ਨਵੀਂ ਦਿੱਲੀ : ਐੱਫ ਸੀ ਆਈ ‘ਚ ਭਿ੍ਸ਼ਟਾਚਾਰ ਦੇ ਸੰਬੰਧ ‘ਚ ਸੀ ਬੀ ਆਈ ਨੇ ਪੰਜਾਬ ਸਣੇ 50 ਥਾਵਾਂ ‘ਤੇ ਛਾਪੇ ਮਾਰੇ ਤੇ ਇੱਕ ਡੀ ਜੀ ਐੱਮ ਰੈਂਕ ਦੇ ਅਫਸਰ ਨੂੰ ਗਿ੍ਫਤਾਰ ਕਰ ਲਿਆ | ਉਸ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਦਿੱਲੀ ‘ਚ 50 ਥਾਵਾਂ ‘ਤੇ ਤਲਾਸ਼ੀ ਲਈ | ਸੀ ਬੀ ਆਈ ਅਧਿਕਾਰੀਆਂ ਮੁਤਾਬਕ ਟੈਕਨੀਕਲ ਅਸਿਸਟੈਂਟਾਂ ਤੋਂ ਲੈ ਕੇ ਐਗਜ਼ੈਕਟਿਵ ਡਾਇਰੈਕਟਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ | ਡੀ ਜੀ ਐੱਮ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਫੜਨ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ | ਅਧਿਕਾਰੀਆਂ ਨੇ ਦੱਸਿਆ ਕਿ ਅਫਸਰਾਂ, ਚੌਲ ਮਿੱਲ ਮਾਲਕਾਂ, ਅਨਾਜ ਵਪਾਰੀਆਂ ਦੇ ਅਫਸਰਾਂ ਨਾਲ ਨਾਪਾਕ ਗੱਠਜੋੜ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ | ਸੀ ਬੀ ਆਈ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਛਾਪੇਮਾਰੀ ਦੀ ਯੋਜਨਾ ਬਣਾ ਰਹੀ ਸੀ | ਸੂਬਾ ਸਰਕਾਰਾਂ ਦੇ ਮੁਲਾਜ਼ਮਾਂ ਦੇ ਰੋਲ ਦੀ ਵੀ ਘੋਖ ਕੀਤੀ ਜਾ ਰਹੀ ਹੈ |




