ਗਾਜ਼ੀਆਬਾਦ : ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਨੌਂ ਦਿਨਾਂ ਦੇ ਅਰਾਮ ਤੋਂ ਬਾਅਦ ਮੰਗਲਵਾਰ ਮੁੜ ਸ਼ੁਰੂ ਹੋ ਕੇ ਯੂ ਪੀ ‘ਚ ਦਾਖਲ ਹੋ ਗਈ | ਪਿ੍ਅੰਕਾ ਗਾਂਧੀ ਵਾਡਰਾ ਅਤੇ ਪਾਰਟੀ ਦੇ ਕਈ ਹੋਰ ਨੇਤਾਵਾਂ ਤੇ ਵਰਕਰਾਂ ਨੇ ਯਾਤਰਾ ਦੇ ਗਾਜ਼ੀਆਬਾਦ ‘ਚ ਦਾਖਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਅਤੇ ਹੋਰਨਾਂ ਯਾਤਰੀਆਂ ਦਾ ਸਵਾਗਤ ਕੀਤਾ |
ਇਸੇ ਦੌਰਾਨ ਕਰੀਬ 6 ਕਿੱਲੋਮੀਟਰ ਤੁਰਨ ਤੋਂ ਬਾਅਦ ਰਾਹੁਲ ਤੇ ਪਿ੍ਅੰਕਾ ਦਿੱਲੀ ਪਰਤ ਗਏ | ਉਹ ਬੁੱਧਵਾਰ ਸਵੇਰੇ ਦਿੱਲੀ ਤੋਂ ਕਾਰ ਰਾਹੀਂ ਬਾਗਪਤ ਪੁੱਜ ਕੇ ਫਿਰ ਯਾਤਰਾ ‘ਚ ਸ਼ਾਮਲ ਹੋਣਗੇ | ਇਸ ਤੋਂ ਪਹਿਲਾਂ ਲੋਨੀ ਬਾਰਡਰ ‘ਤੇ ਬਣੇ ਮੰਚ ‘ਤੇ ਰਾਹੁਲ ਤੇ ਪਿ੍ਅੰਕਾ ਇਕੱਠੇ ਨਜ਼ਰ ਆਏ | ਪਿ੍ਅੰਕਾ ਦੇ ਮੋਢੇ ‘ਤੇ ਹੱਥ ਰੱਖ ਕੇ ਰਾਹੁਲ ਅੱਗੇ ਵਧਦੇ ਦਿਸੇ | ਮੰਚ ਤੋਂ ਪਿ੍ਅੰਕਾ ਨੇ ਰਾਹੁਲ ਨੂੰ ਯੋਧਾ ਦੱਸਦਿਆਂ ਕਿਹਾ—ਮੇਰੇ ਵੱਡੇ ਭਰਾ, ਇੱਧਰ ਦੇਖੋ, ਸਭ ਤੋਂ ਵੱਧ ਮਾਣ ਹੈ ਤੁਹਾਡੇ ‘ਤੇ | ਸੱਤਾ ਨੇ ਪੂਰਾ ਜ਼ੋਰ ਲਾਇਆ | ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਖਰਚੇ, ਇਨ੍ਹਾਂ ਦਾ ਅਕਸ ਖਰਾਬ ਕਰਨ ਲਈ, ਪਰ ਇਹ ਡਰੇ ਨਹੀਂ | ਇਨ੍ਹਾਂ ‘ਤੇ ਏਜੰਸੀਆਂ ਲਾਈਆਂ ਗਈਆਂ | ਯੋਧਾ ਹਨ, ਯੋਧਾ | ਅਡਾਨੀ-ਅੰਬਾਨੀ ਨੇ ਵੱਡੇ-ਵੱਡੇ ਨੇਤਾ ਖਰੀਦ ਲਏ | ਦੇਸ਼ ਦੇ ਸਾਰੇ ਪੀ ਐੱਸ ਯੂ ਖਰੀਦ ਲਏ | ਦੇਸ਼ ਦਾ ਮੀਡੀਆ ਖਰੀਦ ਲਿਆ, ਪਰ ਮੇਰੇ ਭਰਾ ਨੂੰ ਨਹੀਂ ਖਰੀਦ ਸਕੇ ਤੇ ਨਾ ਖਰੀਦ ਸਕਣਗੇ |
