ਮੁੰਬਈ : ਗਾਇਨੀਕੋਲੋਜਿਸਟ ਡਾ. ਅਨਾਹਿਤਾ ਪੰਡੋਲੇ, ਜਿਸ ਖਿਲਾਫ ਉਦਯੋਗਪਤੀ ਸਾਇਰਸ ਮਿਸਤਰੀ ਦੀ ਕਾਰ ਹਾਦਸੇ ‘ਚ ਮੌਤ ਮਾਮਲੇ ‘ਚ ਕੇਸ ਦਰਜ ਕੀਤਾ ਗਿਆ ਹੈ, ਦਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦਾ ਇਤਿਹਾਸ ਰਿਹਾ ਹੈ | ਉਸ ਦੇ ਸਾਲ 2020 ਤੋਂ ਕਈ ਵਾਰ ਓਵਰ ਸਪੀਡਿੰਗ ਲਈ ਚਲਾਨ ਕੱਟੇ ਜਾ ਚੁੱਕੇ ਹਨ | ਇਸ ਸਾਲ 4 ਸਤੰਬਰ ਨੂੰ ਪਾਲਘਰ ਜ਼ਿਲ੍ਹੇ ‘ਚ ਸੂਰਿਆ ਨਦੀ ਦੇ ਪੁਲ ‘ਤੇ ਮਰਸਡੀਜ਼-ਬੈਂਜ ਕਾਰ ਦੇ ਰੇਲਿੰਗ ਨਾਲ ਟਕਰਾਉਣ ਕਾਰਨ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਮਿਸਤਰੀ (54) ਅਤੇ ਉਸ ਦੇ ਦੋਸਤ ਜਹਾਂਗੀਰ ਪੰਡੋਲੇ ਦੀ ਮੌਤ ਹੋ ਗਈ ਸੀ | ਇਸ ਹਾਦਸੇ ‘ਚ ਡਾਕਟਰ ਅਨਾਹਿਤਾ ਅਤੇ ਉਸ ਦੇ ਪਤੀ ਨੂੰ ਗੰਭੀਰ ਸੱਟਾਂ ਲੱਗੀਆਂ | ਇਹ ਸਾਰੇ ਅਹਿਮਦਾਬਾਦ ਤੋਂ ਮੁੰਬਈ ਪਰਤ ਰਹੇ ਸਨ | ਪੁਲਸ ਅਧਿਕਾਰੀ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਹ ਕਾਰ ਪਿਛਲੇ ਸਮੇਂ ਦੌਰਾਨ ਟ੍ਰੈਫਿਕ ਨਾਲ ਸੰਬੰਧਤ ਵੱਖ-ਵੱਖ ਨਿਯਮਾਂ ਦੀ ਉਲੰਘਣਾ ‘ਚ ਸ਼ਾਮਲ ਸੀ |