ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਆਪਣੀ ਆਖ਼ਰੀ ਮੰਜ਼ਲ ਵੱਲ ਵਧ ਰਹੀ ਹੈ | ਇਹ ਯਾਤਰਾ ਹੁਣ ਤੱਕ 10 ਰਾਜਾਂ ਨੂੰ ਗਾਹੁੰਦਿਆਂ 3000 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਕੇ ਹਰਿਆਣੇ ਵਿੱਚ ਦਾਖ਼ਲ ਹੋ ਚੁੱਕੀ ਹੈ | ਇਸ ਮਹੀਨੇ ਦੀ 11 ਤਰੀਕ ਨੂੰ ਇਹ ਪੰਜਾਬ ਵਿੱਚ ਦਾਖ਼ਲ ਹੋਵੇਗੀ | ਇੱਕ ਹਫ਼ਤਾ ਪੰਜਾਬ ਵਿੱਚ ਘੁੰਮਣ ਤੋਂ ਬਾਅਦ ਇਹ ਆਪਣੇ ਆਖ਼ਰੀ ਪੜਾਅ ਜੰਮੂ-ਕਸ਼ਮੀਰ ਵੱਲ ਰਵਾਨਾ ਹੋ ਜਾਵੇਗੀ |
ਫਾਸ਼ੀਵਾਦੀ ਹਾਕਮਾਂ ਨੇ ਆਪਣੇ ਅੱਠ ਸਾਲਾਂ ਦੇ ਰਾਜ ਦੌਰਾਨ ਅਜਿਹਾ ਮਾਹੌਲ ਸਿਰਜ ਦਿੱਤਾ ਸੀ ਕਿ ਧਰਮ-ਨਿਰਪੱਖਤਾ, ਜਮਹੂਰੀਅਤ, ਘੱਟਗਿਣਤੀਆਂ ਦੇ ਹੱਕਾਂ-ਹਿੱਤਾਂ ਦੀ ਗੱਲ ਕਰਨਾ ਇੱਕ ਅਪਰਾਧ ਬਣਾ ਦਿੱਤਾ ਗਿਆ ਸੀ | ਆਮ ਲੋਕਾਂ ‘ਤੇ ਡਰ ਦਾ ਮਾਹੌਲ ਹਾਵੀ ਸੀ | ਸਿਆਸੀ ਆਗੂ ਵੀ ਬੋਲਣ ਤੋਂ ਪਹਿਲਾਂ ਸੌ ਵਾਰ ਸੋਚਦੇ ਸਨ | ਹਿੰਦੂਤਵੀਆਂ ਵੱਲੋਂ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ‘ਤੇ ਲਗਾਤਾਰ ਹਮਲੇ ਹੋ ਰਹੇ ਸਨ | ਨਫ਼ਰਤੀ ਪ੍ਰਾਪੇਗੰਡਾ ਲਗਾਤਾਰ ਜਾਰੀ ਸੀ | ਇਸ ਮਾਹੌਲ ਵਿੱਚ ਸ਼ੁਰੂ ਹੋਈ ਇਸ ਭਾਰਤ ਜੋੜੋ ਯਾਤਰਾ ਨੂੰ ਜਿੰਨਾ ਹੁੰਗਾਰਾ ਮਿਲਿਆ ਹੈ, ਉਸ ਦੀ ਪਹਿਲਾਂ ਆਸ ਨਹੀਂ ਸੀ | ਅੱਜ ਇਹ ਯਾਤਰਾ ਰਾਜਨੀਤੀ ਦੇ ਕੇਂਦਰ ਵਿੱਚ ਆ ਚੁੱਕੀ ਹੈ | ਇੱਥੋਂ ਤੱਕ ਕਿ ਭਾਜਪਾ ਦੇ ਅੰਦਰ ਵੀ ਇਸ ਯਾਤਰਾ ਨੇ ਡਰ ਪੈਦਾ ਕਰ ਦਿੱਤਾ ਹੈ | ਮੋਦੀ ਨੇ ਆਪਣੇ ਸਭ ਮੰਤਰੀਆਂ ਦੀ ਡਿਊਟੀ ਲਾਈ ਹੈ ਕਿ ਉਹ ਸਰਕਾਰ ਦੀਆਂ ਕਲਿਆਣਕਾਰੀ ਨੀਤੀਆਂ ਦਾ ਪ੍ਰਚਾਰ ਕਰਨ | ਅਮਿਤ ਸ਼ਾਹ ਇਸ ਮਹੀਨੇ ਖੁਦ ਯਾਤਰਾ ਸ਼ੁਰੂ ਕਰਨ ਜਾ ਰਹੇ ਹਨ | ਭਾਜਪਾ ਇਸ ਦੇ ਜਵਾਬ ਵਿੱਚ ਵਿਸ਼ਵ ਜੋੜੋ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ |
ਸਭ ਸਿਆਸੀ ਆਗੂਆਂ, ਮੀਡੀਆ, ਧਾਰਮਿਕ ਤੇ ਸਮਾਜਕ ਆਗੂਆਂ ‘ਚ ਇਸ ਯਾਤਰਾ ਦੀ ਚਰਚਾ ਹੈ | ਗੋਦੀ ਮੀਡੀਆ ਦੀਆਂ ਨਫ਼ਰਤੀ ਮੁਹਿੰਮਾਂ ਦੀ ਥਾਂ ਇਸ ਯਾਤਰਾ ਦਾ ਮੀਡੀਏ ਦੇ ਕੇਂਦਰ ਵਿੱਚ ਆ ਜਾਣਾ ਇੱਕ ਹਾਂ-ਪੱਖੀ ਤਬਦੀਲੀ ਹੈ | ਭਾਈਚਾਰੇ ਤੇ ਮੁਹੱਬਤ ਦਾ ਸੁਨੇਹਾ ਲੈ ਕੇ ਚੱਲ ਰਹੀ ਇਹ ਯਾਤਰਾ ਫਿਰਕੂ ਕਤਾਰਬੰਦੀ ਦੀ ਸੰਘੀ ਸਿਆਸਤ ‘ਤੇ ਕਰਾਰਾ ਵਾਰ ਹੈ | ਇਹ ਯਾਤਰਾ ਚੋਣ ਸਿਆਸਤ ‘ਤੇ ਕਿੰਨਾ ਅਸਰ-ਅੰਦਾਜ਼ ਹੋਵੇਗੀ, ਇਹ ਭਵਿੱਖ ਦੇ ਗਰਭ ਵਿੱਚ ਹੈ, ਪਰ ਇਸ ਨੇ ਭਾਰਤ ਦੀ ਸਭ ਤੋਂ ਪੁਰਾਣੀ ਤੇ ਵੱਡੀ ਵਿਰੋਧੀ ਪਾਰਟੀ ਨੂੰ ਫਾਸ਼ੀਵਾਦ ਵਿਰੁੱਧ ਲੜਨ ਲਈ ਹੌਸਲਾ ਦੇਣ ਦਾ ਕੰਮ ਜ਼ਰੂਰ ਕੀਤਾ ਹੈ | ਇਸ ਯਾਤਰਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਫਾਸ਼ੀ ਹਕੂਮਤ ਨੂੰ ਹਰਾਉਣ ਦੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ | ਇਹ ਯਾਤਰਾ ਸਭ ਵਿਰੋਧੀ ਧਿਰਾਂ ਨੂੰ ਨਿਰਾਸ਼ਾ ਦੇ ਆਲਮ ਵਿੱਚੋਂ ਨਿਕਲ ਕੇ ਮੈਦਾਨ ਮੱਲਣ ਵਿੱਚ ਵੀ ਮਦਦ ਕਰ ਰਹੀ ਹੈ | ਸਭ ਜਮਹੂਰੀਅਤ ਪਸੰਦ ਲੋਕ ਇਸ ਯਾਤਰਾ ਦੀ ਸਫਲਤਾ ਦੀ ਕਾਮਨਾ ਕਰਦੇ ਹਨ ਤੇ ਕੁਝ ਇਸ ਵਿੱਚ ਸ਼ਾਮਲ ਹੋ ਰਹੇ ਹਨ | ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਸਿਆਸੀ ਫਾਇਦੇ ਤੇ ਨੁਕਸਾਨ ਦੇ ਅਧਾਰ ‘ਤੇ ਯਾਤਰਾ ਪ੍ਰਤੀ ਆਪਣਾ ਰੁਖ ਤੈਅ ਕਰ ਰਹੀਆਂ ਹਨ |
ਇਸ ਯਾਤਰਾ ਪ੍ਰਤੀ ਖੱਬੇ-ਪੱਖੀ ਧਿਰਾਂ ਦਾ ਰਵੱਈਆ ਕੀ ਹੋਵੇ, ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ | ਇੱਕ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ ਕਿ ਇਸ ਯਾਤਰਾ ਤੋਂ ਪਹਿਲਾਂ ਮਹਾਨ ਕਿਸਾਨ ਅੰਦੋਲਨ ਸੀ, ਜਿਸ ਨੇ ਨਫ਼ਰਤੀ ਦੀਵਾਰਾਂ ਨੂੰ ਤੋੜਦਿਆਂ ਫਾਸ਼ੀ ਹਕੂਮਤ ਦਾ ਨੱਕ ਭੰਨ ਦਿੱਤਾ ਸੀ | ਇਹ ਵੀ ਸਮਝਣਾ ਚਾਹੀਦਾ ਹੈ ਕਿ ਕਾਂਗਰਸ ਪਾਰਟੀ ਇੱਕ ਸਰਮਾਏਦਾਰ ਪਾਰਟੀ ਹੈ | ਉਸ ਤੋਂ ਇਹ ਆਸ ਕਰਨੀ ਕਿ ਆਦਿਵਾਸੀਆਂ ਦੀ ਜੰਗਲ-ਜ਼ਮੀਨ ਦੀ ਰਾਖੀ ਲਈ ਉਹ ਕਾਰਪੋਰੇਟਾਂ ਨਾਲ ਟਕਰਾਏਗੀ, ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਵੇਗੀ, ਰੁਜ਼ਗਾਰ ਨੂੰ ਮੌਲਿਕ ਅਧਿਕਾਰ ਬਣਾਏਗੀ, ਐਮ ਐਸ ਪੀ ਦੀ ਗਰੰਟੀ ਦਾ ਵਾਅਦਾ ਪੂਰਾ ਕਰੇਗੀ, ਨਵੀਆਂ ਆਰਥਕ ਨੀਤੀਆਂ ਤੇ ਨਿੱਜੀਕਰਨ ਨੂੰ ਪੁੱਠਾ ਗੇੜਾ ਦੇ ਦੇਵੇਗੀ, ਗਲਤ ਹੋਵੇਗੀ |
ਅਸਲ ਵਿੱਚ ਇਸ ਯਾਤਰਾ ਦੇ ਨਾਲ-ਨਾਲ ਖੱਬੇ ਪੱਖੀ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਨੂੰ ਵੱਖ-ਵੱਖ ਮੰਚਾਂ ਤੋਂ ਜਨ -ਅੰਦੋਲਨ ਸ਼ੁਰੂ ਕਰਨੇ ਹੋਣਗੇ ਤਾਂ ਜੋ ਇਹ ਸਵਾਲ 2024 ਦੀਆਂ ਚੋਣਾਂ ਦਾ ਏਜੰਡਾ ਬਣ ਸਕਣ | ਇਹ ਜਨ-ਅੰਦੋਲਨ ਹੀ ਕਾਂਗਰਸ ਸਮੇਤ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਮਜਬੂਰ ਕਰਨਗੇ ਕਿ ਉਹ ਆਪਣੇ ਏਜੰਡੇ ਵਿੱਚ ਇਨ੍ਹਾਂ ਨੂੰ ਸ਼ਾਮਲ ਕਰਨ |
ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਐਮ ਐਸ ਪੀ ਦੀ ਮੰਗ ਨੂੰ ਲੈ ਕੇ ਇੱਕ ਵਾਰ ਫਿਰ ਦੇਸ਼ਵਿਆਪੀ ਕਿਸਾਨ ਅੰਦੋਲਨ ਖੜ੍ਹਾ ਕੀਤਾ ਜਾਵੇ | ਇਸ ਦੇ ਨਾਲ ਰੁਜ਼ਗਾਰ ਦੇ ਮੁੱਦੇ ‘ਤੇ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਅੰਦੋਲਨ, ਨਵੇਂ ਲੇਬਰ ਕਾਨੂੰਨਾਂ ਵਿਰੁੱਧ ਮਜ਼ਦੂਰ ਅੰਦੋਲਨ, ਪੁਰਾਣੀ ਪੈਨਸ਼ਨ ਬਹਾਲੀ ਲਈ ਅੰਦੋਲਨ ਤੇ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਵੇਚਣ ਵਿਰੁੱਧ ਮੁਲਾਜ਼ਮ ਅੰਦੋਲਨ ਇਸ ਸਮੇਂ ਦੀ ਵੱਡੀ ਲੋੜ ਹੈ | ਇਹ ਜਨ-ਅੰਦੋਲਨ ਹੀ ਵਿਰੋਧੀ ਧਿਰਾਂ ਦੀ ਏਕਤਾ ਤੇ ਇੱਕ ਜਨ-ਕਲਿਆਣਕਾਰੀ ਬਦਲਵੇਂ ਪ੍ਰੋਗਰਾਮ ਲਈ ਠੋਸ ਅਧਾਰ ਬਣ ਸਕਦੇ ਹਨ |
-ਚੰਦ ਫਤਿਹਪੁਰੀ



