17.4 C
Jalandhar
Friday, November 22, 2024
spot_img

ਪੰਜਾਬ ਸਰਕਾਰ ਖੇਡਾਂ ‘ਚ ਗੁਆਚੀ ਸ਼ਾਨ ਬਹਾਲ ਕਰਾਉਣ ਲਈ ਯਤਨਸ਼ੀਲ : ਮੀਤ ਹੇਅਰ

ਚੰਡੀਗੜ੍ਹ (ਗੁਰਜੀਤ ਬਿੱਲਾ)-ਗੁਆਚੀ ਸ਼ਾਨ ਬਹਾਲ ਕਰਕੇ ਪੰਜਾਬ ਨੂੰ ਖੇਡਾਂ ‘ਚ ਦੇਸ਼ ਦਾ ਮੁੜ ਮੋਹਰੀ ਸੂਬਾ ਬਣਾਉਣਾ ਭਗਵੰਤ ਮਾਨ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ | ਸਰਕਾਰ ਦੇ ਪਹਿਲੇ ਬੱਜਟ ਨੇ ਹੀ ਇਸ ਉਪਰ ਮੋਹਰ ਲਗਾ ਦਿੱਤੀ ਸੀ, ਜਦੋਂ ਸਾਲ 2022-23 ਲਈ ਪਿਛਲੇ ਸਾਲ ਦੇ ਮੁਕਾਬਲੇ ਖੇਡਾਂ ਦੇ ਬੱਜਟ ‘ਚ 38.14 ਫੀਸਦੀ ਵਾਧਾ ਕੀਤਾ ਗਿਆ | ਕੁੱਲ 229 ਕਰੋੜ ਰੁਪਏ ਦਾ ਬੱਜਟ ਅਲਾਟ ਕੀਤਾ ਗਿਆ | ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਲ ਭਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਤੋਂ ਸੂਬਾ ਪੱਧਰ ਤੱਕ ‘ਖੇਡਾਂ ਵਤਨ ਪੰਜਾਬ ਦੀਆਂ-2022’ ਕਰਵਾਈਆਂ ਗਈਆਂ | ਪਹਿਲੀ ਵਾਰ ਕਰਵਾਈਆਂ ਗਈਆਂ ਇਸ ਤਰ੍ਹਾਂ ਦੀਆਂ ਖੇਡਾਂ ‘ਚ ਖਿਡਾਰੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਗਈ | 3 ਲੱਖ ਦੇ ਕਰੀਬ ਖਿਡਾਰੀਆਂ ਨੇ 29 ਖੇਡ ਵੰਨਗੀਆਂ ‘ਚ ਹਿੱਸਾ ਲਿਆ, ਜਦੋਂ ਕਿ ਪਹਿਲਾਂ ਕਰਵਾਈਆਂ ਜਾਂਦੀਆਂ ਖੇਡਾਂ ‘ਚ ਖਿਡਾਰੀਆਂ ਦੀ ਗਿਣਤੀ 20 ਹਜ਼ਾਰ ਨਹੀਂ ਟੱਪੀ ਸੀ | ਮੁੱਖ ਮੰਤਰੀ ਨੇ ਕੌਮੀ ਖੇਡ ਦਿਵਸ ਦਾ 29 ਅਗਸਤ ਨੂੰ ਜਲੰਧਰ ਵਿਖੇ ਖੁਦ ਵਾਲੀਬਾਲ ਖੇਡ ਕੇ ਉਦਘਾਟਨ ਕੀਤਾ | ਢਾਈ ਮਹੀਨੇ ਇਸ ਖੇਡ ਮਹਾਂਕੁੰਭ ‘ਚ ਜੇਤੂ ਰਹੇ 9961 ਖਿਡਾਰੀਆਂ ਨੂੰ 6.85 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਗਈ |
ਇਸ ਸਾਲ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ‘ਚ ਪੰਜਾਬ ਦੇ 19 ਖਿਡਾਰੀਆਂ ਨੇ ਹਾਕੀ, ਕਿ੍ਕਟ, ਵੇਟਲਿਫਟਿੰਗ ‘ਚ ਤਿੰਨ ਚਾਂਦੀ ਤੇ ਚਾਰ ਕਾਂਸੀ ਦੇ ਤਮਗੇ ਜਿੱਤੇ | 23 ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਨੇ 9.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ | ਪਹਿਲੀ ਵਾਰ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਰਾਸ਼ੀ ਦਿੱਤੀ ਗਈ |
ਉੱਭਰਦੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਂਅ ਹੇਠ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕੀਤੀ ਗਈ | ਇਸ ਸਕੀਮ ਤਹਿਤ 12.50 ਕਰੋੜ ਰੁਪਏ ਦਾ ਬੱਜਟ ਉਪਬੰਧ ਕੀਤਾ ਗਿਆ ਹੈ, ਜਿਸ ਤਹਿਤ ਸੀਨੀਅਰ ਨੈਸ਼ਨਲ ਮੁਕਾਬਲਿਆਂ ‘ਚ ਕੋਈ ਵੀ ਤਮਗਾ ਜੇਤੂ ਖਿਡਾਰੀ ਨੂੰ 8000 ਰੁਪਏ ਪ੍ਰਤੀ ਮਹੀਨਾ ਅਤੇ ਜੂਨੀਅਰ ਨੈਸ਼ਨਲ ‘ਚ ਜੇਤੂ ਖਿਡਾਰੀ ਨੂੰ 6000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਇਕ ਸਾਲ ਲਈ ਦਿੱਤਾ ਜਾਵੇਗਾ |
ਖੇਡਾਂ ਦਾ ਪੱਧਰ ਉੱਚਾ ਚੁੱਕਣ, ਖਿਡਾਰੀਆਂ ਨੂੰ ਸਨਮਾਨ, ਨੌਕਰੀ ਦੇਣ ਅਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਉਲੀਕਣ ਲਈ ਕਾਰਗਰ ਖੇਡ ਨੀਤੀ ਬਣਾਉਣ ਲਈ ਖੇਡ ਮਾਹਰਾਂ ਦੀ ਕਮੇਟੀ ਬਣਾਈ ਗਈ ਹੈ, ਜਿਸ ਦੀ ਰਿਪੋਰਟ ਦੇ ਆਧਾਰ ਉਤੇ ਨੀਤੀ ਲਾਗੂ ਹੋਵੇਗੀ | ਇਸ ਸੈਸ਼ਨ ਦੌਰਾਨ 4750 ਖਿਡਾਰੀ ਸਪੋਰਟਸ ਵਿੰਗ ਸਕੂਲਾਂ ‘ਚ ਅਤੇ 1000 ਖਿਡਾਰੀ ਸਪੋਰਟਸ ਵਿੰਗ ਕਾਲਜਾਂ ‘ਚ ਦਾਖਲ ਕੀਤੇ ਗਏ | ਕੋਚਾਂ ਦੀ ਨਵੀਂ ਭਰਤੀ ਲਈ ਯੋਜਨਾ ਉਲੀਕੀ ਗਈ | ਰੋਇੰਗ ਖਿਡਾਰੀਆਂ ਨੂੰ ਕਿਸ਼ਤੀਆਂ ਅਤੇ ਸ਼ੂਟਿੰਗ ਰੇਂਜਾਂ ਲਈ ਬੱਜਟ ਐਲਾਨਿਆ ਗਿਆ | ਮੁੱਖ ਮੰਤਰੀ ਦੇ ਫੈਸਲੇ ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਇਸ ਸਾਲ ਨੌਜਵਾਨਾਂ ਨੂੰ ਸ਼ਹੀਦ-ਏ ਆਜ਼ਮ ਸ. ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ | ਹਰੇਕ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਪੁਰਸਕਾਰ ਲਈ ਚੁਣਿਆ ਜਾਵੇਗਾ, ਜਿਨ੍ਹਾਂ ਨੂੰ 51,000 ਰੁਪਏ ਦੀ ਰਾਸ਼ੀ, ਮੈਡਲ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਕਈ ਵਰਿ੍ਹਆਂ ਤੋਂ ਨਹੀਂ ਕਰਵਾਏ ਗਏ ਰਾਜ ਪੱਧਰੀ ਅੰਤਰ-ਵਰਸਿਟੀ ਯੁਵਕ ਮੇਲੇ ਨੂੰ ਇਸ ਵਾਰ ਦਸੰਬਰ ਮਹੀਨੇ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ | ਇਸ ਯੁਵਕ ਮੇਲੇ ਦਾ ਮਨੋਰਥ ਨੌਜਵਾਨਾਂ ਨੂੰ ਅਮੀਰ ਵਿਰਸੇ ਨਾਲ ਜੋੜਨਾ ਹੈ | ਯੁਵਕ ਸੇਵਾਵਾਂ ਵਿਭਾਗ ਨੇ ਦੂਸਰੇ ਰਾਜਾਂ ਦੇ ਸੱਭਿਆਚਾਰ, ਪੌਣ-ਪਾਣੀ ਅਤੇ ਰੀਤੀ-ਰਿਵਾਜਾਂ ਨੂੰ ਸਮਝਣ ਲਈ ਰਾਜ ਦੇ 300 ਨੌਜਵਾਨਾਂ ਦੇ ਅੰਤਰ-ਰਾਜੀ ਦੌਰੇ ਕਰਵਾਏ | ਇਸ ਤੋਂ ਇਲਾਵਾ ਪੇਂਡੂ ਯੂਥ ਕਲੱਬਾਂ ਦੇ 200 ਅਹੁਦੇਦਾਰਾਂ/ਮੈਂਬਰਾਂ ਦੀ ਯੂਥ ਟ੍ਰੇਨਿੰਗ ਵਰਕਸ਼ਾਪ ਵੀ ਲਗਾਈ ਗਈ |

Related Articles

LEAVE A REPLY

Please enter your comment!
Please enter your name here

Latest Articles