ਲਤੀਫ਼ਪੁਰਾ ਦੇ ਉਜਾੜੇ ਖਿਲਾਫ਼ ਲੋਕ-ਪੱਖੀ ਜਥੇਬੰਦੀਆਂ ਵੱਲੋਂ ਰੋਸ ਵਿਖਾਵਾ

0
304

ਜਲੰਧਰ : ਇੱਥੇ ਲਤੀਫ਼ਪੁਰਾ ‘ਚ ਬੁਲਡੋਜ਼ਰ ਚਲਾ ਕੇ ਲੋਕਾਂ ਨੂੰ ਉਜਾੜਨ ਵਿਰੁੱਧ ਸੋਮਵਾਰ ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਲੰਧਰ, ਹੁਸ਼ਿਆਰਪੁਰ, ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ, ਲੋਕ ਸੱਭਿਆਚਾਰਕ ਮੰਚ ਅਤੇ ਸੰਯੁਕਤ ਕਿਸਾਨ ਮੋਰਚਾ ਚੱਬੇਵਾਲ-ਮਾਹਿਲਪੁਰ, ਵੇਰਕਾ ਮਿਲਕ ਪਲਾਂਟ ਕਾਮੇ ਜਲੰਧਰ ਆਦਿ ਜਥੇਬੰਦੀਆਂ ਦੇ ਕਾਰਕੁਨਾਂ, ਉਜਾੜਾ ਪੀੜਤ ਪਰਵਾਰਾਂ, ਜਮਹੂਰੀ ਸ਼ਖਸੀਅਤਾਂ ਨੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋ ਕੇ ਪਹਿਲਾਂ ਰੈਲੀ ਕੀਤੀ ਅਤੇ ਉਪਰੰਤ ਡੀ ਸੀ ਦਫਤਰ ਤੱਕ ਰੋਹ ਭਰਭੂਰ ਰੋਸ ਪ੍ਰਦਰਸ਼ਨ ਕੀਤਾ |
ਮੁੱਖ ਮੰਤਰੀ ਦੇ ਨਾਂਅ ਭੇਜੇ ਮੰਗ ਪੱਤਰ ਵਿੱਚ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਪੀੜਤਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਉਸੇ ਜਗ੍ਹਾ ਮੁੜ ਆਬਾਦ ਕੀਤਾ ਜਾਵੇ, ਸਰਕਾਰ ਲੋਕਾਂ ਨੂੰ ਘਰ ਬਣਾ ਕੇ ਦੇਵੇ, ਲੋਕਾਂ ਦੇ ਘਰੇਲੂ ਸਾਮਾਨ ਦੀ ਸਾਰੀ ਭਰਪਾਈ ਕਰੇ, ਲੋਕਾਂ ਦੇ ਰਹਿਣ ਦਾ ਫੌਰੀ ਆਰਜ਼ੀ ਪ੍ਰਬੰਧ ਕੀਤਾ ਜਾਵੇ ਅਤੇ ਔਰਤਾਂ/ਲੋਕਾਂ ਨੂੰ ਅੱਪਸ਼ਬਦ ਬੋਲਣ ਵਾਲੇ ਪੁਲਸ ਅਧਿਕਾਰੀ ਜਸਕਰਨਜੀਤ ਸਿੰਘ ਤੇਜਾ ਨੂੰ ਨੌਕਰੀਓਾ ਬਰਖਾਸਤ ਕਰਕੇ ਸਖਤ ਕਾਰਵਾਈ ਕੀਤੀ ਜਾਵੇ |
ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਇਕੱਠ ਵਿੱਚ ਆ ਕੇ ਮੰਗ ਪੱਤਰ ਪ੍ਰਾਪਤ ਕਰਦਿਆਂ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਡਿਪਟੀ ਕਮਿਸ਼ਨਰ ਰਾਹੀਂ ਤੁਰੰਤ ਇਹ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਦਾ ਕਰਨਗੇ | ਜਥੇਬੰਦੀਆਂ ਨੇ ਜ਼ੀਰਾ ਫੈਕਟਰੀ ਅੱਗੇ ਬੈਠੇ ਲੋਕਾਂ ਨੂੰ ਜਬਰੀ ਉਠਾਉਣ, ਲਾਠੀਚਾਰਜ ਕਰਨ ਅਤੇ ਕੇਸ ਦਰਜ ਕਰਨ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ | ਇਸ ਮੌਕੇ ਬੋਲਦੇ ਹੋਏ ਮਜ਼ਦੂਰ ਆਗੂ ਹਰਮੇਸ਼ ਮਾਲੜੀ, ਕਿਸਾਨ ਆਗੂ ਗੁਰਚਰਨ ਸਿੰਘ ਚਾਹਿਲ ਅਤੇ ਤਰਕਸ਼ੀਲ ਆਗੂ ਸੁਖਵਿੰਦਰ ਬਾਗਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਰਵੱਈਆ ਲੋਕਾਂ ਨੂੰ ਪੁਲਸ ਬਲ ਦੇ ਜ਼ੋਰ ਦਬਾਉਣ ਵਾਲਾ ਹੈ |
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲਤੀਫਪੁਰਾ ਅਤੇ ਜ਼ੀਰਾ ਫੈਕਟਰੀ ਅੱਗੇ ਲੱਗੇ ਧਰਨੇ ਨੂੰ ਉਠਾਉਣ ਲਈ ਸਰਕਾਰ ਨੇ ਜੋ ਤਰੀਕਾ ਵਰਤਿਆ ਹੈ, ਉਹ ਸਿੱਧ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਦੇ ਪੱਖੀ ਹੈ | ਉਹਨਾਂ ਕਿਹਾ ਕਿ ਲਤੀਫਪੁਰਾ ਦੇ ਲੋਕਾਂ ਦੇ ਉਜਾੜੇ ਦੀ ਲੜਾਈ ਹੁਣ ਲੋਕਾਂ ਦੀ ਲੜਾਈ ਬਣ ਗਈ ਹੈ | ਸਰਕਾਰ ਨੂੰ Tਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ |” ਇਸ ਮੌਕੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਕਿਸਾਨ ਆਗੂ ਰਾਜਿੰਦਰ ਸਿੰਘ, ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਅਤੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਜਲੰਧਰ ਦੇ ਸਕੱਤਰ ਡਾਕਟਰ ਮੰਗਤ ਰਾਏ ਔਜਲਾ ਨੇ ਵੀ ਸੰਬੋਧਨ ਕੀਤਾ |

LEAVE A REPLY

Please enter your comment!
Please enter your name here