ਨਾਗਪੁਰ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੀ ਪਤਨੀ ਅੰਮਰਤਾ ਫੜਨਵੀਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਭਾਰਤ ਦੇ ਰਾਸ਼ਟਰ ਪਿਤਾ ਹਨ | ਬੈਂਕਰ ਤੇ ਗਾਇਕਾ ਅੰਮਰਤਾ ਨੇ ਕਿਹਾ—ਸਾਡੇ ਦੋ ਰਾਸ਼ਟਰ ਪਿਤਾ ਹਨ | ਨਰਿੰਦਰ ਮੋਦੀ ਨਵੇਂ ਭਾਰਤ ਦੇ ਅਤੇ ਮਹਾਤਮਾ ਗਾਂਧੀ ਪੁਰਾਣੇ ਸਮੇਂ ਦੇ |
ਕਾਂਗਰਸ ਆਗੂ ਤੇ ਮਹਾਰਾਸ਼ਟਰ ਦੀ ਸਾਬਕਾ ਮੰਤਰੀ ਯਸ਼ੋਮਤੀ ਠਾਕੁਰ ਨੇ ਇਸ ਬਿਆਨ ‘ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਤੇ ਆਰ ਐੱਸ ਐੱਸ ਦੀ ਵਿਚਾਰਧਾਰਾ ‘ਤੇ ਚੱਲਣ ਵਾਲੇ ਲੋਕ ਗਾਂਧੀ ਜੀ ਨੂੰ ਵਾਰ-ਵਾਰ ਮਾਰਨਾ ਜਾਰੀ ਰੱਖ ਰਹੇ ਹਨ | ਉਨ੍ਹਾਂ ਨੂੰ ਲੱਗਦਾ ਹੈ ਕਿ ਝੂਠ ਬੋਲ-ਬੋਲ ਕੇ ਤੇ ਗਾਂਧੀ ਜੀ ਵਰਗੇ ਮਹਾਨ ਲੋਕਾਂ ਨੂੰ ਬਦਨਾਮ ਕਰਕੇ ਉਹ ਇਤਿਹਾਸ ਬਦਲ ਦੇਣਗੇ | ਮੰਗਲਵਾਰ ‘ਅਭਿਵਿਅਕਤੀ ਵੈਦਭੀਰਯ ਲੇਖਕਾ ਸੰਸਥਾ’ ਦੇ ਪ੍ਰੋਗਰਾਮ ਵਿਚ ਕਿਸੇ ਨੇ ਅੰਮਰਤਾ ਨੂੰ ਪੁੱਛਿਆ ਕਿ ਤੁਸੀਂ ਪਿਛਲੇ ਸਾਲ ਮੋਦੀ ਨੂੰ ਰਾਸ਼ਟਰ ਪਿਤਾ ਕਿਹਾ ਸੀ | ਜੇ ਮੋਦੀ ਰਾਸ਼ਟਰ ਪਿਤਾ ਹਨ ਤਾਂ ਮਹਾਤਮਾ ਗਾਂਧੀ ਕੌਣ ਹਨ? ਅੰਮਰਤਾ ਨੇ ਕਿਹਾ—ਮਹਾਤਮਾ ਗਾਂਧੀ ਦੇਸ਼ ਦੇ ਰਾਸ਼ਟਰ ਪਿਤਾ ਹਨ ਅਤੇ ਮੋਦੀ ਨਵੇਂ ਭਾਰਤ ਦੇ ਰਾਸ਼ਟਰ ਪਿਤਾ ਹਨ | ਦੋ ਰਾਸ਼ਟਰ ਪਿਤਾ ਹਨ | ਅੰਮਰਤਾ ਦੀ ਇਹ ਟਿੱਪਣੀ ਉਦੋਂ ਆਈ ਹੈ, ਜਦੋਂ ਕੁਝ ਦਿਨ ਪਹਿਲਾਂ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੀ ਛਤਰਪਤੀ ਸ਼ਿਵਾ ਜੀ ਬਾਰੇ ਟਿੱਪਣੀ ‘ਤੇ ਆਪੋਜ਼ੀਸ਼ਨ ਨੇ ਤਿੱਖੀ ਅਲੋਚਨਾ ਕੀਤੀ ਸੀ |





