾਂਗਰਸ ਪਾਰਟੀ ਵੀ ਇਹ ਸਮਝ ਚੁੱਕੀ ਹੈ ਕਿ ਭਾਜਪਾ ਦਾ ਮੁਕਾਬਲਾ ਸਿਰਫ਼ ਮੁੱਦਿਆਂ ਦੀ ਰਾਜਨੀਤੀ ਕਰਕੇ ਹੀ ਕੀਤਾ ਜਾ ਸਕਦਾ ਹੈ | ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਨੂੰ ਇਸੇ ਕਰਕੇ ਚੋਣਾਂ ਵਾਲੇ ਰਾਜਾਂ ਤੋਂ ਦੂਰ ਰੱਖਿਆ ਗਿਆ ਤਾਂ ਜੋ ਭਾਜਪਾ ਨੂੰ ਰਾਹੁਲ ਗਾਂਧੀ ਦੇ ਚਿਹਰੇ ਨੂੰ ਨਿਸ਼ਾਨਾ ਬਣਾ ਕੇ ਚੋਣ ਮੁਹਿੰਮ ਚਲਾਉਣ ਦਾ ਮੌਕਾ ਨਾ ਮਿਲੇ | ਰਾਹੁਲ ਗਾਂਧੀ ਨੇ ਤਾਂ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਕਹਿ ਦਿੱਤਾ ਸੀ ਕਿ ਮੈਂ ਰਾਹੁਲ ਗਾਂਧੀ ਨੂੰ ਬਹੁਤ ਪਿੱਛੇ ਛੱਡ ਆਇਆ ਹਾਂ ਤੇ ਤੁਸੀਂ ਹਾਲੇ ਵੀ ਰਾਹੁਲ ਗਾਂਧੀ ਨੂੰ ਦੇਖ ਰਹੇ ਹੋ | ਰਾਹੁਲ ਗਾਂਧੀ ਵਾਰ-ਵਾਰ ਇਹ ਕਹਿ ਰਹੇ ਹਨ ਕਿ ਉਨ੍ਹਾ ਦੀ ਯਾਤਰਾ ਕਿਸੇ ਰਾਜਨੀਤਕ ਉਦੇਸ਼ ਲਈ ਨਹੀਂ, ਬਲਕਿ ਦੇਸ਼ ਨੂੰ ਅੰਦਰੋਂ ਤੋੜਨ ਵਾਲੀ ਨਫ਼ਰਤੀ ਵਿਚਾਰਧਾਰਾ ਤੇ ਨੀਤੀਆਂ ਵਿਰੁੱਧ ਹੈ | ਇਸ ਦਾ ਸਿੱਧਾ ਮਤਲਬ ਹੈ ਕਿ ਉਹ ਮੁੱਦਿਆਂ ਨੂੰ ਉਭਾਰਨਾ ਚਾਹੁੰਦੇ ਹਨ | ਉਹ ਹਰ ਥਾਂ ਭਾਜਪਾ ਦੀ ਨਫ਼ਰਤੀ ਵਿਚਾਰਧਾਰਾ ਦੇ ਨਾਲ-ਨਾਲ ਮਹਿੰਗਾਈ, ਬੇਰੁਜ਼ਗਾਰੀ, ਨੋਟਬੰਦੀ, ਜੀ ਐੱਸ ਟੀ ਤੇ ਅਰਥ-ਵਿਵਸਥਾ ਵਰਗੇ ਮੁੱਦਿਆਂ ਨੂੰ ਉਠਾ ਰਹੇ ਹਨ | ਉਨ੍ਹਾ ਦੀ ਭਾਰਤ ਜੋੜੋ ਯਾਤਰਾ ਦੇਸ਼ ਭਰ ਦੇ ਲੋਕਾਂ ਨੂੰ ਇਨ੍ਹਾਂ ਮੁੱਦਿਆਂ ਦੁਆਲੇ ਇਕੱਠੇ ਕਰਨ ਦਾ ਉੱਦਮ ਹੈ |
ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜਿਆਂ ਨੇ ਮੁੱਦਿਆਂ ਉੱਤੇ ਅਧਾਰਤ ਰਾਜਨੀਤੀ ਨੂੰ ਅੱਗੇ ਵਧਣ ਦਾ ਰਸਤਾ ਦਿਖਾਇਆ ਹੈ | ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀ ਮੁੱਦਿਆਂ ਉੱਤੇ ਅਧਾਰਤ ਵਿਰੋਧੀ ਧਿਰਾਂ ਦੀ ਏਕਤਾ ਉੱਤੇ ਜ਼ੋਰ ਦਿੱਤਾ ਹੈ | ਇਸ ਨਾਲ ਮੋਦੀ ਦੇ ਮੁਕਾਬਲੇ ਕੌਣ ਦਾ ਝੇੜਾ ਖ਼ਤਮ ਕਰਕੇ ਮੁੱਦਿਆਂ ਉੱਤੇ ਉਸ ਨੂੰ ਘੇਰਿਆ ਜਾ ਸਕੇਗਾ | ਕਾਂਗਰਸ ਦੀ ਨਵੀਂ ਰਣਨੀਤੀ ਤੋਂ ਇਹੋ ਜਾਪਦਾ ਹੈ ਕਿ ਅਗਲੀ ਲੋਕ ਸਭਾ ਚੋਣ ਚਿਹਰਾ ਬਨਾਮ ਮੁੱਦੇ ਹੋਣਗੇ | ਫਾਸ਼ੀ ਹਾਕਮਾਂ ਨੂੰ ਹਰਾਉਣ ਦਾ ਇਹੋ ਹੀ ਇੱਕੋ-ਇੱਕ ਰਾਹ ਹੈ |
-ਚੰਦ ਫਤਿਹਪੁਰੀ