ਹੁਣ ਈਸਾਈਆਂ ‘ਤੇ ਵੀ ਹਮਲੇ

0
223

ਪਿਛਲੇ 8 ਸਾਲਾਂ ਤੋਂ ਫਾਸ਼ੀ ਦਰਿੰਦਿਆਂ ਵੱਲੋਂ ਭੀੜਤੰਤਰੀ ਹੱਤਿਆਵਾਂ ਤੇ ਹਮਲਿਆਂ ਰਾਹੀਂ ਮੁਸਲਮਾਨ ਵਿਰੋਧੀ ਹਿੰਸਾ ਦਾ ਦੌਰ ਜਾਰੀ ਰਿਹਾ ਸੀ | ਰਹਿੰਦੀ ਕਸਰ ਭਾਜਪਾ ਸ਼ਾਸਤ ਰਾਜਾਂ ਵਿੱਚ ਸਰਕਾਰਾਂ ਤੇ ਪ੍ਰਸ਼ਾਸਨ ਦੀ ਬੁਲਡੋਜ਼ਰ ਉਜਾੜਾ ਨੀਤੀ ਨੇ ਪੂਰੀ ਕਰ ਦਿੱਤੀ ਸੀ | ਸਿੱਟੇ ਵਜੋਂ ਮੁਸਲਮਾਨ ਦਹਿਸ਼ਤ ਦੇ ਸਾਏ ਹੇਠ ਦਿਨ ਕਟੀ ਕਰਨ ਲਈ ਮਜਬੂਰ ਹੋ ਗਏ ਸਨ |
ਹੁਣ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਭਾਜਪਾ ਦੇ ਸ਼ਿਸ਼ਕਾਰੇ ਹਿੰਦੂਤਵੀ ਗੁੰਡੇ ਫਿਰ ਸਰਗਰਮ ਹੋ ਗਏ ਲਗਦੇ ਹਨ | ਇਸ ਵਾਰ ਉਨ੍ਹਾਂ ਦੇ ਨਿਸ਼ਾਨੇ ਹੇਠ ਮੁਸਲਮਾਨਾਂ ਦੇ ਨਾਲ-ਨਾਲ ਈਸਾਈ ਵੀ ਹਨ | ਲੱਗਭੱਗ ਸਾਰਾ ਮੀਡੀਆ ਜਦੋਂ ਸਰਕਾਰੀ ਚਾਕਰੀ ਕਰਨ ਲੱਗਾ ਹੋਇਆ ਹੈ ਤਾਂ ਘੱਟਗਿਣਤੀਆਂ ਉੱਤੇ ਹੋ ਰਹੇ ਹਮਲਿਆਂ ਦਾ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ | ਪਿਛਲੇ ਦੋ ਕੁ ਮਹੀਨਿਆਂ ਦੌਰਾਨ ਛੱਤੀਸਗੜ੍ਹ ਅੰਦਰ ਈਸਾਈਆਂ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ | ਅਕਤੂਬਰ ਵਿੱਚ 3 ਤੇ ਨਵੰਬਰ ਵਿੱਚ 15 ਹਮਲੇ ਕੀਤੇ ਗਏ | 18 ਦਸੰਬਰ ਨੂੰ ਇੱਕੋ ਦਿਨ 20 ਹਮਲੇ ਹੋਏ | ਫਿਰ 3 ਦਿਨਾਂ ਦੌਰਾਨ 21 ਦਸੰਬਰ ਤੱਕ 21 ਹਮਲੇ ਹੋਏ ਸਨ | ਇਨ੍ਹਾਂ ਘਟਨਾਵਾਂ ਤੋਂ ਬਾਅਦ ਆਦਿਵਾਸੀ ਸਮਾਜ ਵੱਲੋਂ ਨਰਾਇਣਪੁਰ ਕੁਲੈਕਟਰ ਦੇ ਦਫ਼ਤਰ ਅੱਗੇ ਮੁਜ਼ਾਹਰਾ ਕਰਕੇ ਇੱਕ ਸ਼ਿਕਾਇਤ ਪੱਤਰ ਦਿੱਤਾ ਗਿਆ ਸੀ |
ਇਸ ਸ਼ਿਕਾਇਤ ਪੱਤਰ ਵਿੱਚ ਦੋਸ਼ ਲਾਇਆ ਗਿਆ ਸੀ ਕਿ ਆਰ ਐੱਸ ਐੱਸ ਤੇ ਹਿੰਦੂ ਸੰਗਠਨਾਂ ਦੇ ਇਸ਼ਾਰੇ ਉੱਤੇ ਉਨ੍ਹਾਂ ਵਿਰੁੱਧ ਹਮਲੇ ਕੀਤੇ ਜਾ ਰਹੇ ਹਨ | ਇਸ ਪੱਤਰ ਵਿੱਚ ਕਿਹਾ ਗਿਆ ਸੀ ਕਿ ਬਸਤਰ ਦੇ ਚੇਰਾਂਗ ਵਿੱਚ 50 ਈਸਾਈਆਂ ਨੂੰ ਕੁੱਟ ਕੇ ਉਨ੍ਹਾਂ ਦੇ ਘਰਾਂ ਵਿੱਚੋਂ ਭਜਾ ਦਿੱਤਾ ਗਿਆ ਹੈ | ਇਸ ਤੋਂ ਬਿਨਾਂ ਭਾਟਪਾਲ, ਮੋਡੇਂਗਾ, ਗੋਹੜਾ ਤੇ ਬੋਰਵੰਡ ਵਿੱਚ ਵੀ ਈਸਾਈਆਂ ਉੱਤੇ ਹਮਲੇ ਕੀਤੇ ਗਏ ਹਨ |
