ਚੇਨਈ : ਤਾਮਿਲਨਾਡੂ ਵਿਚ ਸਰਕਾਰ ਤੇ ਰਾਜਪਾਲ ਆਰ ਐੱਨ ਰਵੀ ਵਿਚਾਲੇ ਟਕਰਾਅ ਹੋਰ ਵਧ ਗਿਆ ਹੈ | ਰਾਜਪਾਲ ਵੱਲੋਂ ਅਸੰਬਲੀ ‘ਚ ਰਾਜ ਦਾ ਨਾਂਅ ਤਮਿੜਗਮ ਕਰਨ ਦੀ ਗੱਲ ਕਹਿਣ ਤੋਂ ਬਾਅਦ ਡੀ ਐੱਮ ਕੇ ਵਰਕਰਾਂ ਨੇ ਮੰਗਲਵਾਰ ਚੇਨਈ ਵਿਚ ‘ਗੈੱਟ ਆਊਟ ਰਵੀ’ ਦੇ ਪੋਸਟਰ ਲਾ ਦਿੱਤੇ ਤੇ ਰਾਜਪਾਲ ਖਿਲਾਫ ਨਾਅਰੇਬਾਜ਼ੀ ਕੀਤੀ |
ਉਧਰ, ਰਾਜਪਾਲ ਵੱਲੋਂ ਪੋਂਗਲ ਦੇ ਦਿੱਤੇ ਸੱਦਾ ਪੱਤਰ ਨਾਲ ਵੀ ਵਿਵਾਦ ਵਧ ਗਿਆ ਹੈ | ਰਾਜਪਾਲ ਨੇ ਇਸ ‘ਚ ਖੁਦ ਨੂੰ ਤਮਿੜਗਮ ਦਾ ਰਾਜਪਾਲ ਲਿਖਿਆ ਹੈ | ਸੀ ਪੀ ਆਈ (ਐੱਮ) ਦੇ ਸਾਂਸਦ ਸੁਵੈਂਕਟੇਸ਼ਨ ਨੇ ਟਵਿੱਟਰ ‘ਤੇ ਸੱਦਾ ਪੱਤਰ ਦੀ ਫੋਟੋ ਪੋਸਟ ਕਰਕੇ ਵਿਰੋਧ ਜਤਾਇਆ ਹੈ | ਇਸੇ ਦੌਰਾਨ ਕੋਇੰਬਟੂਰ ਵਿਚ ਸਰਕਾਰ ਦੀ ਸਹਿਯੋਗੀ ਟੀ ਪੀ ਡੀ ਕੇ ਨੇ ਰਾਜਪਾਲ ਖਿਲਾਫ ਮੁਜ਼ਾਹਰਾ ਕੀਤਾ ਹੈ | ਡੀ ਐੱਮ ਕੇ ਸਾਂਸਦ ਟੀ ਆਰ ਬਾਲੂ ਨੇ ਕਿਹਾ ਹੈ ਕਿ ਰਾਜਪਾਲ ਭਾਜਪਾ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ | ਇਸੇ ਦੌਰਾਨ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਚੇਨਈ ਵਿਚ ਵਿਧਾਇਕਾਂ ਦੀ ਮੀਟਿੰਗ ਕਰਕੇ ਰਾਜਪਾਲ ਵਿਰੁੱਧ ਪੋਸਟਰਬਾਜ਼ੀ ਤੇ ਨਾਅਰੇਬਾਜ਼ੀ ਨਾ ਕਰਨ ਦੀ ਅਪੀਲ ਕੀਤੀ ਹੈ |



