ਅਬੂਜਾ : ਨਾਇਜੀਰੀਆ ਦੇ ਓਵੋ ਸ਼ਹਿਰ ਦ ਸੇਂਟ ਫਰਾਂਸਿਸ ਚਰਚ ‘ਚ ਐਤਵਾਰ ਗੋਲੀਬਾਰੀ ਹੋਈ | ਪਬਲਿਕ ਰਿਪ੍ਰਜੈਂਟੇਟਿਵ ਏਡੇਲੇਗਬੇ ਟਿਮੀਲੀਨ ਨੇ ਦੱਸਿਆ ਕਿ ਘਟਨਾ ‘ਚ 50 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ | ਕਈ ਲੋਕ ਜ਼ਖ਼ਮੀ ਹੋਏ ਹਨ | ਮਿ੍ਤਕਾਂ ਦਾ ਅੰਕੜਾ ਵਧ ਸਕਦਾ ਹੈ | ਕੁਝ ਹਥਿਆਰਬੰਦ ਲੋਕ ਚਰਚ ‘ਚ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ | ਇੱਕ ਜ਼ੋਰਦਾਰ ਧਮਾਕਾ ਵੀ ਸੁਣਾਈ ਦਿੱਤਾ | ਸਥਾਨਕ ਸਮੇਂ ਅਨੁਸਾਰ ਇਹ ਘਟਨਾ ਦੁਪਹਿਰ ਕਰੀਬ 11.30 ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮ 4.30 ਵਜੇ) ਦੀ ਹੈ | ਹਮਲਾ ਕਿਸ ਨੇ ਕੀਤਾ, ਇਹ ਪਤਾ ਨਹੀਂ ਚੱਲ ਸਕਿਆ | ਘਟਨਾ ਸਮੇਂ ਉਥੇ ਪ੍ਰਾਰਥਨਾ ਹੋ ਰਹੀ ਸੀ | ਟਿਮੀਲੀਨ ਨੇ ਦੱਸਿਆ ਕਿ ਹਮਲਾਵਰਾਂ ਨੇ ਪ੍ਰਾਰਥਨਾ ਕਰ ਰਹੇ ਇੱਕ ਵਿਅਕਤੀ ਨੂੰ ਅਗਵਾ ਕਰ ਲਿਆ | ਗਵਰਨਰ ਰੋਟਿਮੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ | ਨਾਇਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਕਿਹਾ ਕਿ ਨਫਰਤ ਦੀ ਸੋਚ ਰੱਖਣ ਵਾਲਿਆਂ ਨੇ ਇਸ ਤਰ੍ਹਾਂ ਦਾ ਘਿਨੌਣਾ ਕੰਮ ਕੀਤਾ ਹੈ | ਨਾਇਜੀਰੀਆ ‘ਚ ਅੱਤਵਾਦੀ ਸੰਗਠਨ ਬੋਕੋ ਹਰਮ ਦਾ ਦਬਦਬਾ ਰਿਹਾ ਹੈ | ਇਹ ਸੰਗਠਨ ਗੈਰ-ਇਸਲਾਮਿਕ ਭਾਈਚਾਰੇ ‘ਤੇ ਹਮਲਾ ਕਰਨ ਅਤੇ ਲੜਕੀਆਂ ਦੇ ਅਗਵਾ ਅਤੇ ਉਨ੍ਹਾਂ ‘ਤੇ ਅੱਤਿਆਚਾਰ ਲਈ ਬਦਨਾਮ ਹੈ | ਹਾਲਾਂਕਿ ਹਾਲੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ੁੰਮੇਵਾਰੀ ਨਹੀਂ ਲਈ |