ਅਧਿਕਾਰੀਆਂ ਦੇ ਭਰੋਸਾ ਦੇਣ ਦੇ ਬਾਅਦ ਵੀ ਇਹ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਕਿਉਂਕਿ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ | ਇਸੇ ਤੋਂ ਉਤਸ਼ਾਹਤ ਹੋ ਕੇ ਹਮਲਾਵਰਾਂ ਨੇ ਨਵੇਂ ਵਰ੍ਹੇ ਦੇ ਦਿਨ ਐਤਵਾਰ ਨੂੰ ਇੱਕ ਹੋਰ ਘਟਨਾ ਨੂੰ ਅੰਜਾਮ ਦੇ ਦਿੱਤਾ | ਇਸ ਹਮਲੇ ਵਿੱਚ ਇੱਕ ਪੁਲਸ ਅਧਿਕਾਰੀ ਸਮੇਤ 8 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਸਨ | ‘ਦੀ ਹਿੰਦੂ’ ਦੀ ਰਿਪੋਰਟ ਮੁਤਾਬਕ ਇੱਕ ਦਰਜਨ ਈਸਾਈਆਂ ਉੱਤੇ ਚਾਰ-ਪੰਜ ਸੌ ਦੀ ਭੀੜ ਨੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਗੋਰੇਗਾਂਵ ਦੇ ਲੋਕ ਤੇ ਬਾਹਰੀ ਲੋਕ ਵੀ ਸ਼ਾਮਲ ਸਨ | ਇੱਕ ਪੀੜਤ ਨੇ ਦੱਸਿਆ ਕਿ ਸਾਨੂੰ ਇੱਕ ਮੀਟਿੰਗ ਲਈ ਸੱਦਿਆ ਗਿਆ ਸੀ, ਜਦੋਂ ਅਸੀਂ ਪਹੁੰਚੇ ਤਾਂ ਸਾਡੇ ਉੱਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਗਿਆ | ਸਾਡੇ ਉੱਤੇ ਵਿਦੇਸ਼ੀ ਧਰਮ ਮੰਨਣ ਦਾ ਦੋਸ਼ ਲਾਇਆ ਗਿਆ | ਆਪਣੀ ਜਾਨ ਬਚਾਉਣ ਲਈ ਸਾਨੂੰ ਨੇੜਲੇ ਜੰਗਲ ਵਿੱਚ ਸ਼ਰਨ ਲੈਣੀ ਪਈ | ਛਤੀਸਗੜ੍ਹ ਵਿੱਚ ਅਜਿਹੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ, ਪਰ ਦੁਰਾਡੇ ਪਿੰਡਾਂ ਤੋਂ ਖ਼ਬਰਾਂ ਨਹੀਂ ਆ ਰਹੀਆਂ |
ਇਨ੍ਹਾਂ ਹਮਲਿਆਂ ਨੇ ਦੱਸ ਦਿੱਤਾ ਹੈ ਕਿ ਭਾਜਪਾ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਫਿਰਕੂ ਕਤਾਰਬੰਦੀ ਨੂੰ ਤੇਜ਼ ਕਰਨ ਲਈ ਦੰਗੇ ਕਰਾਉਣ ਦੀ ਨੀਤੀ ਉੱਤੇ ਚੱਲ ਰਹੀ ਹੈ | ਆਉਣ ਵਾਲੇ ਦਿਨਾਂ ਦੌਰਾਨ ਇਹ ਸਿਲਸਿਲਾ ਹੋਰ ਰਾਜਾਂ ਵਿੱਚ ਵੀ ਫੈਲ ਸਕਦਾ ਹੈ | ਪੰਜਾਬ ਵਿੱਚ ਵੀ ਈਸਾਈ ਵਿਰੋਧੀ ਭਾਵਨਾਵਾਂ ਭੜਕਾਉਣ ਦੀ ਸੁਗਬੁਗਾਹਟ ਸ਼ੁਰੂ ਹੋ ਚੁੱਕੀ ਹੈ | ਇੱਥੇ ਤਾਂ ਭਾਜਪਾ ਦੀ ਇਸ ਮੁਹਿੰਮ ਵਿੱਚ ਸਿੱਖਾਂ ਦਾ ਕੱਟੜਵਾਦੀ ਧੜਾ ਵੀ ਸ਼ਾਮਲ ਹੁੰਦਾ ਲੱਭ ਰਿਹਾ ਹੈ | ਹਰ ਜਮਹੂਰੀਅਤਪਸੰਦ ਦੇਸ਼ਭਗਤ ਵਿਅਕਤੀ ਨੂੰ ਇਨ੍ਹਾਂ ਕੋਸ਼ਿਸ਼ਾਂ ਦਾ ਵਿਰੋਧ ਕਰਨਾ ਚਾਹੀਦਾ ਹੈ |

LEAVE A REPLY

Please enter your comment!
Please enter your name here