ਢਾਕਾ : ਦੱਖਣ-ਪੂਰਬੀ ਬੰਗਲਾਦੇਸ਼ ‘ਚ ਇੱਕ ਨਿੱਜੀ ਕੰਟੇਨਰ ਚਟਗਾਂਵ ਦੇ ਸੀਤਾਕੁੰਡਾ ਉਪ ਜ਼ਿਲ੍ਹਾ ਦੇ ਕਦਮਰਸੂਲ ਖੇਤਰ ਵਿੱਚ ਬੀ ਐੱਮ ਕੰਟੇਨਰ ਡਿਪੂ ‘ਚ ਸ਼ਨੀਵਾਰ ਰਾਤ ਧਮਾਕਾ ਹੋ ਗਿਆ, ਜਿਸ ਤੋਂ ਬਾਅਦ ਇੱਥੇ ਅੱਗ ਲੱਗ ਗਈ | ਇਸ ਹਾਦਸੇ ‘ਚ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਅਤੇ 450 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ | ਅੱਗ ‘ਤੇ ਕਾਬੂ ਪਾਉਣ ਲਈ ਫੌਜ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ | ਧਮਾਕਾ ਏਨਾ ਜ਼ਬਦਸਤ ਸੀ ਕਿ ਨੇੜੇ ਦੀਆਂ ਕੁਝ ਇਮਾਰਤਾਂ ਦੀਆਂ ਖਿੜਕੀਆਂ ਤੱਕ ਟੁੱਟ ਗਈਆਂ | ਲੋਕਾਂ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਤੱਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ | ਬੰਗਲਾਦੇਸ਼ ਫਾਇਰ ਸਰਵਿਸ ਐਂਡ ਸਿਵਲ ਡਿਫੈਂਸ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਅੱਗ ਏਨੀ ਜ਼ਬਰਦਸਤ ਸੀ ਕਿ ਇਸ ਨੂੰ ਬੁਝਾਉਣ ਦੌਰਾਨ ਫਾਇਰ ਵਿਭਾਗ ਦੇ 5 ਮੁਲਾਜ਼ਮਾਂ ਦੀ ਮੌਤ ਹੋ ਗਈ | ਮਿ੍ਤਕਾਂ ‘ਚੋਂ ਇੱਕ ਦੀ ਪਛਾਣ ਕੁਮੀਰਾ ਸਟੇਸ਼ਨ ਅਧਿਕਾਰੀ (ਨਰਸਿੰਗ ਸਹਾਇਕ) ਮੋਨਿਰੂਜ਼ਮਾ ਦੇ ਰੂਪ ‘ਚ ਹੋਈ ਹੈ | 15 ਮੁਲਾਜ਼ਮ ਜ਼ਖ਼ਮੀ ਹੋਏ ਹਨ, ਉਥੇ ਹੀ 2 ਮੁਲਾਜ਼ਮ ਲਾਪਤਾ ਹਨ | ਮੌਕੇ ‘ਤੇ ਪਹੁੰਚੇ ਪੁਲਸ ਅਫਸਰ ਨੂਰਲਾ ਆਲਮ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੂੰ ਰਵਾਨਾ ਕੀਤਾ ਗਿਆ | ਹੁਣ ਤੱਕ 44 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ | ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ | ਮੁਢਲੀ ਇਨਵੈਸਟੀਗੇਸ਼ਨ ਤੋਂ ਲੱਗਦਾ ਹੈ ਕਿ ਅੱਗ ਡਿਪੂ ‘ਚ ਰੱਖੇ ਕੈਮੀਕਲ ਕਾਰਨ ਲੱਗੀ ਹੋ ਸਕਦੀ ਹੈ | ਡਿਪੂ ਤੋਂ ਕਰੀਬ 21 ਕਿਲੋਮੀਟਰ ਦੂਰ ਚਟਗਾਂਵ ਮੈਡੀਕਲ ਕਾਲਜ/ ਹਸਪਤਾਲ ‘ਚ ਆਈ ਸੀ ਯੂ ਬੈੱਡ ਪਹਿਲਾਂ ਹੀ ਭਰੇ ਹੋਏ ਹਨ, ਜਦਕਿ ਸੰਕਟ ਦੀ ਸਥਿਤੀ ‘ਚ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਜ਼ਖ਼ਮੀਆਂ ਨੂੰ ਸੀ ਐੱਮ ਸੀ ਐੱਚ ਅਤੇ ਸੰਯੁਕਤ ਫੌਜੀ ਹਸਪਤਾਲ ਸਮੇਤ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਾਇਆ ਗਿਆ ਹੈ |
