ਗਰੀਬ ਦੀ ਨਵੀਂ ਪਰਿਭਾਸ਼ਾ!

0
303

ਨਵੀਂ ਦਿੱਲੀ : ਵਿਸ਼ਵ ਬੈਂਕ ਨੇ ਬੇਹੱਦ ਗਰੀਬ ਲੋਕਾਂ ਦੀ ਗਣਨਾ ਦਾ ਫਾਰਮੂਲਾ ਬਦਲ ਦਿੱਤਾ ਹੈ | ਸਾਲ 2022 ਤੋਂ ਹੁਣ ਪਰਚੇਜਿੰਗ ਪਾਵਰ ਪੈਰਿਟੀ ਦੇ ਆਧਾਰ ‘ਤੇ ਰੋਜ਼ਾਨਾ 2.15 ਡਾਲਰ ਮਤਲਬ 166 ਰੁਪਏ ਪ੍ਰਤੀ ਦਿਨ ਤੋਂ ਘੱਟ ਕਮਾਉਣ ਵਾਲੇ ਲੋਕਾਂ ਨੂੰ ‘ਬੇਹੱਦ ਗਰੀਬ’ ਮੰਨਿਆ ਜਾਵੇਗਾ | ਵਿਸ਼ਵ ਬੈਂਕ ਦੀ ਨਵੀਂ ਗਰੀਬੀ ਰੇਖਾ 2017 ਦੀ ਕੀਮਤਾਂ ‘ਤੇ ਅਧਾਰਤ ਹੈ | ਇਸ ਤੋਂ ਪਹਿਲਾਂ 1.90 ਡਾਲਰ ਮਤਲਬ 147 ਰੁਪਏ ਪ੍ਰਤੀ ਦਿਨ ਤੋਂ ਘੱਟ ਕਮਾਉਣ ਵਾਲੇ ਨੂੰ ਬੇਹੱਦ ਗਰੀਬ ਮੰਨਿਆ ਜਾਂਦਾ ਸੀ | ਪੁਰਾਣਾ ਫਾਰਮੂਲਾ 2015 ਦੀ ਕੀਮਤ ‘ਤੇ ਅਧਾਰਤ ਸੀ |
ਨਵੇਂ ਮਾਪਦੰਡਾਂ ਦੇ ਅਮਲ ‘ਚ ਆਉਣ ਤੋਂ ਬਾਅਦ ‘ਬੇਹੱਦ ਗਰੀਬ’ ਲੋਕਾਂ ਦੀ ਗਿਣਤੀ ‘ਚ 0.2 ਫੀਸਦੀ ਦੀ ਗਿਰਾਵਟ ਆਈ ਹੈ | ਹੁਣ ਵਿਸ਼ਵ ਬੈਂਕ ਦੀ ਗਰੀਬੀ ਰੇਖਾ ਤੋਂ ਥੱਲੇ ਗੁਜ਼ਰ-ਬਸਰ ਕਰਨ ਵਾਲੀ ਆਬਾਦੀ ਦਾ ਹਿੱਸਾ 9.1 ਫੀਸਦੀ ਹੈ | ਗਿਣਤੀ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਬੇਹੱਦ ਗਰੀਬ ਲੋਕਾਂ ਦੀ ਗਿਣਤੀ ‘ਚ ਨਵੇਂ ਫਾਰਮੂਲੇ ਕਾਰਨ 1.5 ਕਰੋੜ ਦੀ ਕਮੀ ਆਈ ਹੈ | ਹਾਲਾਂਕਿ ਇਸ ਕਮੀ ਤੋਂ ਬਾਅਦ ਵੀ ਹਾਲੇ ਦੁਨੀਆ ‘ਚ ਬੇਹੱਦ ਗਰੀਬ ਲੋਕਾਂ ਦੀ ਆਬਾਦੀ 68 ਕਰੋੜ ਹੈ | ਇਸ ਦਾ ਮਤਲਬ ਇਹ ਹੈ ਕਿ 68 ਕਰੋੜ ਲੋਕਾਂ ਦੀ ਰੋਜ਼ਾਨਾ ਆਮਦਨੀ 166 ਰੁਪਏ ਹੈ | ਵਿਸ਼ਵ ਬੈਂਕ ਨੇ ਦੱਸਿਆ ਕਿ ਬੇਹੱਦ ਗਰੀਬ ਲੋਕਾਂ ਦੀ ਕੁੱਲ ਗਿਣਤੀ ‘ਚ ਕਮੀ ਆਉਣ ਦਾ ਮੁੱਖ ਕਾਰਨ ਗਰੀਬ ਅਫਰੀਕੀ ਦੇਸ਼ਾਂ ਦੀ ਕੰਮ ਸ਼ਕਤੀ ‘ਚ ਸੁਧਾਰ ਆਉਣਾ ਹੈ | ਪੁਰਾਣੇ ਫਾਰਮੂਲੇ ਦੇ ਹਿਸਾਬ ਨਾਲ ਦੁਨੀਆ ਦੇ ਕੁੱਲ ਬੇਹੱਦ ਗਰੀਬ ਲੋਕਾਂ ਦਾ 62 ਫੀਸਦੀ ਹਿੱਸਾ ਅਫਰੀਕੀ ਦੇਸ਼ਾਂ ‘ਚ ਨਿਵਾਸ ਕਰਦਾ ਸੀ | ਨਵੇਂ ਫਾਰਮੂਲੇ ਦੇ ਅਧਾਰ ‘ਤੇ ਇਨ੍ਹਾਂ ਦੇਸ਼ਾਂ ਦਾ ਹਿੱਸਾ ਘਟ ਕੇ 58 ਫੀਸਦੀ ‘ਤੇ ਆ ਗਿਆ ਹੈ | ਹਾਲਾਂਕਿ ਹੁਣ ਵੀ ਦੁਨੀਆ ਦੀ ਸਭ ਤੋਂ ਜ਼ਿਆਦਾ ਗਰੀਬ ਆਬਾਦੀ ਇਨ੍ਹਾਂ ਦੇਸ਼ਾਂ ‘ਚ ਹੀ ਨਿਵਾਸ ਕਰਦੀ ਹੈ | ਵਿਸ਼ਵ ਬੈਂਕ ਨੇ ਰਿਪੋਰਟ ‘ਚ ਦੱਸਿਆ ਕਿ ਸਭ ਸਹਾਰਾ ਅਫਰੀਕਾ ‘ਚ ਮਹਿੰਗਾਈ ‘ਚ 40 ਫੀਸਦੀ ਹਿੱਸਾ ਫੂਡ ਕੰਪੋਨੈਂਟ ਦਾ ਹੈ, ਕਿਉਂਕਿ ਇਨ੍ਹਾਂ ਦੇਸ਼ਾਂ ‘ਚ ਫੂਡ ਇੰਫਲੇਸ਼ਨ ਨਾ-ਮਾਤਰ ਹੈ, ਇਸ ਕਾਰਨ ਇਨ੍ਹਾਂ ਦੀ ਕੰਮ ਸ਼ਕਤੀ ‘ਚ ਸੁਧਾਰ ਆਇਆ ਹੈ | ਭਾਰਤ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਸਾਲਾਂ ‘ਚ ਗਰੀਬਾਂ ਦੀ ਗਿਣਤੀ ‘ਚ ਕਮੀ ਆਈ ਹੈ | ਸਾਲ 2011 ਤੋਂ 2019 ਦੌਰਾਨ ਗਰੀਬੀ ਰੇਖਾ ਤੋਂ ਥੱਲੇ ਦੇ ਲੋਕਾਂ ਦੀ ਗਿਣਤੀ 12.3 ਫੀਸਦੀ ਘੱਟ ਹੋਈ ਹੈ | ਗਰੀਬਾਂ ਦੀ ਗਿਣਤੀ ਘੱਟ ਹੋਣ ਦਾ ਮੱੁਖ ਕਾਰਨ ਪੇਂਡੂ ਇਲਾਕਿਆਂ ‘ਚ ਗਰੀਬੀ ਘੱਟ ਹੋਣਾ ਹੈ | ਪੇਂਡੂ ਭਾਰਤ ‘ਚ ਬੇਹੱਦ ਗਰੀਬ ਲੋਕਾਂ ਦੀ ਗਿਣਤੀ ਇਸ ਦੌਰਾਨ ਅੱਧੀ ਹੋ ਗਈ ਅਤੇ 10.2 ਫੀਸਦੀ ‘ਤੇ ਆ ਗਈ | ਹਾਲਾਂਕਿ ਕੋਵਿਡ ਮਹਾਂਮਾਰੀ ਨੇ ਗਰੀਬੀ ਖਿਲਾਫ਼ ਵਿਸ਼ਵ ਦੀ ਲੜਾਈ ‘ਤੇ ਕਾਫ਼ੀ ਬੁਰਾ ਅਸਰ ਪਾਇਆ |

LEAVE A REPLY

Please enter your comment!
Please enter your name here