ਬੇਰੁਜ਼ਗਾਰੀ ਤੇ ਮਹਿੰਗਾਈ ਵਿਰੁੱਧ ਵਿਸ਼ਾਲ ਸੰਘਰਸ਼ ਹੀ ਬਾਬਾ ਭਕਨਾ ਦਾ ਰਾਹ : ਬੰਤ ਬਰਾੜ

0
301

ਸਰਾਏ ਅਮਾਨਤ ਖਾਂ (ਮੱਖਣ ਮਨੋਜ) -ਗਦਰ ਪਾਰਟੀ ਦੇ ਬਾਨੀ ਪ੍ਰਧਾਨ, ਉੱਘੇ ਦੇਸ਼ ਭਗਤ, ਕਮਿਊਨਿਸਟ ਲਹਿਰ ਦੇ ਸਿਰਕੱਢ ਆਗੂ ਤੇ ਅਜ਼ਾਦੀ ਲਹਿਰ ਵੇਲੇ ਕੁੱਲ ਹਿੰਦ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਪਿੰਡ ਭਕਨਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪੂਰੀ ਸ਼ਾਨੋ-ਸ਼ੌਕਤ ਨਾਲ ਸੁਖਚੈਨ ਸਿੰਘ, ਗੁਰਦੀਪ ਸਿੰਘ ਗਿਲਵਾਲੀ, ਸੀਮਾ ਸੋਹਲ, ਗੁਰਦਿਆਲ ਸਿੰਘ ਖਡੂਰ ਸਾਹਿਬ ਤੇ ਨਰਿੰਦਰ ਬੱਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ |
ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਸਕੱਤਰ ਬੰਤ ਬਰਾੜ ਨੇ ਕਿਹਾ ਕਿ ਬਾਬਾ ਜੀ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਜਨਤਾ ਦੇ ਹਕੀਕੀ ਆਗੂ ਸਨ | ਉਹਨਾ ਗਦਰ ਪਾਰਟੀ ਦਾ ਮੁੱਢ ਬੰਨ੍ਹ ਕੇ ਦੇਸ਼ ਦੀ ਸੰਪੂਰਨ ਅਜ਼ਾਦੀ ਦਾ ਨਾਹਰਾ ਬੁਲੰਦ ਕੀਤਾ | ਅੱਜ ਦੇਸ਼ ਵਿੱਚ ਅਥਾਹ ਬੇਰੁਜ਼ਗਾਰੀ, ਮਹਿੰਗਾਈ ਰਾਹੀਂ ਲੋਕਾਂ ਦਾ ਕਚੂੰਬਰ ਕੱਢਿਆ ਜਾ ਰਿਹਾ ਹੈ | ਅਡਾਨੀ-ਅੰਬਾਨੀ ਜਿਹੇ ਕਾਰਪੋਰੇਟ ਘਰਾਣੇ ਲੋਕਾਂ ਦਾ ਲਹੂ ਪੀ ਕੇ ਆਪਣੀ ਜਾਇਦਾਦ ਰਾਤੋ-ਰਾਤ ਦੁੱਗਣੀ ਕਰ ਰਹੇ ਹਨ | ਮੋਦੀ ਸਰਕਾਰ ਇਹਨਾਂ ਕਾਰਪੋਰੇਟ ਘਰਾਣਿਆਂ ਦੀ ਰਾਖੀ ਕਰਨ ਲਈ ਤੇ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਸਾਰੇ ਦੇਸ਼ ਵਿੱਚ ਫਿਰਕੂ ਵੰਡ ਪਾ ਕੇ ਲੋਕਾਂ ਨੂੰ ਹਿੰਦੂ, ਮੁਸਲਮਾਨ, ਸਿੱਖ ਤੇ ਈਸਾਈ ਦੇ ਨਾਂਅ ਲੜਾ ਰਹੀ ਹੈ | ਦੇਸ਼ ਦੇ ਲੋਕਾਂ ਦੀ ਜਾਇਦਾਦ ਵਾਲੇ ਜਨਤਕ ਅਦਾਰੇ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਲੁਟਾਏ ਜਾ ਰਹੇ ਹਨ | ਸੋ ਅੱਜ ਬੇਰੁਜ਼ਗਾਰੀ, ਮਹਿੰਗਾਈ ਤੇ ਫਿਰਕਾਪ੍ਰਸਤੀ ਵਿਰੁੱਧ ਕਿਸਾਨ ਅੰਦੋਲਨ ਵਾਂਗ ਵੱਡੇ ਸੰਘਰਸ਼ ਵਿੱਢਣ ਦੀ ਲੋੜ ਹੈ, ਤਾਂ ਜੋ ਮੋਦੀ ਸਰਕਾਰ ਨੂੰ ਲਾਂਭੇ ਕੀਤਾ ਜਾ ਸਕੇ |
ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਲਖਬੀਰ ਸਿੰਘ ਨਿਜ਼ਾਮਪੁਰ, ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਰਜਿੰਦਰਪਾਲ, ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪ੍ਰਧਾਨ ਅਜਮੇਰ ਸਿੰਘ ਤੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਕਮਿਊਨਿਸਟ ਆਗੂ ਬਲਵਿੰਦਰ ਸਿੰਘ ਦੁਧਾਲਾ ਤੇ ਦਵਿੰਦਰ ਸੋਹਲ ਨੇ ਕਿਹਾ ਕਿ ਅੱਜ ਕਿਸਾਨਾਂ, ਮਜ਼ਦੂਰਾਂ ਦੇ ਸਾਂਝੇ ਤੇ ਵੱਡੇ ਸੰਘਰਸ਼ ਕਰ ਕੇ ਹੀ ਪੂੰਜੀਵਾਦੀ ਨਿਜ਼ਾਮ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ | ਜਿੱਥੇ ਬੇਰੁਜਗਾਰੀ ਕਾਰਨ ਜਵਾਨ ਮੁੰਡੇ-ਕੁੜੀਆਂ ਨਸ਼ਿਆਂ ਤੇ ਹੋਰ ਗਲਤ ਰੁਝਾਨਾਂ ਦਾ ਸ਼ਿਕਾਰ ਬਣ ਰਹੇ ਹਨ | ਨਸ਼ਿਆਂ ਦਾ ਬਜ਼ਾਰ ਸ਼ਰੇਆਮ ਚੱਲ ਰਿਹਾ ਹੈ | ਸਮੇਂ ਦੀਆਂ ਸਰਕਾਰਾਂ ਸੁੱਤੀਆਂ ਪਈਆਂ ਹਨ | ਬਲਕਾਰ ਸਿੰਘ ਵਲਟੋਹਾ ਨੇ ਮੰਗ ਕੀਤੀ ਕਿ ਘੱਟੋ-ਘੱਟ ਮਜ਼ਦੂਰੀ 26000/- ਰੁਪਏ ਤਹਿ ਕੀਤੀ ਜਾਵੇ, ਹਰ ਮੁੰਡੇ-ਕੁੜੀ ਨੂੰ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ | ਹਰ ਬੱਚੇ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਦੇਣ ਦਾ ਵਧੀਆ ਪ੍ਰਬੰਧ ਕੀਤਾ ਜਾਵੇ | ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ ਜਾਣ, ਤਾਂ ਕਿ ਪੰਜਾਬ ਦੀ ਖੇਤੀ ਨੂੰ ਸਹੀ ਸੇਧ ਦਿੱਤੀ ਜਾ ਸਕੇ | ਇਸ ਮੌਕੇ ਲੋਕਾਂ ਰੋਸ ਜ਼ਾਹਰ ਕੀਤਾ ਕਿ ਬਾਬਾ ਭਕਨਾ ਦੇ ਪਿੰਡ ‘ਚੋਂ ਲੰਘਦੀ ਘਰਿੰਡਾ, ਭਕਨਾ, ਢੰਡ, ਕਸੇਲ ਸੜਕ ਦੀ ਬਹੁਤ ਬੁਰੀ ਹਾਲਤ ਹੈ, ਸਰਕਾਰ ਇਸ ਨੂੰ ਤੁਰੰਤ ਬਣਾਵੇ | ਨਹਿਰੀ ਪਾਣੀ ਆਉਣਾ ਯਕੀਨੀ ਬਣਾਇਆ ਜਾਵੇ | ਮਾਸਟਰ ਸਿੰਘ ਸ਼ਾਮਨਗਰ ਦੀ ਨਾਟਕ ਟੀਮ ਵੱਲੋਂ ਦੇਸ਼ ਭਗਤੀ ਤੇ ਲੋਕ-ਪੱਖੀ ਨਾਟਕਾਂ ਤੇ ਗੀਤਾਂ ਰਾਹੀਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਲੰਗਰ ਦਾ ਸ਼ਾਨਦਾਰ ਪ੍ਰਬੰਧ ਗੁਰਬਿੰਦਰ ਸਿੰਘ ਸੋਹਲ, ਸਵਿੰਦਰ ਸਿੰਘ ਬਿੱਲਾ, ਜਗਤਾਰ ਸਿੰਘ, ਗੁਰਬਿੰਦਰ ਕਸੇਲ, ਗੁਰਬੀਰ ਗੰਡੀਵਿੰਡ ਦੀ ਦੇਖਰੇਖ ਹੇਠ ਚੱਲਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਤਾਰਾ ਸਿੰਘ ਖਹਿਰਾ, ਹਰਦੇਵ ਸਿੰਘ ਭਕਨਾ, ਸਰਬਜੀਤ ਸਿੰਘ ਭੱਲਾ ਭਕਨਾ, ਪੂਰਨ ਸਿੰਘ ਮਾੜੀਮੇਘਾ, ਬਲਕਾਰ ਸਿੰਘ ਦੁਧਾਲਾ, ਪਿ੍ੰਸੀਪਲ ਬਲਦੇਵ ਸਿੰਘ ਲੁਹਾਰਕਾ ਕਲਾਂ, ਗੁਰਮੁੱਖ ਸ਼ੇਰਗਿੱਲ, ਮੰਗਲ ਸਿੰਘ ਖੁਜਾਲਾ, ਹੁਸ਼ਿਆਰ ਸਿੰਘ ਝੰਡੇਰ, ਜਸਵੰਤ ਰਾਏ, ਬਲਜਿੰਦਰ ਵਡਾਲੀ, ਜਸਬੀਰ ਸਿੰਘ ਭਕਨਾ, ਜਸਪਾਲ ਸਿੰਘ ਚੱਕ ਮੁਕੰਦ ਤੇ ਮਨਜੀਤ ਬਾਸਰਕੇ ਨੇ ਵੀ ਹਾਜ਼ਰੀ ਲਵਾਈ |

LEAVE A REPLY

Please enter your comment!
Please enter your name here