ਅਮਰੀਕਾ ‘ਚ ਕਿ੍ਸਮਸ ਤੋਂ ਠੀਕ ਪਹਿਲਾਂ ਬੰਬ ਸਾਈਕਲੋਨ ਨੇ ਦਸਤਕ ਦਿੱਤੀ ਹੈ | ਤੂਫਾਨ ਦੇ ਖ਼ਤਰੇ ਨੂੰ ਦੇਖਦੇ ਹੋਏ ਵੀਰਵਾਰ ਅਤੇ ਸ਼ੁੱਕਰਵਾਰ ਨੂੰ 4 ਹਜ਼ਾਰ ਤੋਂ ਜ਼ਿਆਦਾ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ | ਇਸ ਨਾਲ ਲੱਖਾਂ ਲੋਕ ਪ੍ਰਭਾਵਤ ਹੋਏ ਹਨ | ਇਸ ਦੌਰਾਨ ਸ਼ਿਕਾਗੋ ਦੇ ਨੇੜੇ ਦੇ ਇਲਾਕਿਆਂ ਦਾ ਤਾਪਮਾਨ-13 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ | ਮਿਨੇਪੋਲਿਸ ਅਤੇ ਸੇਂਟ ਪਾਲ ਸ਼ਹਿਰ ‘ਚ 8 ਇੰਚ ਤੋਂ ਜ਼ਿਆਦਾ ਮੋਟੀ ਬਰਫ਼ ਦੀ ਚਾਦਰ ਵਿਛ ਗਈ | ਤੂਫਾਨ ਦਾ ਅਸਰ ਕੈਨੇਡਾ ‘ਚ ਵੀ ਦੇਖਿਆ ਗਿਆ ਹੈ | ਅਮਰੀਕਾ ਦੀ ਕਰੀਬ 60 ਫੀਸਦੀ ਅਬਾਦੀ ਕੜਾਕੇ ਦੀ ਠੰਢ ਦੀ ਲਪੇਟ ‘ਚ ਹੈ | ਤੂਫ਼ਾਨ ਅਮਰੀਕੀ ਤੱਟ ਤੋਂ ਲੈ ਕੇ ਪ੍ਰਸ਼ਾਂਤ ਦੇ ਪੱਛਮ-ਉਤਰ ਤੱਟ ਤੱਕ ਜਾਰੀ ਹੈ | ਅਮਰੀਕੀ ਪ੍ਰਸ਼ਾਸਨ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਤਾਪਮਾਨ ਮਾਇਨਸ 40 ਡਿਗਰੀ ਤੱਕ ਡਿੱਗ ਸਕਦਾ ਹੈ |





