ਸ਼ਹੀਦ ਕੁਲਦੀਪ ਸਿੰਘ ਬਾਜਵਾ ਦੇ ਨਾਂਅ ‘ਤੇ ਸਟੇਡੀਅਮ ਬਣੇਗਾ : ਮਾਨ

0
229

ਸ਼ਾਹਪੁਰ, (ਗੁਰਦਾਸਪੁਰ) (ਮਨਦੀਪ ਸਿੰਘ ਵਿੱਕੀ)-ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਪੰਜਾਬ ਪੁਲਸ ਦੇ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਨਾਂਅ ਉਤੇ ਸਟੇਡੀਅਮ ਬਣਾਉਣ ਅਤੇ ਸੜਕ ਦਾ ਨਾਂਅ ਰੱਖਣ ਦਾ ਐਲਾਨ ਕੀਤਾ ਹੈ, ਜਿਸ ਨੇ ਸਮਾਜ ਵਿਰੋਧੀ ਅਨਸਰਾਂ ਦਾ ਮੁਕਾਬਲਾ ਕਰਦੇ ਹੋਏ ਆਪਣੀ ਮਾਤ-ਭੂਮੀ ਦੀ ਖਾਤਰ ਜੀਵਨ ਕੁਰਬਾਨ ਕਰ ਦਿੱਤਾ | ਮੁੱਖ ਮੰਤਰੀ ਸ਼ਹੀਦ ਦੇ ਜੱਦੀ ਘਰ ਗਏ ਅਤੇ ਦੇਸ਼ ਲਈ ਕੀਤੀ ਮਹਾਨ ਕੁਰਬਾਨੀ ਦੇ ਸਤਿਕਾਰ ਵਿਚ ਪੀੜਤ ਪਰਵਾਰ ਨੂੰ ਦੋ ਕਰੋੜ ਰੁਪਏ ਦੇ ਡਿਮਾਂਡ ਡਰਾਫਟ ਸੌਂਪੇ, ਜਿਨ੍ਹਾਂ ਵਿਚ ਇਕ ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਸੂਬਾ ਸਰਕਾਰ ਨੇ ਦਿੱਤੀ, ਜਦਕਿ ਇਕ ਕਰੋੜ ਦੀ ਰਾਸ਼ੀ ਐੱਚ ਡੀ ਐੱਫ ਸੀ ਬੈਂਕ ਦੀ ਜੀਵਨ ਬੀਮਾ ਵਜੋਂ ਦਿੱਤੀ ਗਈ | ਉਨ੍ਹਾ ਕਿਹਾ ਕਿ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਨੇ ਫਗਵਾੜਾ ਵਿਖੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ | ਮਾਨ ਨੇ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਰਾਖੀ ਲਈ ਸੱਚੇ ਸਪੂਤ ਦੇ ਮਹਾਨ ਯੋਗਦਾਨ ਦੇ ਸਤਿਕਾਰ ਵਿਚ ਸੂਬਾ ਸਰਕਾਰ ਨੇ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ |
ਮਾਤ ਭੂਮੀ ਦੀ ਰਾਖੀ ਲਈ ਜਾਨ ਨਿਛਾਵਰ ਕਰਨ ਵਾਲੇ ਬਹਾਦਰ ਸੈਨਿਕਾਂ ਦੇ ਪਰਵਾਰਾਂ ਦੀ ਮਦਦ ਲਈ ਸੂਬਾ ਸਰਕਾਰ ਦੀ ਦਿ੍ੜ੍ਹ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਨਿਮਾਣਾ ਜਿਹਾ ਉਪਰਾਲਾ ਹੈ | ਇਸ ਪਿੰਡ ਵਿਚ ਸ਼ਹੀਦ ਕੁਲਦੀਪ ਸਿੰਘ ਬਾਜਵਾ ਦੇ ਨਾਂਅ ਉਤੇ ਇਕ ਸਟੇਡੀਅਮ ਸਥਾਪਤ ਕੀਤਾ ਜਾਵੇਗਾ, ਜਿੱਥੇ ਅਤਿ-ਆਧੁਨਿਕ ਅਥਲੈਟਿਕ ਟਰੈਕ ਵੀ ਹੋਵੇਗਾ | ਉਹਨਾ ਉਮੀਦ ਜ਼ਾਹਰ ਕੀਤੀ ਕਿ ਇਲਾਕੇ ਦੇ ਨੌਜਵਾਨ ਪੰਜਾਬ ਪੁਲਸ ਅਤੇ ਹਥਿਆਰਬੰਦ ਸੈਨਾਵਾਂ ਵਿਚ ਭਰਤੀ ਹੋਣ ਲਈ ਇਸ ਸਟੇਡੀਅਮ ਵਿਚ ਤਿਆਰੀ ਕਰ ਸਕਣਗੇ | ਮੁੱਖ ਮੰਤਰੀ ਨੇ ਸ਼ਹੀਦ ਦੇ ਪਿੰਡ ਨੂੰ ਜਾਣ ਵਾਲੀ ਸੜਕ ਦਾ ਨਾਂਅ ਵੀ ਕੁਲਦੀਪ ਸਿੰਘ ਬਾਜਵਾ ਦੇ ਨਾਂਅ ‘ਤੇ ਰੱਖਣ ਦਾ ਐਲਾਨ ਕੀਤਾ | ਉਨ੍ਹਾ ਕਿਹਾ ਕਿ ਇਹ ਉਪਰਾਲਾ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਦੇ ਅਥਾਹ ਯੋਗਦਾਨ ਦੇ ਸਤਿਕਾਰ ਵਿਚ ਹੈ | ਸੂਬਾ ਸਰਕਾਰ ਵੱਲੋਂ ਸੈਨਿਕਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਦਿ੍ੜ੍ਹ ਵਚਨਬੱਧਤਾ ਦੇ ਮੁਤਾਬਕ ਸ਼ਹੀਦ ਕੁਲਦੀਪ ਸਿੰਘ ਦੇ ਪਰਵਾਰ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ | ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਸੂਬੇ ਦਾ ਇਹ ਉਪਰਾਲਾ ਜਿੱਥੇ ਪੀੜਤ ਪਰਵਾਰ ਨੂੰ ਮਦਦ ਮੁਹੱਈਆ ਕਰਵਾਏਗਾ, ਉਥੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ | ਉਹਨਾ ਸਰਹੱਦੀ ਇਲਾਕਿਆਂ ਦੇ ਵਸਨੀਕਾਂ ਨੂੰ ਸੱਚੇ ਦੇਸ਼ ਭਗਤ ਦੱਸਿਆ, ਜਿਨ੍ਹਾਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਤਰ ਨੇ ਹਥਿਆਰਬੰਦ ਸੈਨਾਵਾਂ ਵਿਚ ਬਹੁਤ ਸਾਰੇ ਸੈਨਿਕ ਅਤੇ ਜਰਨੈਲ ਪੈਦਾ ਕੀਤੇ ਹਨ, ਜਿਨ੍ਹਾਂ ਦੇਸ਼ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ |
ਇਸ ਮੌਕੇ ਸ਼ਹੀਦ ਕੁਲਦੀਪ ਸਿੰਘ ਬਾਜਵਾ ਦੇ ਮਾਤਾ ਹਰਜੀਤ ਕੌਰ, ਦਾਦਾ ਹਰਭਜਨ ਸਿੰਘ, ਛੋਟੀ ਭੈਣ ਗੁਰਪ੍ਰੀਤ ਕੌਰ, ਹੋਰ ਪਰਵਾਰਕ ਮੈਂਬਰ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ, ਏ ਡੀ ਜੀ ਪੀ ਈਸ਼ਵਰ ਸਿੰਘ, ਏ ਡੀ ਜੀ ਪੀ ਸੀ ਐੱਮ. ਸਕਿਉਰਿਟੀ ਸ੍ਰੀ ਪਾਂਡੇ, ਗੁਰਸ਼ਰਨ ਸਿੰਘ ਸੰਧੂ ਆਈ ਜੀ ਜਲੰਧਰ ਜ਼ੋਨ, ਮੁਨੀਸ਼ ਚਾਵਲਾ ਆਈ ਜੀ ਬਾਰਡਰ ਰੇਂਜ, ਐੱਸ ਐੱਸ ਪੀ ਕਪੂਰਥਲਾ ਨਵਨੀਤ ਬੈਂਸ, ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ, ਐੱਸ ਐੱਸ ਪੀ ਗੁਰਦਾਸਪੁਰ ਦੀਪਕ ਹਿਲੋਰੀ, ਐੱਸ ਪੀ ਪਿ੍ਥੀਪਾਲ ਸਿੰਘ, ਏ ਡੀ ਸੀ (ਜ) ਡਾ. ਨਿਧੀ ਕੁਮੁਦ ਬਾਮਬਾ, ਏ ਡੀ ਸੀ (ਡੀ) ਮਨਮੋਹਨ ਸਿੰਘ, ਐੱਸ ਡੀ ਐੱਮ ਅਮਨਦੀਪ ਕੌਰ, ਜਨਤਕ ਆਗੂ ਗੁਰਦੀਪ ਸਿੰਘ ਰੰਧਾਵਾ, ਜਗਰੂਪ ਸਿੰਘ ਸੇਖਵਾਂ, ਚੇਅਰਮੈਨ ਪਨਸਪ ਬਲਬੀਰ ਸਿੰਘ ਪੰਨੂ, ਸ਼ਮਸ਼ੇਰ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਹੋਰ ਵੀ ਪ੍ਰਮੁੱਖ ਹਸਤੀਆਂ ਹਾਜ਼ਰ ਸਨ |

LEAVE A REPLY

Please enter your comment!
Please enter your name here