ਪਿ੍ਅੰਕਾ ਨੇ ਅੱਗੇ ਕਿਹਾ—ਕੋਈ ਮੈਥੋਂ ਪੁੱਛ ਰਿਹਾ ਸੀ ਕਿ ਤੁਹਾਡੇ ਭਰਾ ਨੂੰ ਠੰਢ ਨਹੀਂ ਲੱਗਦੀ | ਤੁਹਾਨੂੰ ਡਰ ਨਹੀਂ ਲੱਗਦਾ, ਇਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ | ਮੇਰਾ ਜਵਾਬ ਇਹ ਹੈ ਕਿ ਉਹ ਸੱਚ ਦਾ ਕਵਚ ਪਹਿਨ ਕੇ ਚੱਲ ਰਹੇ ਹਨ | ਰੱਬ ਇਨ੍ਹਾ ਨੂੰ ਸੁਰੱਖਿਅਤ ਰੱਖੇਗਾ | ਸਭ ਨਾਲ ਚੱਲੋ, ਏਕਤਾ, ਸਦਭਾਵਨਾ ਤੇ ਪਿਆਰ ਦਾ ਪੈਗਾਮ ਲੈ ਕੇ | ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਨੇ ਦਿੱਲੀ ਦੇ ਮਰਘਟ ਵਾਲੇ ਹਨੂੰਮਾਨ ਦੇ ਦਰਸ਼ਨ ਕੀਤੇ | ਪੁਜਾਰੀ ਨੇ ਉਨ੍ਹਾ ਨੂੰ ਗਦਾ ਦਿੱਤੀ | ਰਾਹੁਲ ਯੂ ਪੀ ਵਿਚ ਤਿੰਨ ਦਿਨ ਕਰੀਬ 130 ਕਿੱਲਮੀਟਰ ਪੈਦਲ ਚੱਲਣਗੇ | ਉਹ ਤਿੰਨ ਜ਼ਿਲਿ੍ਹਆਂ ਗਾਜ਼ੀਆਬਾਦ, ਬਾਗਪਤ ਤੇ ਸ਼ਾਮਲੀ ਦੇ 11 ਅਸੰਬਲੀ ਹਲਕਿਆਂ ‘ਚੋਂ ਲੰਘਣਗੇ |
ਹਾਲਾਂਕਿ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜਯੰਤ ਚੌਧਰੀ ਯਾਤਰਾ ‘ਚ ਸ਼ਾਮਲ ਨਹੀਂ ਹੋਏ, ਉਨ੍ਹਾ ਸੋਸ਼ਲ ਮੀਡੀਆ ‘ਤੇ ਲਿਖਿਆ—ਤਪ ਕੇ ਹੀ ਧਰਤੀ ਤੋਂ ਬਣੀ ਇੱਟ ਛੂਹ ਲੈਂਦੀ ਹੈ ਆਕਾਸ਼ | ਭਾਰਤ ਜੋੜੋ ਦੇ ਤਪੱਸਵੀਆਂ ਨੂੰ ਸਲਾਮ | ਦੇਸ਼ ਦੇ ਸੰਸਕਾਰ ਨਾਲ ਜੁੜ ਕੇ ਯੂ ਪੀ ਵਿਚ ਵੀ ਚੱਲ ਰਿਹਾ ਅਭਿਆਨ ਸਾਰਥਕ ਹੋਵੇ ਤੇ ਇਕ ਸੂਤਰ ‘ਚ ਲੋਕਾਂ ਨੂੰ ਜੋੜਦਾ ਰਹੇ | ਕਾਂਗਰਸ ਆਗੂ ਆਚਾਰੀਆ ਪ੍ਰਮੋਦ ਕਿ੍ਸ਼ਣਮ ਨੇ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ—ਯੂ ਪੀ ਦੀਆਂ ਹਵਾਵਾਂ ਦੱਸ ਰਹੀਆਂ ਹਨ, ਛੇਤੀ ਮੌਸਮ ਬਦਲਣ ਵਾਲਾ ਹੈ | ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ—ਮੈਂ ਯਾਤਰਾ ਵਿਚ ਸ਼ਾਮਲ ਨਹੀਂ ਹੋ ਸਕਾਂਗਾ, ਪਰ ਵਰਕਰ ਹੋ ਸਕਦੇ ਹਨ |




