ਪਟਿਆਲਾ. ਇੱਥੇ ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਸਰਵਸ੍ਰੀ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਗੁਰਬਖਸ਼ਾ ਰਾਮ, ਇੰਦਰਪਾਲ ਸਿੰਘ ਅਤੇ ਉਤਮ ਸਿੰਘ ਬਾਗੜੀ ਨੇ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨ ਦਾ ਭੁਗਤਾਨ 8 ਜਨਵਰੀ ਤੱਕ ਨਾ ਕੀਤਾ ਗਿਆ ਤਾਂ 10 ਜਨਵਰੀ ਨੂੰ ਪਟਿਆਲਾ ਵਿਖੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਮੁਜ਼ਾਹਰਾ ਕੀਤਾ ਜਾਵੇਗਾ, ਕਿਉਂਕਿ ਮਾਨ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਤਨਖਾਹ-ਪੈਨਸ਼ਨ ਦੀ ਅਦਾਇਗੀ ਹਮੇਸ਼ਾ ਲੇਟ ਕੀਤੀ ਜਾ ਰਹੀ ਹੈ, ਜਦ ਕਿ ਪੀ ਆਰ ਟੀ ਸੀ ਨੇ ਸਰਕਾਰ ਤੋਂ ਮੁਫਤ ਸਫਰ ਬਦਲੇ 300 ਕਰੋੜ ਰੁਪਏ ਲੈਣੇ ਹਨ, ਪਰ ਸਰਕਾਰ ਆਪਣਾ ਕੋਈ ਨੈਤਿਕ ਫਰਜ਼ ਨਹੀਂ ਸਮਝਦੀ ਕਿ ਵੇਤਨਭੋਗੀ ਕਰਮਚਾਰੀ ਆਪਣਾ ਗੁਜ਼ਾਰਾ ਇਸ ਅੱਤ ਦੀ ਮਹਿੰਗਾਈ ਦੇ ਕਾਲੇ ਦੌਰ ਵਿੱਚ ਕਿਵੇਂ ਚਲਾਉਣਗੇ | ਐਕਸ਼ਨ ਕਮੇਟੀ ਦੇ ਆਗੂਆਂ ਨੇ ਕਰਮਚਾਰੀਆਂ ਨੂੰ ਸੱਦਾ ਦਿੱਤਾ ਕਿ ਹਰ ਮਹੀਨੇ ਹੁੰਦੀ ਇਸ ਬੇਇਨਸਾਫੀ ਵਿਰੁੱਧ ਇਸ ਰੋਸ ਮੁਜ਼ਾਹਰੇ ਵਿੱਚ ਹੁੰਮ-ਹੁੰਮਾ ਕੇ ਪੁੱਜੋ |




