ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ | ਮੌਸਮ ਵਿਭਾਗ ਨੇ ਕਈ ਰਾਜਾਂ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ | ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਦਿੱਲੀ-ਐੱਨ ਸੀ ਆਰ ਤੋਂ ਇਲਾਵਾ ਯੂ ਪੀ, ਬਿਹਾਰ, ਪੰਜਾਬ, ਰਾਜਸਥਾਨ ਸਮੇਤ ਹੋਰ ਸੂਬਿਆਂ ਵਿੱਚ ਸੀਤ ਲਹਿਰ ਦਾ ਪ੍ਰਕੋਪ ਹੋਵੇਗਾ | ਇਸ ਦੇ ਨਾਲ ਹੀ ਕੁਝ ਰਾਜਾਂ ਵਿੱਚ ਪਾਰਾ ਡਿੱਗਣ ਵਾਲਾ ਹੈ |
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ਵਾਸੀਆਂ ਨੂੰ ਹੁਣ ਹੋਰ ਠੰਢ ਦਾ ਸਾਹਮਣਾ ਕਰਨਾ ਪਵੇਗਾ | ਹਾਲਾਂਕਿ ਬਾਅਦ ਦੁਪਹਿਰ ਹਲਕੀ ਧੁੱਪ ਨਾਲ ਕੁਝ ਰਾਹਤ ਮਿਲੇਗੀ | ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਆਵੇਗੀ | ਉੱਤਰ ਪ੍ਰਦੇਸ਼ ਦੇ ਕੁਝ ਜ਼ਿਲਿ੍ਹਆਂ ਵਿੱਚ ਵੀ ਠੰਢ ਵਧਣ ਦੀ ਸੰਭਾਵਨਾ ਹੈ | ਕੁਝ ਜ਼ਿਲਿ੍ਹਆਂ ਵਿੱਚ ਧੁੰਦ ਪੈਣ ਦਾ ਵੀ ਅਨੁਮਾਨ ਹੈ, ਹਾਲਾਂਕਿ ਦੁਪਹਿਰ ਬਾਅਦ ਮੌਸਮ ਸਾਫ ਹੋ ਜਾਵੇਗਾ |
ਉੱਤਰਾਖੰਡ ਵਿੱਚ ਵੀ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ | ਮੌਸਮ ਵਿਭਾਗ ਨੇ ਦੱਸਿਆ ਕਿ ਪਹਾੜੀ ਇਲਾਕਿਆਂ ‘ਚ ਪਾਰਾ ਡਿੱਗਣ ਨਾਲ ਠੰਡ ਵਧ ਸਕਦੀ ਹੈ | ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ‘ਚ ਜੰਮੂ-ਕਸ਼ਮੀਰ ਤੋਂ ਆ ਰਹੀ ਬਰਫੀਲੀ ਹਵਾ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ | ਸ਼ੁੱਕਰਵਾਰ ਨੂੰ ਗਵਾਲੀਅਰ ਸੂਬੇ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ | ਗਵਾਲੀਅਰ ਵਿੱਚ ਘੱਟੋ-ਘੱਟ ਤਾਪਮਾਨ ਸੱਤ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਭਾਗ ਨੇ ਕੁਝ ਰਾਜਾਂ ਵਿੱਚ ਬਾਰਿਸ਼ ਦਾ ਅਲਰਟ ਵੀ ਜਾਰੀ ਕੀਤਾ ਹੈ | ਚੇਨਈ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਦੱਖਣੀ ਟਾਪੂਆਂ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ | ਇਸ ਤੋਂ ਇਲਾਵਾ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ |



