ਲਾਹੌਰ : ਪਾਕਿਸਤਾਨ ਦੇ ਗੱਦੀਓਾ ਲਾਹੇ ਗਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਨਰਲ ਕਮਰ ਜਾਵੇਦ ਬਾਜਵਾ (ਰਿਟਾਇਰਡ) ‘ਤੇ ਨਵਾਂ ਹਮਲਾ ਬੋਲਦਿਆਂ ਕਿਹਾ ਕਿ ਉਹ ਉਨ੍ਹਾ ਨੂੰ ਮਰਵਾ ਕੇ ਦੇਸ਼ ਵਿਚ ਐਮਰਜੰਸੀ ਲਾਉਣੀ ਚਾਹੁੰਦੇ ਸਨ | ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਚੇਅਰਮੈਨ ਨੇ ਇਹ ਦੋਸ਼ ਲਾਹੌਰ ‘ਚ ‘ਬੋਲ’ ਨਿਊਜ਼ ਚੈਨਲ ਨਾਲ ਇੰਟਰਵਿਊ ‘ਚ ਲਾਇਆ | 70 ਸਾਲਾ ਖਾਨ ਦਾ ਪਿਛਲੇ ਸਾਲ ਅਪ੍ਰੈਲ ‘ਚ ਬੇਵਿਸਾਹੀ ਮਤੇ ਰਾਹੀਂ ਉਨ੍ਹਾ ਨੂੰ ਸੱਤਾ ਤੋਂ ਲਾਹੇ ਜਾਣ ਤੋਂ ਹੀ ਬਾਜਵਾ ਨਾਲ ਪੇਚਾ ਪਿਆ ਹੋਇਆ ਹੈ | ਚੋਣਾਂ ਦੀ ਮੰਗ ‘ਤੇ ਜ਼ੋਰ ਦੇਣ ਲਈ ਰਾਜਧਾਨੀ ਵੱਲ ਲੌਂਗ ਮਾਰਚ ਦੌਰਾਨ ਲਾਹੌਰ ਤੋਂ ਕਰੀਬ 150 ਕਿੱਲੋਮੀਟਰ ਦੂਰ ਵਜ਼ੀਰਾਬਾਦ ‘ਚ 3 ਨਵੰਬਰ ਨੂੰ ਜਦੋਂ ਖਾਨ ਕੰਟੇਨਰ ਤੋਂ ਭਾਸ਼ਣ ਕਰ ਰਹੇ ਸਨ ਤਾਂ ਉਨ੍ਹਾ ‘ਤੇ ਫਾਇਰਿੰਗ ਕਰ ਦਿੱਤੀ ਗਈ ਸੀ ਤੇ ਉਨ੍ਹਾ ਦੀ ਸੱਜੀ ਲੱਤ ਜ਼ਖਮੀ ਹੋ ਗਈ ਸੀ | ਖਾਨ ਨੇ ਕਿਹਾ ਕਿ ਕਈ ਲੋਕਾਂ ਨੇ ਉਨ੍ਹਾ ਨੂੰ ਕਿਹਾ ਹੈ ਕਿ ਬਾਜਵਾ ਰਿਟਾਇਰ ਹੋ ਚੁੱਕੇ ਹਨ ਤੇ ਉਹ ਉਨ੍ਹਾ ‘ਤੇ ਦੋਸ਼ ਲਾਉਣੇ ਛੱਡ ਦੇਣ, ਪਰ ਉਹ ਜਨਰਲ ਬਾਜਵਾ ਵੱਲੋਂ ਕੀਤੇ ਅਪਰਾਧਾਂ ‘ਤੇ ਪਰਦਾ ਨਹੀਂ ਪਾ ਸਕਦੇ |
ਡਾਅਨ ਅਖਬਾਰ ਮੁਤਾਬਕ ਖਾਨ ਨੇ ਅਜੇ ਰਿਲੀਜ਼ ਹੋਣ ਵਾਲੀ ਇੰਟਰਵਿਊ ਵਿਚ ਕਿਹਾ ਕਿ ਬਾਜਵਾ ਉਨ੍ਹਾ ਨੂੰ ਮਰਵਾਉਣਾ ਚਾਹੁੰਦੇ ਸਨ | ਖਾਨ ਦੀ ਸੋਚ ਹੈ ਕਿ ਬਾਜਵਾ ਨੇ ਅਮਰੀਕਾ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਉਨ੍ਹਾ ਨੂੰ ਸੱਤਾ ਤੋਂ ਬੇਦਖਲ ਕਰਵਾਇਆ | ਪਿਛਲੇ ਮਹੀਨੇ ਖਾਨ ਨੇ ਕਿਹਾ ਸੀ ਕਿ ਬਾਜਵਾ ਨੇ ਸਰਕਾਰ ਨਾਲ ਡਬਲ ਗੇਮ ਖੇਡੀ ਤੇ ਉਨ੍ਹਾ 2019 ਵਿਚ ਬਾਜਵਾ ਦਾ ਕਾਰਜਕਾਲ ਵਧਾ ਕੇ ਵੱਡੀ ਗਲਤੀ ਕੀਤੀ | ਜਨਰਲ ਬਾਜਵਾ ਕਾਰਜਕਾਲ ‘ਚ ਤਿੰਨ ਸਾਲ ਦੇ ਵਾਧੇ ਤੋਂ ਬਾਅਦ ਪਿਛਲੇ ਸਾਲ 29 ਨਵੰਬਰ ਨੂੰ ਰਿਟਾਇਰ ਹੋਏ ਸਨ |





