ਤਰੀਕ ‘ਤੇ ਤਰੀਕ

0
209

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਨਿਆਂ ਪਾਲਿਕਾ ਦਾ ਤਰੀਕ ‘ਤੇ ਤਰੀਕ ਪਾਉਣ ਵਾਲਾ ਅਕਸ ਬਦਲਣ ਦੀ ਲੋੜ ਹੈ | ਗੱਲ ਸਹੀ ਵੀ ਹੈ, ਕਿਉਂਕਿ ਕੁਝ ਕੇਸ ਉਦੋਂ ਤੋਂ ਚੱਲ ਰਹੇ ਹਨ, ਜਦੋਂ ਅਜੇ ਸੁਪਰੀਮ ਕੋਰਟ ਦੇ ਵਰਤਮਾਨ ਜੱਜ ਪੈਦਾ ਨਹੀਂ ਹੋਏ ਸਨ | ਇਸ ਵੇਲੇ ਸਭ ਤੋਂ ਸੀਨੀਅਰ ਜੱਜ ਦਿਨੇਸ਼ ਮਹੇਸ਼ਵਰੀ 15 ਮਈ 1958 ਨੂੰ ਪੈਦਾ ਹੋਏ ਸਨ | ਸਭ ਤੋਂ ਪੁਰਾਣਾ ਕੇਸ ਮਹਾਰਾਸ਼ਟਰ ਦੇ ਰਾਇਗੜ੍ਹ ਦਾ ਚੱਲ ਰਿਹਾ ਹੈ, ਜਿਹੜਾ ਪੁਲਸ ਨਸ਼ੀਲੇ ਪਦਾਰਥ ਰੱਖਣ ਦਾ 18 ਮਈ 1953 ਨੂੰ ਦਰਜ ਕੀਤਾ ਸੀ | ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ ‘ਤੇ ਤਿੰਨ ਸਾਲ ਜੇਲ੍ਹ ਤੇ 25 ਹਜ਼ਾਰ ਰੁਪਏ ਜੁਰਮਾਨੇ ਤੋਂ ਲੈ ਕੇ ਪੰਜ ਸਾਲ ਜੇਲ੍ਹ ਤੇ 50 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ | ਅਗਲੀ ਸੁਣਵਾਈ 9 ਫਰਵਰੀ 2023 ਹੈ ਤੇ ਇਹ ਪਤਾ ਨਹੀਂ ਕਿ ਮੁਲਜ਼ਮ ਜ਼ਿੰਦਾ ਵੀ ਹੈ ਕਿ ਨਹੀਂ | ਰਾਇਗੜ੍ਹ ਪੁਲਸ ਨੇ ਹੀ 25 ਮਈ 1956 ਨੂੰ ਮਾਲਕ ਦੀ ਸੰਪਤੀ ਚੁਰਾਉਣ ਦਾ ਕੇਸ ਦਰਜ ਕੀਤਾ ਸੀ ਤੇ ਇਹ ਅਜੇ ਫਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਕੋਰਟ ਵਿਚ ਚੱਲ ਰਿਹਾ ਹੈ | ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ‘ਚ ਪਰਵਾਰਕ ਜਾਇਦਾਦ ਦੀ ਵੰਡ ਦਾ ਕੇਸ ਦੀਵਾਨੀ ਅਦਾਲਤ ਵਿਚ 3 ਅਪ੍ਰੈਲ 1952 ਤੋਂ ਚੱਲ ਰਿਹਾ ਹੈ | 66 ਸਾਲ ਬਾਅਦ 2018 ਨੂੰ ਦੱਸਿਆ ਗਿਆ ਕਿ ਫਰਿਆਦੀ ਨੰਬਰ ਚਾਰ ਦੀ ਮੌਤ ਹੋ ਗਈ ਹੈ | ਇਸ ਦੇ ਬਾਅਦ ਜੱਜ ਨੇ ਉਸ ਦੀ ਪਤਨੀ ਤੇ ਤਿੰਨ ਬੱਚਿਆਂ ਨੂੰ ਪਾਰਟੀ ਬਣਾਉਣ ਦਾ ਆਦੇਸ਼ ਦਿੱਤਾ | ਕੇਸ ਪੈਂਡਿੰਗ ਹੈ | ਮਾਲਦਾ ਦੀ ਹੀ ਦੀਵਾਨੀ ਅਦਾਲਤ ਵਿਚ 18 ਜੁਲਾਈ 1952 ਨੂੰ ਪਾਰਵਤੀ ਰਾਇ ਨੇ ਬਿਪ੍ਰਚਰਨ ਸਰਕਾਰ ਖਿਲਾਫ ਕੇਸ ਕੀਤਾ ਸੀ | 2018 ਵਿਚ ਸੁਲ੍ਹਾ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਮਾਮਲਾ ਲਟਕਿਆ ਹੋਇਆ ਹੈ |
ਦੇਸ਼-ਭਰ ਦੀਆਂ ਹੇਠਲੀਆਂ ਅਦਾਲਤਾਂ ਵਿਚ ਚਾਰ ਕਰੋੜ 34 ਲੱਖ ਕੇਸ ਪੈਂਡਿੰਗ ਹਨ | 70 ਹਜ਼ਾਰ 587 ਫੌਜਦਾਰੀ ਕੇਸ ਤੇ 36 ਹਜ਼ਾਰ 223 ਦੀਵਾਨੀ ਕੇਸ 30 ਸਾਲ ਤੋਂ ਵੱਧ ਸਮੇਂ ਤੋਂ ਪੈਂਡਿੰਗ ਹਨ | ਕਰੀਬ ਸਾਢੇ ਤਿੰਨ ਕਰੋੜ ਕੇਸ ਪੰਜ ਜਾਂ ਉਸ ਤੋਂ ਵੱਧ ਸਮੇਂ ਤੋਂ ਪੈਂਡਿੰਗ ਹਨ | ਕਲਕੱਤਾ ਹਾਈ ਕੋਰਟ ਵਿਚ ਸਭ ਤੋਂ ਪੁਰਾਣਾ ਦੀਵਾਨੀ ਕੇਸ 1951 ਤੋਂ ਚੱਲ ਰਿਹਾ ਹੈ |

LEAVE A REPLY

Please enter your comment!
Please enter your name here