ਸਰਕਾਰ ਸ਼ਰਾਬ ਫੈਕਟਰੀ ਮਾਲਕਾਂ ਦਾ ਪੱਖ ਕਰਨ ਦੀ ਬਜਾਏ ਸਾਂਝੇ ਮੋਰਚੇ ਦੀ ਸੁਣ ਕੇ ਤੁਰੰਤ ਫੈਸਲਾ ਕਰੇ : ਸੀ ਪੀ ਆਈ

0
235

ਚੰਡੀਗੜ੍ਹ : ਸ਼ਰਾਬ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਭਿਆਨਕ ਬਿਮਾਰੀਆਂ ਤੋਂ ਪੀੜਤ ਇਲਾਕੇ ਦੇ ਲੋਕਾਂ ਵੱਲੋਂ ਚਲਾਏ ਜਾ ਰਹੇ ਸਾਂਝੇ ਸੰਘਰਸ਼ ਦੀ ਭਰਪੂਰ ਹਮਾਇਤ ਕਰਦਿਆਂ ਪੰਜਾਬ ਸੀ ਪੀ ਆਈ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕੁੰਭਕਰਨੀ ਨੀਂਦ ਵਿਚੋਂ ਬਾਹਰ ਆ ਕੇ ਤੁਰੰਤ ਮਸਲੇ ਦਾ ਹੱਲ ਕਰੇ | ਪਾਰਟੀ ਨੇ ਇਲਾਕੇ ਦੇ ਲੋਕਾਂ ਵੱਲੋਂ ਸੌੜੇ ਰਾਜਨੀਤਕ ਹਿੱਤਾਂ ਤੋਂ ਉੱਪਰ ਉਠ ਕੇ ਲੜੇ ਜਾ ਰਹੇ ਸਾਂਝੇ ਸੰਘਰਸ਼ ਦੀ ਭਰਪੂਰ ਸ਼ਲਾਘਾ ਕਰਦਿਆਂ ਪਾਰਟੀ ਦੇ ਪ੍ਰਭਾਵ ਵਾਲੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਇਸ ਲੋਕ ਅੰਦੋਲਨ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ |
ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਮਿਊਨਿਸਟ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਇਕ ਬਿਆਨ ਵਿਚ ਆਖਿਆ ਹੈ ਕਿ ਪੰਜਾਬ ਸਰਕਾਰ ਸਾਂਝੇ ਮੋਰਚੇ ਦੇ ਲੀਡਰਾਂ ਨਾਲ ਗੰਭੀਰਤਾ ਅਤੇ ਸੰਜੀਦਗੀ ਨਾਲ ਵਿਚਾਰ-ਵਟਾਂਦਰਾ ਕਰਕੇ ਮਸਲੇ ਦਾ ਹੱਲ ਕਰਨ ਦੀ ਬਜਾਏ ਸ਼ਰਾਬ ਫੈਕਟਰੀ ਦੇ ਮਾਲਕਾਂ ਦਾ ਪੱਖ ਪੂਰਾ ਕਰਦੀ ਨਜ਼ਰ ਆ ਰਹੀ ਹੈ | ਸਾਥੀ ਬਰਾੜ ਨੇ ਆਖਿਆ ਕਿ ਪਾਰਟੀ ਪੰਜਾਬ ਦੇ ਸਨਅਤੀਕਰਨ ਦੇ ਪੂਰੀ ਤਰ੍ਹਾਂ ਪੱਖ ਵਿਚ ਹੈ, ਪਰ ਸਨਅਤੀਕਰਨ ਦਾ ਇਹ ਮਤਲਬ ਨਹੀਂ ਕਿ ਉਹ ਆਪਣੇ ਮੁਨਾਫੇ ਦੀ ਹਵਸ ਵਿਚ ਹਵਾ, ਪਾਣੀ ਅਤੇ ਜ਼ਮੀਨ ਨੂੰ ਜ਼ਹਿਰੀਲਾ ਬਣਾਉਂਦੇ ਹੋਏ ਭਿਆਨਕ ਬਿਮਾਰੀਆਂ ਫੈਲਾਉਣ ਦਾ ਕੰਮ ਕਰਨ | ਪਾਰਟੀ ਸਮਝਦੀ ਹੈ ਕਿ ਕਈ ਸਾਲਾਂ ਤੋਂ ਸਰਕਾਰਾਂ, ਪ੍ਰਸ਼ਾਸਨ ਅਤੇ ਮਿੱਲ ਮਾਲਕਾਂ ਤੋਂ ਪ੍ਰਦੂਸ਼ਣ ਰਹਿਤ ਵਾਤਾਵਰਣ ਪੈਦਾ ਕਰਨ ਦੀ ਮੰਗ ਨੂੰ ਵਾਰ-ਵਾਰ ਠੁਕਰਾਉਣ ਤੋਂ ਬਾਅਦ ਅੱਕ ਕੇ ਲੋਕਾਂ ਨੇ ਸੰਘਰਸ਼ ਦਾ ਰਾਹ ਅਪਣਾਇਆ ਹੈ | ਉਹਨਾ ਅਪੀਲ ਕੀਤੀ ਕਿ ਸਾਰੀਆਂ ਹੀ ਲੋਕ-ਪੱਖੀ ਸ਼ਕਤੀਆਂ ਨੂੰ ਇਸ ਅੰਦੋਲਨ ਦੀ ਹਮਾਇਤ ਵਿਚ ਜ਼ੋਰਦਾਰ ਹਿੱਸਾ ਪਾਉਣਾ ਚਾਹੀਦਾ ਹੈ |

LEAVE A REPLY

Please enter your comment!
Please enter your name here