ਰਿਪੋਰਟ ਅਨੁਸਾਰ ਮਿ੍ਤਕਾਂ ਦੇ ਪਰਵਾਰਾਂ ਨੂੰ 560 ਡਾਲਰ (50,000 ਟਕਾ) ਅਤੇ ਜ਼ਖ਼ਮੀਆਂ ਨੂੰ 224 ਡਾਲਰ (20,000 ਟਕਾ) ਦੀ ਸਹਾਇਤਾ ਦਿੱਤੀ ਜਾ ਰਹੀ ਹੈ | ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ | ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਲਈ ਉਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ ਅਤੇ ਉਨ੍ਹਾਂ ਨੂੰ ਤਿੰਨ ਦਿਨਾਂ ‘ਚ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ | ਚਟਗਾਂਵ ਦੇ ਫਾਇਰ ਬਿ੍ਗੇਡ ਅਤੇ ਨਾਗਰਿਕ ਸੁਰੱਖਿਆ ਦੇ ਸਹਾਇਕ ਨਿਰਦੇਸ਼ਕ ਮੁਹੰਮਦ ਫਾਰੂਕ ਹੁਸੈਨ ਸਿਕੰਦਰ ਨੇ ਕਿਹਾ—ਲੱਗਭੱਗ 29 ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ 50 ਐਂਬੂਲੈਸਾਂ ਵੀ ਮੌਕੇ ‘ਤੇ ਮੌਜੂਦ ਹਨ | ਫਾਇਰ ਬਿ੍ਗੇਡ ਸਰਵਿਸ ਦੇ ਮੁਖੀ ਬਿ੍ਗੇਡੀਅਰ ਜਨਰਲ ਮੁਹੰਮਦ ਮੈਨੂਦੀਨ ਨੇ ਸੀਤਾਕੁੰਡ ਇਲਾਕੇ ‘ਚ ਘਟਨਾ ਸਥਾਨ ‘ਤੇ ਪੱਤਰਕਾਰਾਂ ਨੂੰ ਕਿਹਾ—ਡਿਪੂ ਦੇ ਕੰਟੇਨਰ ‘ਚ ਹਾਈਡ੍ਰੋਜਨ ਪੇਰੋਕਸਾਇਡ ਵਰਗੇ ਕਈ ਪ੍ਰਕਾਰ ਦੇ ਰਸਾਇਣ ਰੱਖੇ ਸਨ ਅਤੇ ਸਪੱਸ਼ਟ ਰੂਪ ਨਾਲ ਰਸਾਇਣਾਂ ਕਾਰਨ ਅੱਗ ਖ਼ਤਰਨਾਕ ਹੋ ਗਈ | ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਲਗਾਤਾਰ ਧਮਾਕੇ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਕੰਟੇਨਰ ਡਿਪੂ ‘ਚ ਲੱਖਾਂ ਡਾਲਰ ਦੇ ਕੱਪੜੇ ਮੌਜੂਦ ਸਨ, ਜਿਨ੍ਹਾਂ ਨੂੰ ਪੱਛਮੀ ਪਰਚੂਨ ਵਿਕਰੇਤਾਵਾਂ ਨੂੰ ਨਿਰਯਾਤ ਕੀਤਾ ਜਾਣਾ ਸੀ | ਬੰਗਲਾਦੇਸ਼ ਪੱਛਮੀ ਦੇਸ਼ਾਂ ਦਾ ਇੱਕ ਵੱਡਾ ਨਿਰਯਾਤਕ ਦੇਸ਼ ਹੈ ਅਤੇ ਪਿਛਲੇ ਇੱਕ ਦਹਾਕੇ ‘ਚ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੱਪੜਾ ਨਿਰਯਾਤ ਕਰਨ ਵਾਲਾ ਦੇਸ਼ ਬਣ ਗਿਆ ਹੈ |