ਮੋਹਾਲੀ (ਗੁਰਜੀਤ ਬਿੱਲਾ)
ਮੁਹਾਲੀ ਵਿੱਚ ਹਰ ਹਾਲਤ ਵਿੱਚ ਪ੍ਰੈੱਸ ਕਲੱਬ ਬਣਾਇਆ ਜਾਵੇਗਾ, ਇਸ ਵਾਸਤੇ ਗਮਾਡਾ ਤੇ ਪੰਜਾਬ ਸਰਕਾਰ ਨਾਲ ਜਲਦੀ ਹੀ ਰਾਬਤਾ ਕਾਇਮ ਕਰਕੇ ਮੋਹਾਲੀ ਜ਼ਿਲ੍ਹੇ ਦੇ ਪੱਤਰਕਾਰਾਂ ਦੀ ਲੰਮੇ ਸਮੇਂ ਦੀ ਮੰਗ ਪੂਰੀ ਕੀਤੀ ਜਾਵੇਗੀ | ਇਹ ਵਿਚਾਰ ਬੁੱਧਵਾਰ ਮੁਹਾਲੀ ਪ੍ਰੈੱਸ ਕਲੱਬ ਵੱਲੋਂ ‘ਧੀਆਂ ਦੀ ਲੋਹੜੀ’ ਦੇ 16ਵੇਂ ਮੇਲੇ ‘ਚ ਬੋਲਦਿਆਂ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁਹਾਲੀ ਕੌਮਾਂਤਰੀ ਨਕਸ਼ੇ ‘ਤੇ ਹੈ ਅਤੇ ਪੰਜਾਬ ਸਰਕਾਰ ਦੀ ਪਹਿਲ ਵਾਲਾ ਸ਼ਹਿਰ ਹੈ, ਇੱਥੇ ਪ੍ਰੈੱਸ ਕਲੱਬ ਦਾ ਹੋਣਾ ਅਤਿ ਜ਼ਰੂਰੀ ਹੈ | ਉਨ੍ਹਾ ਮੌਕੇ ‘ਤੇ ਹਾਜ਼ਰ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੂੰ ਵੀ ਕਿਹਾ ਕਿ ਉਹ ਪ੍ਰੈੱਸ ਕਲੱਬ ਨਾਲ ਸੰਬੰਧਤ ਕਾਰਵਾਈ ਨੂੰ ਖੁਦ ਦੇਖ ਕੇ ਪੂਰੀ ਕਰਵਾਉਣ | ਉਨ੍ਹਾ ਕਿਹਾ ਕਿ ਧੀਆਂ ਹਮੇਸ਼ਾ ਪਰਵਾਰ, ਸਮਾਜ ਤੇ ਦੇਸ਼ ਦੀ ਤਰੱਕੀ ਦਾ ਬੁਨਿਆਦੀ ਪਾਏਦਾਨ ਹਨ ਅਤੇ ਇੱਕ ਧੀ, ਮਾਂ, ਭੈਣ, ਪਤਨੀ ਤੇ ਕਈ ਹੋਰ ਰੂਪਾਂ ‘ਚ ਆਪਣੇ ਬੱਚਿਆਂ, ਭਰਾਵਾਂ ਨੂੰ ਚੰਗੀ ਸੇਧ ਦਿੰਦੀ ਹੈ | ਮੁਹਾਲੀ ਪ੍ਰੈੱਸ ਕਲੱਬ ਵੱਲੋਂ ‘ਧੀਆਂ ਦੀ ਲੋਹੜੀ’ ਮਨਾਉਣਾ ਪ੍ਰਸੰਸਾਯੋਗ ਕੰਮ ਹੈ ਅਤੇ ਅਜਿਹਾ ਸਭ ਨੂੰ ਕਰਨਾ ਚਾਹੀਦਾ ਹੈ | ਉਨ੍ਹਾ ਇਸ ਮੌਕੇ ਮੁਹਾਲੀ ਪ੍ਰੈੱਸ ਕਲੱਬ ਲਈ 3 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ | ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ‘ਧੀਆਂ ਦੀ ਲੋਹੜੀ’ ਦੇ ਮੌਕੇ ‘ਤੇ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿੱੱਤੀ ਅਤੇ ਕਿਹਾ ਕਿ ਮੁਹਾਲੀ ‘ਚ ਪ੍ਰੈੱਸ ਕਲੱਬ ਦਾ ਹੋਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਲੋਹੜੀ ਬਾਲਣ ਦੀ ਰਸਮ ਜਗਜੀਤ ਕੌਰ ਕਾਹਲੋਂ ਤੇ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ | ਇਸ ਤੋਂ ਪਹਿਲਾਂ ਮੋਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਮੁਹਾਲੀ ਪ੍ਰੈੱਸ ਕਲੱਬ ਦੀ ਸਥਾਪਨਾ 1999 ਵਿੱਚ ਹੋਈ ਸੀ ਅਤੇ ਇਹ ਕਲੱਬ ਪਿਛਲੇ ਲੰਬੇ ਸਮੇਂ ਤੋਂ ਕਿਰਾਏ ਦੀ ਬਿਲਡਿੰਗ ਵਿੱਚ ਚਲਦਾ ਆ ਰਿਹਾ ਹੈ |




