ਨਵੀਂ ਦਿੱਲੀ : ਏਅਰ ਇੰਡੀਆ ਦੇ ਨਿਊ ਯਾਰਕ ਤੋਂ ਦਿੱਲੀ ਆ ਰਹੇ ਜਹਾਜ਼ ‘ਚ ਸਵਾਰ ਸ਼ਰਾਬੀ ਨੇ ਬਿਜ਼ਨਸ ਕਲਾਸ ਸੀਟ ਉੱਤੇ ਬੈਠੀ ਬਜ਼ੁਰਗ ਮਹਿਲਾ ਸਹਿ-ਯਾਤਰੀ ਉੱਤੇ ਪਿਸ਼ਾਬ ਕਰ ਦਿੱਤਾ | ਦੇਸ਼ ਦੇ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ ਜੀ ਸੀ ਏ) ਨੇ ਏਅਰਲਾਈਨ ਤੋਂ ਘਟਨਾ ਦੀ ਰਿਪੋਰਟ ਮੰਗੀ ਹੈ | ਡੀ ਜੀ ਸੀ ਏ ਨੇ ਬੁੱਧਵਾਰ ਕਿਹਾ-ਅਸੀਂ ਏਅਰਲਾਈਨ ਤੋਂ ਰਿਪੋਰਟ ਮੰਗ ਰਹੇ ਹਾਂ ਅਤੇ ਲਾਪ੍ਰਵਾਹੀ ਪਾਏ ਜਾਣ ਵਾਲਿਆਂ ਵਿਰੁੱਧ ਕਾਰਵਾਈ ਕਰਾਂਗੇ |
ਏਅਰ ਇੰਡੀਆ ਨੇ 26 ਨਵੰਬਰ ਨੂੰ ਵਾਪਰੀ ਇਸ ਘਟਨਾ ਦੇ ਸੰਬੰਧ ‘ਚ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਹੈ | ਇਸ ਘਟਨਾ ਤੋਂ ਬਾਅਦ ਏਅਰ ਇੰਡੀਆ ਨੇ ਅੰਦਰੂਨੀ ਕਮੇਟੀ ਕਾਇਮ ਕਰ ਦਿੱਤੀ ਸੀ, ਜਿਸ ਦੀ ਸਿਫਾਰਸ਼ ‘ਤੇ ਪੁਰਸ਼ ਯਾਤਰੀ ਨੂੰ 30 ਦਿਨ ਤੱਕ ‘ਨੋ-ਫਲਾਈ ਸੂਚੀ’ ਵਿੱਚ ਪਾ ਦਿੱਤਾ ਗਿਆ | ਮਾਮਲਾ ਸਰਕਾਰ ਵੱਲੋਂ ਨਿਯੁਕਤ ਕਮੇਟੀ ਨੂੰ ਜਾਂਚ ਲਈ ਭੇਜਿਆ ਗਿਆ ਹੈ ਅਤੇ ਇਸ ਮਾਮਲੇ ‘ਤੇ ਫੈਸਲੇ ਦੀ ਉਡੀਕ ਹੈ |




