ਕਾਠਮੰਡੂ : ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਸੋਮਵਾਰ ਪੁਸ਼ਪ ਕਮਲ ਦਹਲ ਉਰਫ ਪ੍ਰਚੰਡ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ | ਉਹ 2008 ਤੋਂ 2009 ਤੇ 2016 ਤੋਂ 2017 ਤੱਕ ਵੀ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ | ਪ੍ਰਚੰਡ ਨੇ ਸਾਬਕਾ ਪ੍ਰਧਾਨ ਮੰਤਰੀ ਤੇ ਚੀਨ ਦੇ ਕਰੀਬੀ ਮੰਨੇ ਜਾਂਦੇ ਕਮਿਊਨਿਸਟ ਆਗੂ ਕੇ ਪੀ ਸ਼ਰਮਾ ਓਲੀ ਦੀ ਪਾਰਟੀ ਤੇ ਚਾਰ ਹੋਰ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਈ ਹੈ | ਉਹ ਢਾਈ ਸਾਲ ਪ੍ਰਧਾਨ ਮੰਤਰੀ ਰਹਿਣਗੇ ਤੇ ਫਿਰ ਸੀ ਪੀ ਐੱਨ-ਯੂ ਐੱਮ ਐੱਲ ਸੱਤਾ ਸੰਭਾਲੇਗੀ | ਮਤਲਬ ਕਿ ਓਲੀ ਫਿਰ ਪ੍ਰਧਾਨ ਮੰਤਰੀ ਬਣਨਗੇ | ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਚੰਡ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ-ਭਾਰਤ ਤੇ ਨੇਪਾਲ ਵਿਚਾਲੇ ਬੇਮਿਸਾਲ ਸੰਬੰਧ ਹਨ | ਡੂੰਘਾ ਸੱਭਿਆਚਾਰਕ ਜੁੜਾਅ ਹੈ | ਦੋਹਾਂ ਦੇਸ਼ਾਂ ਦੇ ਸੰਬੰਧ ਲੋਕਾਂ ਵਿਚਾਲੇ ਗਰਮਜੋਸ਼ੀ-ਭਰੇ ਸੰਬੰਧਾਂ ‘ਤੇ ਅਧਾਰਤ ਹਨ | ਮੈਂ ਇਸ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੀ ਆਸ ਰੱਖਦਾ ਹਾਂ | ਨੇਪਾਲ ਵਿਚ ਚੀਨੀ ਦੂਤਘਰ ਨੇ ਵੀ ਨੇਪਾਲ ਦਾ 44ਵਾਂ ਪ੍ਰਧਾਨ ਮੰਤਰੀ ਬਣਨ ‘ਤੇ ਪ੍ਰਚੰਡ ਨੂੰ ਵਧਾਈ ਦਿੱਤੀ ਹੈ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਵਧਾਈ ਦਿੱਤੀ ਹੈ |



