ਰੋਹਤਕ : ਜ਼ਿਲ੍ਹਾ ਰੋਹਤਕ ਨੇੜਿਓਾ ਰੇਲਵੇ ਪੁਲਸ ਨੇ ਥਾਣਾ ਤਲਵਾੜਾ ਦੇ ਅਧੀਨ ਪੈਂਦੇ ਮਹੰਤ ਮੁਹੱਲਾ ਦੇਪੁਰ ਦੇ ਚੰਡੋਲੀ ਮੁਹੱਲੇ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦੀਆਂ ਟੋਟੇ-ਟੋਟੇ ਹੋਈਆਂ ਲਾਸ਼ਾਂ ਨੂੰ ਭੇਦਭਰੇ ਹਾਲਤ ‘ਚ ਬਰਾਮਦ ਕੀਤਾ ਹੈ | ਰੋਹਤਕ ਦੇ ਐੱਫ ਐੱਸ ਐੱਲ ਇੰਚਾਰਜ ਡਾ. ਸਰੋਜ ਦਹੀਆ ਮਲਿਕ ਅਤੇ ਜੀ ਆਰ ਪੀ ਨੇ ਮੌਕੇ ‘ਤੇ ਪੁੱਜ ਕੇ ਸਬੂਤ ਇਕੱਠੇ ਕੀਤੇ | ਜਾਂਚ ਦੌਰਾਨ ਲਾਸ਼ਾਂ ਤੋਂ 25 ਫੁੱਟ ਦੂਰ ਸ਼ਰਾਬ ਦੀ ਖਾਲੀ ਬੋਤਲ, ਕੋਲਡ ਡਰਿੰਕ, ਖੂਨ ਦੇ ਨਿਸ਼ਾਨ ਮਿਲਣ ਅਤੇ ਰੇਲਵੇ ਲਾਈਨ ਨੇੜੇ ਘਸੀਟਣ ਦੇ ਨਿਸ਼ਾਨ ਮਿਲੇ ਹਨ | ਇਸ ਤੋਂ ਇਹ ਸ਼ੱਕ ਜਾਹਰ ਹੁੰਦਾ ਹੈ ਕਿ ਪਹਿਲਾਂ ਦੋਵਾਂ ਭਰਾਵਾਂ ਦਾ ਕਤਲ ਕੀਤਾ ਗਿਆ ਤੇ ਫੇਰ ਉਸ ਨੂੰ ਆਤਮਹੱਤਿਆ ਦਾ ਰੰਗ ਦੇਣ ਲਈ ਲਾਸ਼ਾਂ ਰੇਲਵੇ ਟਰੈਕ ‘ਤੇ ਪਾ ਦਿੱਤੀਆਂ ਗਈਆਂ, ਜਿੱਥੇ ਟਰੇਨਾਂ ਦੀ ਆਵਾਜਾਈ ਕਾਰਨ ਲਾਸ਼ਾਂ ਦੇ ਟੋਟੇ ਹੋ ਗਏ | ਅਧਿਕਾਰੀ ਲਾਸ਼ਾਂ ਦੀ ਪਛਾਣ ਕਰਨ ਵਿੱਚ ਅਸਮਰਥ ਰਹੇ | ਸਨਿੱਚਰਵਾਰ ਦੁਪਿਹਰ ਨੂੰ ਜਦੋਂ ਪਿੰਡ ਮਹੰਤ ਮੁਹੱਲਾ ਦੇਪੁਰ ‘ਚ ਗੱਲ ਫੈਲੀ ਤਾਂ ਮਿ੍ਤਕਾਂ ਦੇ ਇਕ ਗੁਆਂਢੀ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਸੁਖਜਿੰਦਰ ਸਿੰਘ ਉਰਫ ਪਿੰਕਾ (36) ਅਤੇ ਉਸ ਦਾ ਛੋਟਾ ਭਰਾ ਸਤਿੰਦਰ ਸਿੰਘ ਉਰਫ ਮੰਨੀ (27) ਦੋਵੇਂ ਪੁੱਤਰ ਰਿਟਾਇਰਡ ਸੂਬੇਦਾਰ ਗਿਰਧਾਰੀ ਲਾਲ ਰੋਹਤਕ ‘ਚ ਜੇ ਸੀ ਬੀ ਚਲਾਉਣ ਦਾ ਕੰਮ ਕਰਦੇ ਸਨ | ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਇਕ ਗੱਡੀ ਪਲਟ ਗਈ ਹੈ ਤੇ ਜੇ ਸੀ ਬੀ ਦੀ ਜ਼ਰੂਰਤ ਹੈ | ਦੋਵੇਂ ਭਰਾ ਆਪਣੀ ਜੇ ਸੀ ਬੀ ਲੈ ਕੇ ਰੋਹਤਕ ਨੇੜੇ ਸਿੰਘਪੁਰਾ ਪਿੰਡ ਨਾਲ ਪੈਂਦੀ ਰੇਲਵੇ ਲਾਈਨ ਕੋਲ ਪੁੱਜ ਗਏ | ਤੜਕਸਾਰ ਰੇਲਵੇ ਪੁਲਸ ਨੂੰ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਰੇਲਵੇ ਟਰੈਕ ਤੋਂ ਟੁਕੜਿਆਂ ‘ਚ ਮਿਲੀਆਂ | ਉਨ੍ਹਾਂ ਦੀ ਪਛਾਣ ਰੇਲਵੇ ਟਰੈਕ ਨੇੜੇ ਖੜ੍ਹੀ ਜੇ ਸੀ ਬੀ ਮਸ਼ੀਨ ਤੋਂ ਹੋਈ | ਥਾਣਾ ਮੁਖੀ ਤਲਵਾੜਾ ਹਰ ਗੁਰਦੇਵ ਸਿੰਘ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾ ਕਿਹਾ ਕਿ ਹੁਣ ਤੱਕ ਇਸ ਘਟਨਾ ਦੀ ਸੂਚਨਾ ਨਹੀਂ ਪ੍ਰਾਪਤ ਹੋਈ



