ਨਵੀਂ ਦਿੱਲੀ : ਕਸ਼ਮੀਰ ‘ਚ ਇੱਕ ਵਾਰ ਫਿਰ ਤੋਂ ਸ਼ੁਰੂ ਹੋਏ ਟਾਰਗੇਟ ਕਿਿਲੰਗ ਦੇ ਮਾਮਲੇ ‘ਚ ਲੋਕਾਂ ਦੇ ਮਨਾਂ ‘ਚ ਦਹਿਸ਼ਤ ਪੈਦਾ ਕਰ ਦਿੱਤੀ ਹੈ | ਇਸ ਦੇ ਵਿਰੋਧ ‘ਚ ਦੇਸ਼ ਭਰ ‘ਚ ਥਾਂ-ਥਾਂ ਆਵਾਜ਼ ਉਠਾਈ ਜਾ ਰਹੀ ਹੈ | ਇਸ ਦੌਰਾਨ ਐਤਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਆਮ ਆਦਮੀ ਪਾਰਟੀ ਨੇ ਰੈਲੀ ਕੱਢ ਕੇ ਵਿਰੋਧ ਪ੍ਰਦਰਸ਼ਨ ਕੀਤਾ | ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਰੈਲੀ ਨੂੰ ਸੰਬੋਧਨ ਕਰਨ ਲਈ ਪ੍ਰਦਰਸ਼ਨ ਸਥਾਨ ‘ਤੇ ਪਹੁੰਚੇ | ਸਿਸੋਦੀਆ ਨੇ ਕਸ਼ਮੀਰ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਲਾਉਂਦੇ ਹੋਏ ਦਾਅਵਾ ਕੀਤਾ ਕਿ ਇਸ ਨੂੰ ਘਾਟੀ ਦੇ ਇਤਿਹਾਸ ਦਾ ਸਭ ਤੋਂ ਬੁਰਾ ਦੌਰ ਮੰਨਿਆ ਜਾਵੇਗਾ | ਉਨ੍ਹਾ ਕਿਹਾ ਕਿ ਕਸ਼ਮੀਰ ‘ਚ ਇਨ੍ਹਾਂ ਦਿਨਾਂ ‘ਚ ਦਹਿਸ਼ਤ ਅਤੇ ਖੌਫ਼ ਦਾ ਮਾਹੌਲ ਹੈ |
ਕੇਜਰੀਵਾਲ ਨੇ ਕਿਹਾ ਕਿ ਕਸ਼ਮੀਰ ‘ਚ ਭਾਜਪਾ ਸਰਕਾਰ ਫੇਲ੍ਹ ਰਹੀ ਹੈ | 1990 ਦਾ ਦੌਰ ਫਿਰ ਤੋਂ ਆ ਗਿਆ ਹੈ | ਸਰਕਾਰ ਦੀ ਕੋਈ ਯੋਜਨਾ ਨਹੀਂ | ਹੁਣ ਵੀ ਘਾਟੀ ‘ਚ ਹੱਤਿਆਵਾਂ ਹੋ ਰਹੀਆਂ ਹਨ, ਖ਼ਬਰ ਆਉਂਦੀ ਹੈ ਕਿ ਗ੍ਰਹਿ ਮੰਤਰੀ ਨੇ ਇੱਕ ਉਚ ਪੱਧਰੀ ਮੀਟਿੰਗ ਬੁਲਾਈ | ਬਹੁਤ ਹੋ ਗਈਆਂ ਇਹ ਮੀਟਿੰਗਾਂ, ਹੁਣ ਸਾਨੂੰ ਕਾਰਵਾਈ ਦੀ ਜ਼ਰੂਰਤ ਹੈ | ਕਸ਼ਮੀਰੀ ਕਾਰਵਾਈ ਚਾਹੁੰਦੇ ਹਨ | ਉਨ੍ਹਾ ਕਿਹਾ ਜਦੋਂ ਵੀ ਕਸ਼ਮੀਰ ‘ਚ ਭਾਜਪਾ ਦਾ ਸ਼ਾਸਨ ਆਉਂਦਾ ਹੈ, ਉਦੋਂ ਕਸ਼ਮੀਰੀ ਪੰਡਤ ਪਲਾਇਨ ਕਰਨ ਲਈ ਮਜ਼ਬੂਰ ਹੁੰਦਾ ਹੈ | ਭਾਜਪਾ 30 ਸਾਲਾਂ ‘ਚ ਦੋ ਵਾਰ ਕਸ਼ਮੀਰ ‘ਚ ਸੱਤਾ ‘ਚ ਰਹੀ ਤੇ 3 ਵਾਰ ਕਸ਼ਮੀਰੀ ਪੰਡਤਾਂ ਨੂੰ ਪਲਾਇਨ ਕਰਨਾ ਪਿਆ | ਉਨ੍ਹਾ ਕਿਹਾ ਕਿ ਅਸੀਂ ਕਸ਼ਮੀਰੀ ਪੰਡਤਾਂ ਦੀਆਂ ਹੱਤਿਆਵਾਂ ਖਿਲਾਫ਼ ਵਿਰੋਧ ਕਰਨਾ ਚਾਹੁੰਦੇ ਹਾਂ, ਤਾਂ ਕਸ਼ਮੀਰ ਦੀ ਵਰਤਮਾਨ ਭਾਜਪਾ ਸਰਕਾਰ ਉਨ੍ਹਾ ਨੂੰ ਵਿਰੋਧ ਕਰਨ ਦੀ ਇਜਾਜ਼ਤ ਨਹੀਂ ਦਿੰਦੀ | ਜੇਕਰ ਸਰਕਾਰ ਇਸ ਤਰ੍ਹਾਂ ਦਾ ਵਿਹਾਰ ਕਰਦੀ ਹੈ ਤਾਂ ਲੋਕਾਂ ਦਾ ਦਰਦ ਦੁੱਗਣਾ ਹੋ ਜਾਂਦਾ ਹੈ |
ਰਾਜ ਸਭਾ ਸਾਂਸਦ ਸੰਜੇ ਸਿੰਘ ਨੇ ਕਿਹਾ ਕਿ 1990 ਦੌਰਾਨ ਕਸ਼ਮੀਰ ‘ਚ ਭਾਜਪਾ ਦੇ ਸਮਰਥਨ ਵਾਲੀ ਸਰਕਾਰ ਸੀ ਅਤੇ ਹੁਣ ਪੂਰਨ ਬਹੁਮਤ ਦੇ ਨਾਲ ਨਰੇਂਦਰ ਮੋਦੀ ਦੀ ਸਰਕਾਰ ਹੈ, ਉਦੋਂ ਵੀ ਕਸ਼ਮੀਰੀ ਪੰਡਤਾਂ ਨੂੰ ਘਾਟੀ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਸੀ |
ਕੇਜਰੀਵਾਲ ਨੇ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਕਿ ਉਨ੍ਹਾ ਨੂੰ ਪਤਾ ਲੱਗਿਆ ਹੈ ਕਿ 4500 ਕਸ਼ਮੀਰੀ ਪੰਡਤਾਂ ਨੂੰ ਪ੍ਰਧਾਨ ਮੰਤਰੀ ਰਿਲੀਫ਼ ਪਲਾਨ ਦੇ ਤਹਿਤ ਕਸ਼ਮੀਰ ‘ਚ ਵਸਾਇਆ ਗਿਆ |
ਉਨ੍ਹਾਂ ਨੂੰ ਨੌਕਰੀ ਦਿੱਤੀ ਗਈ, ਪਰ ਉਨ੍ਹਾਂ ਤੋਂ ਬਾਂਡ ਦਸਤਖ਼ਤ ਕਰਾਇਆ ਗਿਆ ਕਿ ਉਨ੍ਹਾਂ ਨੂੰ ਕਸ਼ਮੀਰ ‘ਚ ਹੀ ਨੌਕਰੀ ਕਰਨੀ ਪਵੇਗੀ, ਉਹ ਬਦਲੀ ਦੀ ਮੰਗ ਵੀ ਨਹੀਂ ਕਰ ਸਕਦੇ | ਜੇਕਰ ਉਨ੍ਹਾਂ ਟਰਾਂਸਫਰ ਦੀ ਮੰਗ ਕੀਤੀ ਤਾਂ ਉਨ੍ਹਾਂ ਦੀ ਨੌਕਰੀ ਚਲੀ ਜਾਵੇਗੀ |
ਅੱਜ ਕਸ਼ਮੀਰੀ ਪੰਡਤ ਇਹ ਮੰਗ ਕਰ ਰਹੇ ਹਨ ਕਿ ਇਸ ਬਾਂਡ ਨੂੰ ਰੱਦ ਕੀਤਾ ਜਾਵੇ | ਕੇਜਰੀਵਾਲ ਨੇ ਕਿਹਾ ਕਿ ਅੱਜ ਕਸ਼ਮੀਰੀ ਪੰਡਤਾਂ ਦੇ ਨਾਲ ਪੂਰਾ ਦੇਸ਼ ਇਹ ਮੰਗ ਕਰਦਾ ਹੈ ਕਿ ਇਸ ਬਾਂਡ ਨੂੰ ਰੱਦ ਕੀਤਾ ਜਾਵੇ, ਕਸ਼ਮੀਰੀ ਪੰਡਤ ਬੰਧੂਆ ਮਜ਼ਦੂਰ ਨਹੀਂ ਹਨ |