ਨਵੀਂ ਦਿੱਲੀ : ਸ਼ੁੱਕਰਵਾਰ ਨਵੀਂ ਦਿੱਲੀ ਨਗਰ ਨਿਗਮ ਦੀ ਪਹਿਲੀ ਮੀਟਿੰਗ ‘ਚ ਉਪ ਰਾਜਪਾਲ ਵੀ ਕੇ ਸਕਸੈਨਾ ਵੱਲੋਂ 10 ‘ਐਲਡਰਮੈਨਾਂ’ (ਨਾਮਜ਼ਦ ਕੌਂਸਲਰ) ਦੀ ਨਿਯੁਕਤੀ ਕਾਰਨ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਟਕਰਾਅ ਹੋ ਗਿਆ | ਇਸ ਕਾਰਨ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਮੁਲਤਵੀ ਹੋ ਗਈ | ਮੀਟਿੰਗ ਦੀ ਸ਼ੁਰੂਆਤ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਦੀ ਚੋਣ ਲਈ ਪ੍ਰੀਜ਼ਾਈਡਿੰਗ ਅਫਸਰ ਵਜੋਂ ਭਾਜਪਾ ਦੇ ਕਾਰਪੋਰੇਟਰ ਸੱਤਿਆ ਸ਼ਰਮਾ ਨੂੰ ਸਹੁੰ ਚੁਕਾਉਣ ਨਾਲ ਹੋਈ | ਸ਼ਰਮਾ ਵੱਲੋਂ ‘ਐਲਡਰਮੈਨ’ ਮਨੋਜ ਕੁਮਾਰ ਨੂੰ ਸਹੁੰ ਚੁੱਕਣ ਲਈ ਬੁਲਾਏ ਜਾਣ ‘ਤੇ ‘ਆਪ’ ਵਿਧਾਇਕਾਂ ਅਤੇ ਕਾਰਪੋਰੇਟਰਾਂ ਨੇ ਵਿਰੋਧ ਕੀਤਾ | ਕਈ ਵਿਧਾਇਕ ਅਤੇ ਕੌਂਸਲਰ ਨਾਅਰੇਬਾਜ਼ੀ ਕਰਦੇ ਹੋਏ ਸਦਨ ਵਿੱਚੋਂ ਵਿੱਚ ਆ ਗਏ | ਇਸ ਤੋਂ ਬਾਅਦ ਭਾਜਪਾ ਕਾਰਪੋਰੇਟਰਾਂ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ ਨਾਅਰੇਬਾਜ਼ੀ ਸ਼ੁੁਰੂ ਕਰ ਦਿੱਤੀ | ‘ਆਪ’ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਜਵਾਬੀ ਨਾਅਰੇਬਾਜ਼ੀ ਕੀਤੀ | ‘ਆਪ’ ਨੇ ਦੋਸ਼ ਲਾਇਆ ਕਿ ਸਕਸੈਨਾ ਨੇ ਭਾਜਪਾ ਆਗੂਆਂ ਨੂੰ ‘ਐਲਡਰਮੈਨਾਂ’ ਵਜੋਂ ਨਿਯੁਕਤ ਕੀਤਾ ਹੈ, ਜਿਨ੍ਹਾਂ ਨੂੰ ਨਾਗਰਿਕ ਮੁੱਦਿਆਂ ਬਾਰੇ ਜਾਣਕਾਰੀ ਹੀ ਨਹੀਂ |





