ਸਿੱਧੂ ਮੂਸੇਵਾਲਾ ਦੀ ਅਣਿਆਈ ਮੌਤ ਤੋਂ ਬਾਅਦ ਪੰਜਾਬ ਵਿੱਚ ਫੈਲ ਰਹੇ ‘ਗੰਨ ਕਲਚਰ’ ਦੀ ਚਰਚਾ ਛਿੜਣੀ ਸੁਭਾਵਕ ਹੈ | ਪੰਜਾਬ ਵਿੱਚ ‘ਗੰਨ ਕਲਚਰ’ ਦਾ ਇਤਿਹਾਸ ਬੜਾ ਪੁਰਾਣਾ ਹੈ | ਪੰਜਾਬ, ਕਿਉਂਕਿ ਬਦੇਸ਼ੀ ਹਮਲਾਵਰਾਂ ਦੇ ਰਾਹ ਵਿੱਚ ਪੈਂਦਾ ਸੀ, ਇਸ ਲਈ ਹਥਿਆਰ ਰੱਖਣਾ ਹਰ ਪੰਜਾਬੀ ਦੀ ਲੋੜ ਹੁੰਦੀ ਸੀ | ਸਮੇਂ ਦੇ ਨਾਲ ਇਹ ਲੋੜ ਤਲਵਾਰਾਂ, ਗੰਡਾਸਿਆਂ ਤੇ ਬਰਛਿਆਂ ਤੋਂ ਤਬਦੀਲ ਹੋ ਕੇ ਆਧੁਨਿਕ ਹਥਿਆਰਾਂ ਤੱਕ ਪੁੱਜ ਗਈ | ਦਹਿਸ਼ਤਗਰਦੀ ਦੇ ਦੌਰ ਵਿੱਚ ਇੱਕ ਪਾਸੇ ਦਹਿਸ਼ਤਗਰਦਾਂ ਕੋਲ ਵੱਡੀ ਗਿਣਤੀ ਵਿੱਚ ਏ ਕੇ 47 ਤੇ ਏ ਕੇ 56 ਵਰਗੇ ਅਤਿ-ਆਧੁਨਿਕ ਹਥਿਆਰ ਆ ਗਏ ਤੇ ਦੂਜੇ ਪਾਸੇ ਆਮ ਲੋਕਾਂ ਨੇ ਵੱਡੀ ਪੱਧਰ ਉੱਤੇ ਲਾਇਸੰਸੀ ਹਥਿਆਰ ਰੱਖਣੇ ਸ਼ੁਰੂ ਕਰ ਦਿੱਤੇ | ‘ਗੰਨ ਕਲਚਰ’ ਦੇ ਨਾਲ ਹੀ ਗੈਂਗਸਟਰ ਪੈਦਾ ਹੋਣੇ ਸ਼ੁਰੂ ਹੋ ਗਏ | ਇਸ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ | ਕੁਝ ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਆਗੂਆਂ ਨੇ ਆਪਣੀਆਂ ਸਿਆਸੀ ਲੋੜਾਂ ਲਈ ਗੈਂਗਸਟਰਾਂ ਨੂੰ ਪੈਦਾ ਕੀਤਾ ਹੋਇਆ ਹੈ | ਇਸ ਤੋਂ ਬਿਨਾਂ ਸੋਨੇ ਦੀਆਂ ਮੋਟੀਆਂ ਚੈਨੀਆਂ, ਬੁਲਟ ਮੋਟਰ ਸਾਈਕਲਾਂ ਦੇ ਪਟਾਕਿਆਂ ਤੇ ਮਹਿੰਗੀਆਂ ਗੱਡੀਆਂ ਦਾ ਸ਼ੌਕ ਵੀ ਜਵਾਨੀ ਨੂੰ ਇਸ ਰਾਹੇ ਪਾ ਦਿੰਦਾ ਹੈ | ਬੇਰੁਜ਼ਗਾਰੀ ਤੇ ਨਸ਼ਿਆਂ ਦੀ ਲੱਤ ਕਾਰਨ ਵੱਡੇ ਗੈਂਗਸਟਰਾਂ ਨੂੰ ਗੈਂਗਾਂ ਵਿੱਚ ਭਰਤੀ ਲਈ ਨੌਜਵਾਨਾਂ ਦੀ ਘਾਟ ਨਹੀਂ ਰਹਿੰਦੀ | ਪੰਜਾਬ ਗਾਇਕਾਂ ਨੇ ਵੀ ‘ਗੰਨ ਕਲਚਰ’ ਨੂੰ ਪ੍ਰਮੋਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ | ਸੰਨ 2019 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ‘ਗੰਨ ਕਲਚਰ’ ਨੂੰ ਉਤਸ਼ਾਹਤ ਕਰਨ ਲਈ ਪੰਜਾਬੀ ਗਾਇਕਾਂ ਨੂੰ ਫਟਕਾਰ ਲਾਈ ਸੀ | ਪੰਜਾਬ ਵਿੱਚ ਇਸ ਵੇਲੇ 70 ਤੋਂ ਵੱਧ ਗੈਂਗ ਕੰਮ ਕਰ ਰਹੇ ਹਨ, ਜਿਨ੍ਹਾਂ ਦੇ 500 ਤੋਂ ਵੱਧ ਸਰਗਰਮ ਮੈਂਬਰ ਹਨ | ਇਹ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ ਤੇ ਇਨ੍ਹਾਂ ਦੇ ਹਜ਼ਾਰਾਂ ਪਿਛਲੱਗ (ਫਾਲੋਅਰਜ਼) ਹਨ |
