16.2 C
Jalandhar
Friday, November 22, 2024
spot_img

ਭਾਜਪਾ ਦੀ ਨਫ਼ਰਤ ਤੇ ਫੁੱਟ-ਪਾਊ ਰਾਜਨੀਤੀ ਕਾਰਨ ਦੇਸ਼ ਨੂੰ ਦੁਨੀਆ ਭਰ ‘ਚ ਹੋਣਾ ਪਿਆ ਸ਼ਰਮਸਾਰ : ਕੰਗ

ਜਲੰਧਰ/ਚੰਡੀਗੜ੍ਹ (ਸ਼ੈਲੀ ਐਲਬਰਟ)
‘ਭਾਰਤੀ ਜਨਤਾ ਪਾਰਟੀ ਦੀ ਨਫ਼ਰਤ ਭਰੀ ਅਤੇ ਫੁੱਟ-ਪਾਊ ਗੰਦੀ ਰਾਜਨੀਤੀ ਕਾਰਨ ਅੱਜ ਦੇਸ਼ ਨੂੰ ਦੁਨੀਆ ਭਰ ‘ਚ ਸ਼ਰਮਸਾਰ ਹੋਣਾ ਪੈ ਰਿਹਾ ਹੈ | ਅਰਬ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਭਾਰਤੀ ਰਾਜਦੂਤਾਂ ਨੂੰ ਤਲਬ ਕੀਤਾ ਜਾ ਰਿਹਾ ਹੈ ਅਤੇ ਹਿੰਦੋਸਤਾਨ ਨੂੰ ਮੁਆਫ਼ੀ ਮੰਗਣ ਲਈ ਕਿਹਾ ਜਾ ਰਿਹਾ ਹੈ, ਜੋ ਲੋਕਤੰਤਰਿਕ ਅਤੇ ਭਾਈਚਾਰਕ ਸਾਂਝ ਵਾਲੇ ਦੇਸ਼ ਲਈ ਬਹੁਤ ਹੀ ਨਿਰਾਸ਼ਾਜਨਕ ਹੈ |’ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਇੱਥੇ ਪਾਰਟੀ ਮੁੱਖ ਦਫ਼ਤਰ ‘ਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤਾ ਹੈ | ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ ਸਾਹਿਬ ਅਤੇ ਉਨ੍ਹਾ ਦੀ ਪਤਨੀ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ, ਜਿਸ ਕਾਰਨ ਜਿੱਥੇ ਦੇਸ਼ ਅੰਦਰ ਦੋ ਫਿਰਕਿਆਂ ਵਿਚਕਾਰ ਦੰਗੇ ਭੜਕ ਗਏ ਸਨ, ਉਥੇ ਇਸਲਾਮਿਕ ਮੁਲਕਾਂ ਨੇ ਇਨਾਂ ਟਿੱਪਣੀਆਂ ਖ਼ਿਲਾਫ਼ ਹਿੰਦੋਸਤਾਨ ਦੀ ਸਖ਼ਤ ਅਲੋਚਨਾ ਕੀਤੀ ਹੈ | ਮਲਵਿੰਦਰ ਸਿੰਘ ਕੰਗ ਨੇ ਕਿਹਾ, ‘ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਿੱਤੇ ਮਹਾਨ ਸੰਵਿਧਾਨ ਨਾਲ ਦੇਸ਼ ਚੱਲ ਰਿਹਾ ਹੈ, ਜਿਸ ਅਨੁਸਾਰ ਦੇਸ਼ ‘ਚ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਨੂੰ ਮੰਨਣ ਵਾਲਿਆਂ ਨੂੰ ਧਾਰਮਕ ਪੂਜਾ, ਅਰਚਨਾ ਕਰਨ ਅਤੇ ਸੱਭਿਆਚਾਰ ਨੂੰ ਮਾਨਣ ਦੀ ਪੂਰਨ ਆਜ਼ਾਦੀ ਹੈ | ਇਹੀ ਸਾਡੇ ਦੇਸ਼ ਦੀ ਖ਼ੂਬਸੂਰਤੀ ਹੈ ਅਤੇ ਭਾਈਚਾਰਕ ਸਾਂਝ ਦੀ ਬੁਨਿਆਦ ਹੈ |’ ਉਨ੍ਹਾ ਦੋਸ਼ ਲਾਇਆ ਕਿ ਜਦੋਂ ਦੀ ਭਾਰਤੀ ਜਨਤਾ ਪਾਰਟੀ ਕੇਂਦਰੀ ਸੱਤਾ ‘ਤੇ ਕਾਬਜ਼ ਹੋਈ ਹੈ, ਉਦੋਂ ਤੋਂ ਹੀ ਦੇਸ਼ ਅੰਦਰ ਨਫ਼ਰਤ ਪੈਦਾ ਕਰਨ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਲਈ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ |
ਕੰਗ ਨੇ ਪ੍ਰਗਟਾਵਾ ਕੀਤਾ ਕਿ ਭਾਜਪਾ ਆਗੂ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਸਾਹਿਬ ਅਤੇ ਉਨ੍ਹਾ ਦੀ ਪਤਨੀ ਖ਼ਿਲਾਫ਼ ਕੀਤੀਆਂ ਟਿੱਪਣੀਆਂ ਕਾਰਨ ਦੁਨੀਆਂ ਭਰ ‘ਚ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਲੱਗੀ ਹੈ | ਇਸ ਕਾਰਨ ਹੀ ਇਸਲਾਮਿਕ ਦੇਸ਼ਾਂ ਓਮਾਨ, ਕਤਰ, ਈਰਾਨ ਅਤੇ ਕੁਵੈਤ ਆਦਿ ਨੇ ਹਿੰਦੋਸਤਾਨ ਦੀ ਸਖ਼ਤ ਅਲੋਚਨਾ ਕੀਤੀ ਹੈ ਅਤੇ ਹਿੰਦੋਸਤਾਨੀ ਰਾਜਦੂਤਾਂ ਨੂੰ ਸੰਮਨ ਜਾਰੀ ਕੀਤੇ ਹਨ | ਉਨ੍ਹਾ ਕਿਹਾ ਕਿ ਦੇਸ਼ ‘ਚ ਦੂਜੇ ਫਿਰਕਿਆਂ ਅਤੇ ਧਾਰਮਕ ਅਕੀਦਿਆਂ ਪ੍ਰਤੀ ਹੋ ਰਹੀ ਨਫ਼ਰਤ ਦੀ ਗੰਦੀ ਰਾਜਨੀਤੀ ਕਾਰਨ ਲੱਖਾਂ ਹਿੰਦੋਸਤਾਨੀਆਂ ਨੂੰ ਅਰਬ ਮੁਲਕਾਂ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ, ਕਿਉਂਕਿ ਇਨ੍ਹਾਂ ਲੱਖਾਂ ਹਿੰਦੋਸਤਾਨੀਆਂ ਦਾ ਰੁਜ਼ਗਾਰ ਖ਼ਤਰੇ ‘ਚ ਪੈ ਗਿਆ ਹੈ | ‘ਆਪ’ ਆਗੂ ਨੇ ਕਿਹਾ ਕਿ ਦੁਨੀਆ ਭਰ ‘ਚ ਹਿੰਦੋਸਤਾਨੀਆਂ ਪ੍ਰਤੀ ਪੈਦਾ ਹੋ ਰਹੀ ਨਫ਼ਰਤ ਅਤੇ ਰੁਜ਼ਗਾਰ ਖੁਸ ਜਾਣ ਦੇ ਖ਼ਤਰੇ ਲਈ ਭਾਰਤੀ ਜਨਤਾ ਪਾਰਟੀ ਦੇ ਆਗੂ ਪੂਰਨ ਤੌਰ ‘ਤੇ ਜ਼ਿੰਮੇਵਾਰ ਹਨ | ਕੰਗ ਨੇ ਕਿਹਾ ਕਿ ਦੁਨੀਆ ਭਰ ‘ਚ ਦੇਸ਼ ਦਾ ਸਿਰ ਝੁਕਾਉਣ ਦੇ ਦੋਸ਼ ‘ਚ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਪੈਗੰਬਰ ਸਾਹਿਬ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ‘ਚ ਸੁੱਟਣਾ ਚਾਹੀਦਾ ਹੈ |
ਪਾਕਿ ਵੱਲੋਂ ਭਾਰਤੀ ਹਾਈ ਕਮਿਸ਼ਨਰ ਤਲਬ
ਇਸਲਾਮਾਬਾਦ : ਕਤਰ, ਈਰਾਨ ਅਤੇ ਕੁਵੈਤ ਮਗਰੋਂ ਹੁਣ ਸਾਊਦੀ ਅਰਬ ਨੇ ਵੀ ਪੈਗੰਬਰ ਮੁਹੰਮਦ ਖਿਲਾਫ ਭਾਜਪਾ ਦੀ ਆਗੂ ਨੂਪੁਰ ਸ਼ਰਮਾ ਦੀਆਂ ਵਿਵਾਦਿਤ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ | ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਭਾਜਪਾ ਬੁਲਾਰੇ ਦੀਆਂ ਟਿੱਪਣੀਆਂ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਪੈਗੰਬਰ ਮੁਹੰਮਦ ਦਾ ਅਪਮਾਨ ਹੋਇਆ ਹੈ | ਉਧਰ ਪਾਕਿਸਤਾਨ ਨੇ ਸੋਮਵਾਰ ਦੱਸਿਆ ਕਿ ਉਸ ਨੇ ਪੈਗੰਬਰ ਮੁਹੰਮਦ ਖਿਲਾਫ ਭਾਜਪਾ ਦੇ ਦੋ ਆਗੂਆਂ ਦੀਆਂ ਵਿਵਾਦਿਤ ਟਿੱਪਣੀਆਂ ਪ੍ਰਤੀ ਆਪਣਾ ਵਿਰੋਧ ਦਰਜ ਕਰਵਾਉਣ ਲਈ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ | ਵਿਦੇਸ਼ ਦਫਤਰ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਭਾਰਤੀ ਰਾਜਦੂਤ ਨੂੰ ਕਿਹਾ ਗਿਆ ਹੈ ਕਿ ਇਸ ਬਿਆਨ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ | ਇਸ ਕਾਰਨ ਨਾ ਸਿਰਫ ਪਾਕਿਸਤਾਨ ਦੇ ਲੋਕਾਂ, ਸਗੋਂ ਦੁਨੀਆ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ | ਭਾਜਪਾ ਨੇ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਵਿਵਾਦਿਤ ਟਿੱਪਣੀਆਂ ਕਾਰਨ ਆਪਣੀ ਕੌਮੀ ਤਰਜਮਾਨ ਨੂਪੁਰ ਸ਼ਰਮਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ |

Related Articles

LEAVE A REPLY

Please enter your comment!
Please enter your name here

Latest Articles