ਪੰਜਾਬ ਵਿੱਚ ਦੇਸ਼ ਦੀ ਕੁੱਲ ਆਬਾਦੀ ਦਾ ਸਿਰਫ 2 ਫੀਸਦੀ ਹਿੱਸਾ ਵਸਦਾ ਹੈ, ਪਰ ਦੇਸ਼ ਦੇ 10 ਫੀਸਦੀ ਲਾਇਸੰਸੀ ਹਥਿਆਰ ਇਕੱਲੇ ਪੰਜਾਬ ਵਿੱਚ ਹਨ | ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 3,90,275 ਲਾਇਸੰਸੀ ਹਥਿਆਰ ਹਨ | ਇਸ ਤੋਂ ਇਲਾਵਾ ਨਜਾਇਜ਼ ਹਥਿਆਰ ਕਿੰਨੇ ਹੋਣਗੇ, ਇਸ ਗੱਲ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਭਾਰਤ ਵਿੱਚ 2010 ਵਿੱਚ 3064 ਕਤਲ ਹੋਏ ਸਨ, ਜਿਨ੍ਹਾਂ ਵਿੱਚੋਂ ਸਿਰਫ 340 ਕਤਲ ਲਾਇਸੰਸੀ ਹਥਿਆਰਾਂ ਨਾਲ ਹੋਏ ਸਨ | ਫ਼ਾਇਰ ਆਰਮਜ਼ ਉੱਤੇ ਖੌੋ ਕਰਨ ਵਾਲੀ ਗੰਨ ਪਾਲਿਸੀ ਡਾਟ ਕਾਮ ਦੇ ਇੱਕ ਸਰਵੇ ਮੁਤਾਬਕ ਦੁਨੀਆ ਵਿੱਚ ਫਾਇਰ ਆਰਮਜ਼ ਰੱਖਣ ਵਾਲੇ ਦੇਸ਼ਾਂ ਵਿੱਚੋਂ ਪਹਿਲਾ ਨੰਬਰ ਅਮਰੀਕਾ ਦਾ ਹੈ, ਜਿੱਥੇ ਹਰ 100 ਵਿਅਕਤੀਆਂ ਪਿੱਛੇ 121 ਬੰਦੂਕਾਂ ਹਨ | ਉੱਥੇ ਕੋਈ ਵੀ ਵਿਅਕਤੀ ਬਿਨਾਂ ਕਿਸੇ ਲਾਇਸੰਸ ਤੋਂ ਹਥਿਆਰ ਖ਼ਰੀਦ ਸਕਦਾ ਹੈ | ਅਮਰੀਕਾ ਦੇ ਆਮ ਲੋਕਾਂ ਕੋਲ ਉੱਥੋਂ ਦੀ ਫੌਜ ਨਾਲੋਂ ਵੱਧ ਹਥਿਆਰ ਹਨ | ਇਸ ਸਰਵੇ ਮੁਤਾਬਕ ਦੂਜੇ ਨੰਬਰ ਉੱਤੇ ਭਾਰਤ ਆਉਂਦਾ ਹੈ | ਜਿੱਥੇ ਲੋਕਾਂ ਪਾਸ ਜਾਇਜ਼ ਤੇ ਨਜਾਇਜ਼ 4 ਕਰੋੜ ਹਥਿਆਰ ਹਨ |
ਇੱਕ ਗੱਲ ਹਰ ਸੂਝਵਾਨ ਸ਼ਹਿਰੀ ਨੂੰ ਸਮਝਣੀ ਚਾਹੀਦੀ ਹੈ ਕਿ ਹਥਿਆਰ ਦਾ ਸੁਭਾਅ ਹੀ ਖੂਨ ਲੈਣਾ ਹੁੰਦਾ ਹੈ | ਹਥਿਆਰਾਂ ਦੀ ਖੁਰਾਕ ਹੀ ਖੂਨ | ਪਿੱਛੇ ਜਿਹੇ ਅਮਰੀਕਾ ਵਿੱਚ ਜਿਸ ਤਰ੍ਹਾਂ ਸਕੂਲਾਂ ਵਿੱਚ ਬੱਚਿਆਂ ਤੇ ਅਧਿਆਪਕਾਂ ਦੇ ਕਤਲ ਦੀਆਂ ਵਾਰਦਾਤਾਂ ਹੋਈਆਂ ਹਨ, ਉਸ ਨਾਲ ਅਮਰੀਕਾ ਦਹਿਲ ਉਠਿਆ ਸੀ | ਇਸ ਸਮੇਂ ਉੱਥੇ ਲੋਕਾਂ ਵਿੱਚ ਹਥਿਆਰਾਂ ਨੂੰ ਕੰਟਰੋਲ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ |
ਪਿਛਲੇ ਇੱਕ ਸਾਲ ਵਿੱਚ ਪੰਜਾਬ ਅੰਦਰ 724 ਕਤਲ ਹੋਏ ਸਨ ਤੇ ਬੀਤੇ ਕੁਝ ਦਿਨਾਂ ਵਿੱਚ ਹੀ ਗੈਂਗਵਾਰ ਦੇ ਸਿੱਟੇ ਵਜੋਂ 8 ਹੱਤਿਆਵਾਂ ਹੋ ਚੁੱਕੀਆਂ ਹਨ | ਇਸ ਲਈ ਸਾਡੀਆਂ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਹਥਿਆਰ ਰੱਖਣ ਦੀ ਹੋੜ ਨੂੰ ਰੋਕਣ ਵੱਲ ਧਿਆਨ ਦਿੱਤਾ ਜਾਵੇ | ਆਤਮ-ਰੱਖਿਆ ਲਈ ਆਪਸੀ ਭਾਈਚਾਰੇ ਤੇ ਪ੍ਰੇਮ ਤੋਂ ਵੱਧ ਕਾਰਗਰ ਕੋਈ ਹਥਿਆਰ ਨਹੀਂ ਹੋ ਸਕਦਾ |